DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਮੈਨੂੰ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ ਵਿਚ ਕੋਈ ਦਿਲਚਸਪੀ ਨਹੀਂ: ਡੱਗ ਫੋਰਡ
Date : 2018-11-21 AM 11:26:48 | views (47)

 ਓਨਟਾਰੀਓ,ਪ੍ਰੀਮੀਅਰ ਡੱਗ ਫੋਰਡ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ ਵਿੱਚ ਦਿਲਚਸਪੀ ਨਹੀਂ ਰੱਖਦੇ ਹਨ। ਉਨ੍ਹਾਂ ਆਖਿਆ ਕਿ ਕੁਈਨਜ਼ ਪਾਰਕ ਛੱਡ ਕੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ ਹੋਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਮੰਗਲਵਾਰ ਨੂੰ ਆਪਣੇ 54ਵੇਂ ਜਨਮਦਿਨ ਮੌਕੇ ਫੋਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਪ੍ਰੋਵਿੰਸ ਦਾ ਕੰਮਕਾਜ ਲੀਹ ਉੱਤੇ ਲਿਆਉਣਾ ਚਾਹੁੰਦੇ ਹਨ। 14.5 ਬਿਲੀਅਨ ਡਾਲਰ ਦੇ ਘਾਟੇ ਦੀ ਗੱਲ ਕਰਦਿਆਂ ਫੋਰਡ ਨੇ ਆਖਿਆ ਕਿ ਉਨ੍ਹਾਂ ਕੋਲ ਵਧੀਆ ਟੀਮ ਹੈ। ਉਨ੍ਹਾਂ ਦਾ ਧਿਆਨ ਸਿਰਫ ਆਪਣੀ ਪ੍ਰੋਵਿੰਸ ਉੱਤੇ ਹੈ ਤੇ ਹੋਰ ਕਿਸੇ ਚੀਜ਼ ਵੱਲ ਨਹੀਂ ਹੈ। ਨਾ ਹੀ ਉਹ ਫੈਡਰਲ ਪੱਧਰ ਉੱਤੇ ਕੋਈ ਮਾਅਰਕਾ ਮਾਰਨ ਦੀ ਕੋਸਿ਼ਸ਼ ਕਰ ਰਹੇ ਹਨ। ਫੋਰਡ ਨੇ ਆਖਿਆ ਕਿ ਸੱਭ ਤੋਂ ਪਹਿਲਾਂ ਉਹ ਵਿੱਤੀ ਗੜਬੜੀ ਨੂੰ ਠੀਕ ਕਰਨੀ ਚਾਹੁੰਦੇ ਹਨ ਜਿਹੜੇ ਉਨ੍ਹਾਂ ਨੂੰ ਪਿਛਲੀ ਸਰਕਾਰ ਵੱਲੋਂ ਵਿਰਸੇ ਵਿੱਚ ਮਿਲੀ ਹੈ। ਉਨ੍ਹਾਂ ਆਖਿਆ ਕਿ ਆਪਣੀ ਕਮਾਲ ਦੀ ਟੀਮ ਸਦਕਾ ਉਹ ਦਿਨ ਰਾਤ ਇੱਕ ਕਰਕੇ ਬਜਟ ਸੰਤੁਲਿਤ ਕਰਕੇ ਹੀ ਸਾਹ ਲੈਣਗੇ। ਇਹ ਵੀ ਕਨਸੋਆਂ ਹਨ ਕਿ ਅਗਲੇ ਸਾਲ ਜੇ ਟੋਰੀ ਆਗੂ ਐਂਡਰਿਊ ਸ਼ੀਅਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਮੁੜ ਚੁਣੇ ਜਾਣ ਤੋਂ ਰੋਕਣ ਵਿੱਚ ਨਾਕਾਮਯਾਬ ਹੋਏ ਤਾਂ ਫੋਰਡ ਨੂੰ ਮੈਦਾਨ ਵਿੱਚ ਉਤਾਰਨ ਦੀ ਕੋਸਿ਼ਸ਼ ਕੀਤੀ ਜਾ ਸਕਦੀ ਹੈ। ਜਿ਼ਕਰਯੋਗ ਹੈ ਕਿ ਗੁਪਤ ਢੰਗ ਨਾਲ ਫੋਰਡ ਦੇ ਸਮਰਥਕ ਤੇ ਸਾਥੀ ਉਨ੍ਹਾਂ ਨੂੰ ਫੈਡਰਲ ਕੰਜ਼ਰਵੇਟਿਵ ਲੀਡਰਸਿ਼ਪ ਲਈ ਕਿਸਮਤ ਅਜ਼ਮਾਉਣ ਲਈ ਵੀ ਹੱਲਾਸ਼ੇਰੀ ਦੇ ਰਹੇ ਹਨ। ਪਰ ਪ੍ਰੀਮੀਅਰ ਨੇ ਆਖਿਆ ਕਿ ਜਿੰਨਾ ਚਿਰ ਪ੍ਰਧਾਨ ਮੰਤਰੀ ਟਰੂਡੋ ਸਾਡੇ ਨਾਲ ਕੰਮ ਕਰਨਾ ਚਾਹੁਣਗੇ ਅਸੀਂ ਦਿਲ ਖੋਲ੍ਹ ਕੇ ਉਨ੍ਹਾਂ ਦਾ ਸਵਾਗਤ ਕਰਾਂਗੇ। ਫੋਰਡ ਨੂੰ ਪ੍ਰੀਮੀਅਰ ਬਣਿਆਂ ਪੰਜ ਮਹੀਨੇ ਦਾ ਸਮਾਂ ਹੋ ਗਿਆ ਹੈ। ਇਸ ਦੌਰਾਨ ਉਨ੍ਹਾਂ ਕੌਮੀ ਮਾਮਲਿਆਂ ਵਿੱਚ ਵੀ ਕਾਫੀ ਦਿਲਚਸਪੀ ਵਿਖਾਈ ਹੈ। ਪਿਛਲੇ ਵੀਕੈਂਡ ਉਨ੍ਹਾਂ ਟੋਰਾਂਟੋ ਵਿੱਚ ਰੱਖੇ ਗਏ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਪ੍ਰੋਵਿੰਸ਼ੀਅਲ ਇਜਲਾਸ ਲਈ ਅਹਿਮ ਬੁਲਾਰੇ ਵਜੋਂ ਸ਼ੀਅਰ ਨੂੰ ਸੱਦਿਆ ਸੀ। ਪਰ ਐਨਡੀਪੀ ਆਗੂ ਐਂਡਰੀਆ ਹੌਰਵਥ ਦਾ ਕਹਿਣਾ ਹੈ ਕਿ ਫੋਰਡ ਨੂੰ ਫੈਡਰਲ ਸਿਆਸਤ ਵਿੱਚ ਲੱਤ ਅੜਾਉਣੀ ਛੱਡ ਕੇ ਓਨਟਾਰੀਓ ਦੇ ਪਰਿਵਾਰਾਂ ਨੂੰ ਦਰਪੇਸ਼ ਔਕੜਾਂ ਹੱਲ ਕਰਨੀਆਂ ਚਾਹੀਦੀਆਂ ਹਨ ਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।


Tags :


Des punjab
Shane e punjab
Des punjab