DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਟੋਰਾਂਟੋ ਬਣਿਆ 'ਹਿੰਸਕ ਵਾਰਦਾਤਾਂ' ਦਾ ਅੱਡਾ, ਹੋਇਆ 90ਵਾਂ ਕਤਲ
Date : 2018-11-19 PM 12:50:13 | views (19)

 ਟੋਰਾਂਟੋ,  ਕੈਨੇਡਾ 'ਚ ਹਿੰਸਕ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ।  ਕੈਨੇਡੀਅਨ ਸਥਾਨਕ ਸਮੇਂ ਮੁਤਾਬਕ ਐਤਵਾਰ ਦੁਪਹਿਰ ਨੂੰ ਲਾਅਰੈਂਸ ਅਵੈਨਿਊ ਤੇ ਕਿੰਗਸਟਨ ਰੋਡ ਨੇੜੇ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ।ਇਸ ਇਲਾਕੇ ਵਿੱਚ ਗੋਲੀ ਚੱਲਣ ਦੀ ਖਬਰ ਮਿਲਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨਾਲ ਸਬੰਧਤ ਅਧਿਕਾਰੀ ਦੁਪਹਿਰ ਸਮੇਂ 1:30 ਵਜੇ ਘਟਨਾ ਵਾਲੇ ਸਥਾਨ 'ਤੇ ਪੁੱਜੇ। ਉਨ੍ਹਾਂ ਨੂੰ ਇੱਥੇ ਇਕ ਇਮਾਰਤ 'ਚੋਂ ਗੋਲੀਆਂ ਦੇ ਖੋਲ ਮਿਲੇ। ਤੁਹਾਨੂੰ ਦੱਸ ਦਈਏ ਕਿ ਸਾਲ 2018 ਵਿੱਚ ਇਹ ਟੋਰਾਂਟੋ ਵਿੱਚ ਹੋਇਆ 90ਵਾਂ ਕਤਲ ਹੈ। ਇਸ ਸਾਲ 'ਚ 1991 ਦਾ ਰਿਕਾਰਡ ਟੁੱਟ ਗਿਆ ਹੈ। ਸਾਲ 1991 'ਚ 89 ਲੋਕਾਂ ਦਾ ਕਤਲ ਹੋਇਆ ਸੀ ਪਰ ਇਸ ਸਾਲ 90 ਕਤਲ ਹੋਏ ਹਨ। ਅਜੇ ਸਾਲ ਖਤਮ ਹੋਣ 'ਚ ਲਗਭਗ ਡੇਢ ਮਹੀਨਾ ਰਹਿੰਦਾ ਹੈ। ਪੈਰਾਮੈਡਿਕਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਵਿਅਕਤੀ ਜ਼ਖ਼ਮੀ ਹਾਲਤ 'ਚ ਮਿਲਿਆ ਜਿਸ ਦੀ ਥੋੜ੍ਹੀ ਦੇਰ ਬਾਅਦ ਹੀ ਮੌਤ ਹੋ ਗਈ। ਕਾਫੀ ਸਮੇਂ ਤਕ ਟੋਰਾਂਟੋ ਪੁਲਸ ਸਰਵਿਸ ਐਮਰਜੈਂਸੀ ਟਾਸਕ ਫੋਰਸ ਦੇ ਮੈਂਬਰਾਂ ਨੇ ਇਸ 13 ਮੰਜ਼ਲਾ ਇਮਾਰਤ 'ਚ ਜਾਂਚ ਕੀਤੀ। ਦੇਖਣ ਵਾਲਿਆਂ ਨੇ ਦੱਸਿਆ ਕਿ ਪੁਲਸ ਕਰਮਚਾਰੀਆਂ ਨੇ ਕਾਫੀ ਜਾਂਚ ਮਗਰੋਂ ਇਕ ਸ਼ੱਕੀ ਨੂੰ ਫੜਿਆ। ਉਹ ਹੱਥਕੜੀ ਲਗਾ ਕੇ ਇੱਕ ਵਿਅਕਤੀ ਨੂੰ ਆਪਣੇ ਨਾਲ ਲੈ ਗਏ। ਉਸ ਨੇ ਕਾਲੇ ਰੰਗ ਦੀ ਪੈਂਟ ਤੇ ਕਾਲੀ ਟੀ-ਸ਼ਰਟ ਪਾਈ ਹੋਈ ਸੀ। ਦੇਖਣ ਵਾਲਿਆਂ ਨੇ ਦੱਸਿਆ ਕਿ ਉਸ ਦੀ ਉਮਰ 20 ਤੋਂ 30 ਸਾਲਾਂ ਵਿਚਕਾਰ ਸੀ। ਇੱਥੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇੱਥੇ ਹਿੰਸਾ ਹੋ ਚੁੱਕੀ ਹੈ ਤੇ ਕੁੱਝ ਮਹੀਨੇ ਪਹਿਲਾਂ ਕਿਸੇ ਉੱਤੇ ਚਾਕੂ ਨਾਲ ਵੀ ਹਮਲਾ ਕੀਤਾ ਗਿਆ ਸੀ।ਫਿਲਹਾਲ ਪੁਲਸ ਨੇ ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੂਰੀ ਜਾਂਚ ਮਗਰੋਂ ਹੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।


Tags :


Des punjab
Shane e punjab
Des punjab