DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਸਾਬਕਾ ਟੋਰੀ ਮੈਕਸਿਮ ਬਰਨੀਅਰ ਦੀ ਵੱਧ ਰਹੀ ਹਰਮਨਪਿਆਰਤਾ ਹੀ ਚਿੰਤਾ ਦਾ ਵਿਸ਼ਾ ਨਹੀਂ
Date : 2018-11-19 PM 12:56:52 | views (18)

 ਓਟਵਾ, ਦੋ ਹਫਤਿਆਂ ਤੱਕ ਚੱਲੀ ਸਿਆਸੀ ਉਥਲ ਪੁਥਲ ਤੋਂ ਬਾਅਦ ਫੈਡਰਲ ਕੰਜ਼ਰਵੇਟਿਵ ਹਾਊਸ ਆਫ ਕਾਮਨਜ਼ ਪਰਤ ਆਏ ਹਨ। ਪਰ ਐਂਡਰਿਊ ਸ਼ੀਅਰ ਤੇ ਉਨ੍ਹਾਂ ਦੀ ਪਾਰਟੀ ਲਈ ਟੋਨੀ ਕਲੇਮੈਂਟ ਦੀਆਂ ਆਨਲਾਈਨ ਗਤੀਵਿਧੀਆਂ, ਪ੍ਰੋਵਿੰਸ਼ੀਅਲ ਟੋਰੀ ਸਿਆਸਤਦਾਨਾਂ ਖਿਲਾਫ ਲੱਗ ਰਹੇ ਦੋਸ਼ਾਂ ਕਾਰਨ ਹੋਣ ਵਾਲੀ ਸ਼ਰਮਿੰਦਗੀ ਜਾਂ ਸਾਬਕਾ ਟੋਰੀ ਮੈਕਸਿਮ ਬਰਨੀਅਰ ਦੀ ਵੱਧ ਰਹੀ ਹਰਮਨਪਿਆਰਤਾ ਹੀ ਚਿੰਤਾ ਦਾ ਵਿਸ਼ਾ ਨਹੀਂ ਹੈ। ਉਨ੍ਹਾਂ ਲਈ ਐਨਡੀਪੀ ਦੀ ਡਿੱਗ ਰਹੀ ਸਾਖ ਵੀ ਉਨ੍ਹਾਂ ਲਈ ਚਿੰਤਾ ਦਾ ਵੱਡਾ ਮੁੱਦਾ ਹੈ। ਮਾਂਟਰੀਅਲ ਦੀ ਫਰਮ ਹੈਤਲੇ ਸਟਰੈਟੇਜੀ ਐਡਵਾਈਜ਼ਰਜ਼ ਨਾਲ ਜੁੜੇ ਕੰਜ਼ਰਵੇਟਿਵ ਰਣਨੀਤੀਕਾਰ ਅਲੈਗਜ਼ੈਂਡਰ ਮੈਤੇਰਿਸੀਅਨ ਦਾ ਕਹਿਣਾ ਹੈ ਕਿ ਪਾਰਟੀ ਲਈ ਚਿੰਤਾ ਵਾਲੀ ਗੱਲ ਐਨਡੀਪੀ ਦਾ ਧਰਾਸ਼ਾਈ ਹੋਣਾ ਹੈ। ਉਨ੍ਹਾਂ ਆਖਿਆ ਕਿ 14 ਨਵੰਬਰ ਨੂੰ ਮੇਨਸਟਰੀਟ ਰਿਸਰਚ ਪੋਲ ਸਬੰਧੀ ਛਪੀ ਰਿਪੋਰਟ ਵਿੱਚ ਆਖਿਆ ਗਿਆ ਸੀ ਕਿ ਲਿਬਰਲਾਂ ਨੂੰ ਸੌਖਿਆਂ ਹੀ ਲੀਡ ਮਿਲ ਸਕਦੀ ਹੈ ਤੇ ਐਨਡੀਪੀ 10 ਫੀ ਸਦੀ ਉੱਤੇ ਪਛੜ ਕੇ ਚੱਲ ਰਹੀ ਹੈ। ਹਾਲ ਇਹ ਹੈ ਕਿ ਇਹ ਗ੍ਰੀਨ ਪਾਰਟੀ ਤੋਂ ਮਸ੍ਹਾਂ ਹੀ ਅੱਗੇ ਚੱਲ ਰਹੀ ਹੈ। ਇਹ ਐਨਡੀਪੀ ਲਈ ਯਕੀਨਨ ਮਾੜਾ ਸਰਵੇਖਣ ਰਿਹਾ। ਪਰ ਮੈਤੇਰਿਸੀਅਨ ਦਾ ਮੰਨਣਾ ਇਹ ਹੈ ਕਿ ਇਹ ਪਾਰਟੀ ਤੇ ਪਾਰਟੀ ਆਗੂ ਜਗਮੀਤ ਸਿੰਘ ਲਈ ਮਾੜਾ ਰੁਝਾਨ ਹੈ। ਇਸ ਵੇਲੇ ਜਗਮੀਤ ਸਿੰਘ ਆਪਣੇ ਹੀ ਕਾਕਸ ਦੀ ਅਸੰਤੁਸ਼ਟੀ ਤੇ ਕਮਿਊਨਿਕੇਸ਼ਨ ਸਬੰਧੀ ਦਿੱਕਤਾਂ ਨਾਲ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਨਾਲ ਜੂਝ ਰਹੇ ਹਨ। ਮੈਤੇਰਿਸੀਅਨ ਨੇ ਆਖਿਆ ਕਿ ਕੰਜ਼ਰਵੇਟਿਵਾਂ ਨੂੰ ਇਹ ਪਤਾ ਲਾਉਣਾ ਹੋਵੇਗਾ ਕਿ ਕਿਊਬਿਕ ਤੇ ਉੱਤਰੀ ਓਨਟਾਰੀਓ ਵਿਚਲੇ ਐਨਡੀਪੀ ਵੋਟਰਾਂ ਨੂੰ ਆਖਿਰਕਾਰ ਆਪਣੇ ਵੱਲ ਕਿਸ ਤਰ੍ਹਾਂ ਆਕਰਸਿ਼ਤ ਕੀਤਾ ਜਾਵੇ, ਨਹੀਂ ਤਾਂ ਇਹ ਸਾਰੀਆਂ ਵੋਟਾਂ ਲਿਬਰਲਾਂ ਨੂੰ ਚਲੀਆਂ ਜਾਣਗੀਆਂ। ਇਸ ਦੌਰਾਨ ਸ਼ੀਅਰ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਰਿਮੈਂਬਰੈਂਸ ਡੇਅ ਦੀਆਂ ਛੁੱਟੀਆਂ ਤੋਂ ਬਾਅਦ ਹਾਊਸ ਆਫ ਕਾਮਨਜ਼ ਜਾਣ ਉਪਰੰਤ ਉਹ ਇੱਕਜੁੱਟ ਰਹਿਣਗੇ ਤੇ ਪਿਛਲੇ ਹਫਤਿਆਂ ਜਾਂ ਮਹੀਨਿਆਂ ਦੀਆਂ ਔਕੜਾਂ ਨੂੰ ਭੁੱਲ ਜਾਣਗੇ।


Tags :


Des punjab
Shane e punjab
Des punjab