DES PANJAB Des punjab E-paper
Editor-in-chief :Braham P.S Luddu, ph. 403-293-9393
ਵੂਲਵਰਹੈਂਪਟਨ ਦੇ ਪੰਜਾਬੀਆਂ ਦੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ
Date : 2018-11-19 PM 12:42:35 | views (23)

 ਇੰਗਲੈਂਡ ਦੇ ਸ਼ਹਿਰ ਵੂਲਵਰਹੈਂਪਟਨ 'ਚ ਪ੍ਰਵਾਸੀ ਪੰਜਾਬੀ ਪਰਿਵਾਰ 'ਚ ਪੈਦਾ ਹੋਏ ਆਨੰਦ ਛਾਬੜਾ (45) ਅੱਜ-ਕੱਲ੍ਹ ਇੱਕ ਵਿਲੱਖਣ ਕਿਸਮ ਦੇ ਪ੍ਰੋਜੈਕਟ 'ਚ ਲੱਗੇ ਹੋਏ ਹਨ। ਉਹ ਇਸ ਵੇਲੇ ਵੂਲਵਰਹੈਂਪਟਨ 'ਚ ਪੰਜਾਬ ਤੋਂ ਆ ਕੇ ਵੱਸੇ ‘ਪੰਜਾਬੀਆਂ ਦੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ' ਤਿਆਰ ਕਰਨ 'ਚ ਲੱਗੇ ਹੋਏ ਹਨ। ਹੁਣ ਤੱਕ ਉਹ ਵੱਖੋ-ਵੱਖਰੇ ਪਰਿਵਾਰਾਂ ਤੋਂ 2,000 ਤਸਵੀਰਾਂ ਇਕੱਠੀਆਂ ਕਰ ਚੁੱਕੇ ਹਨ।ਆਨੰਦ ਛਾਬੜਾ ਖ਼ੁਦ ਇੱਕ ਫ਼ੋਟੋਗ੍ਰਾਫ਼ਰ ਹਨ। ਇਸ ਵੇਲੇ ਉਹ ਹੁਣ ਤੱਕ ਇਕੱਠੀਆਂ ਕੀਤੀਆਂ ਤਸਵੀਰਾਂ ਦੀ ਇੱਕ ਆਡੀਓ-ਵਿਜ਼ੁਅਲ ਪੇਸ਼ਕਾਰੀ ਲਈ ਚੰਡੀਗੜ੍ਹ ਪੁੱਜੇ ਹੋਏ ਹਨ। ਉਨ੍ਹਾਂ ਦੀਆਂ ਤਸਵੀਰਾਂ ਪ੍ਰਵਾਸੀ ਪੰਜਾਬੀਆਂ ਦੀ ਕਹਾਣੀ ਖ਼ੁਦ-ਬ-ਖ਼ੁਦ ਬਿਆਨਦੀਆਂ ਜਾਪਦੀਆਂ ਹਨ। ਉਨ੍ਹਾਂ ਦਾ ਇਹ ਪ੍ਰੋਗਰਾਮ ਬੁੱਧਵਾਰ ਨੂੰ ਪੰਜਾਬ ਲਲਿਤ ਕਲਾ ਅਕੈਡਮੀ 'ਚ ਹੋਣਾ ਤੈਅ ਹੈ।ਉਸ ਪੇਸ਼ਕਾਰੀ ਦਾ ਸਿਰਲੇਖ ਹੈ - ‘ਵੂਲਵਰਹੈਂਪਟਨ 'ਚ ਪੰਜਾਬੀਆਂ ਦਾ ਪ੍ਰਵਾਸ: ਤਸਵੀਰਾਂ ਦੀ ਜ਼ੁਬਾਨੀ 1969-1989' (ਪੰਜਾਬੀ ਮਾਈਗ੍ਰੇਸ਼ਨ ਟੂ ਵੂਲਵਰਹੈਂਪਟਨ: ਏ ਫ਼ੋਟੋਗ੍ਰਾਫਿ਼ਕ ਜਰਨੀ 1960-1989)। ਸ੍ਰੀ ਆਨੰਦ ਛਾਬੜਾ ‘ਬਲੈਕ ਕੰਟਰੀ ਵਿਜ਼ੁਅਲ ਆਰਟਸ' ਦੇ ਬਾਨੀ ਚੇਅਰਮੈਨ ਹਨ। ਇਹ ਜੱਥੇਬੰਦੀ ਉਨ੍ਹਾਂ 2014 'ਚ ਸਥਾਪਤ ਕੀਤੀ ਸੀ। ਇਸ ਰਾਹੀਂ ਉਹ ਉਨ੍ਹਾਂ ਪ੍ਰਵਾਸੀਆਂ ਨੂੰ ਜੋੜ ਰਹੇ ਹਨ, ਜਿਹੜੇ ਕਲਾਵਾਂ ਨਾਲ ਨਹੀਂ ਜੁੜੇ ਹੋਏ। ਇਸ ਵਿਸ਼ੇਸ਼ ਪ੍ਰੋਜੈਕਟ ਦਾ ਸਿਰਲੇਖ ਹੈ ‘ਆਪਣਾ ਹੈਰਿਟੇਜ ਆਰਕਾਈਵਜ਼'। ਸ੍ਰੀ ਛਾਬੜਾ ਨੇ ਦੱਸਿਆ ਕਿ ਇੰਗਲੈਂਡ ਦੀ ਰਾਜਧਾਨੀ ਲੰਦਨ ਤੋਂ ਬਾਅਦ ਵੂਲਵਰਹੈਂਪਟਨ ਹੀ ਅਜਿਹਾ ਦੂਜਾ ਸ਼ਹਿਰ ਹੈ, ਜਿੱਥੇ ਪੰਜਾਬੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਉਸ ਸ਼ਹਿਰ 'ਚ 40,000 ਤੋਂ ਵੱਧ ਪੰਜਾਬੀ ਰਹਿ ਰਹੇ ਹਨ। ‘ਇਸੇ ਲਈ ਮੈਂ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਕਹਾਣੀ ਦਾ ਰਿਕਾਰਡ ਰੱਖਣਾ ਬੇਹੱਦ ਅਹਿਮ ਹੈ। ਪੁਰਾਣੀਆਂ ਤੇ ਮਹੱਤਵਪੂਰਨ ਤਸਵੀਰਾਂ ਦੇ ਰਿਕਾਰਡ ਦਾ ਹਰੇਕ ਫ਼ਰੇਮ ਬਹੁਤ ਸਾਰੀਆਂ ਕਹਾਣੀਆਂ ਬਿਆਨ ਕਰਦਾ ਹੈ।' ਇਹ ਪ੍ਰੋਜੈਕਟ ਜਨਵਰੀ 2016 ਤੋਂ ਲੈ ਕੇ ਜਨਵਰੀ 2018 ਤੱਕ ਚੱਲਿਆ ਸੀ ਤੇ ਫਿਰ ਇਸੇ ਵਰ੍ਹੇ ਮਾਰਚ ਮਹੀਨੇ ਵੂਲਵਰਹੈਂਪਟਨ 'ਚ ਇਨ੍ਹਾਂ ਸਾਰੀਆਂ ਤਸਵੀਰਾਂ ਦੀ ਇੱਕ ਪ੍ਰਦਰਸ਼ਨੀ ਲਾਈ ਗਈ ਸੀ। ਸ੍ਰੀ ਆਨੰਦ ਛਾਬੜਾ ਦੀਆਂ ਤਸਵੀਰਾਂ ਇਹ ਸਹਿਜੇ ਹੀ ਦੱਸਦੀਆਂ ਹਨ ਕਿ ਅਰੰਭਲੇ ਦਿਨਾਂ ਦੌਰਾਨ ਪੰਜਾਬੀ ਭਾਈਚਾਰੇ ਦੀ ਰਹਿਣੀ-ਬਹਿਣੀ ਵੂਲਵਰਹੈਂਪਟਨ 'ਚ ਕਿਹੋ ਜਿਹੀ ਸੀ। ਆਪਣੇ ਪਿਤਾ ਦੇ ਪੰਜਾਬ ਤੋਂ ਵੂਲਵਰਹੈਂਪਟਨ ਜਾਣ ਦੀ ਕਹਾਣੀ ਦੱਸਦੇ ਉਹ ਆਖਦੇ ਹਨ: ‘‘ਮੇਰੇ ਪਿਤਾ ਨੂੰ ਵਿਦੇਸ਼ ਯਾਤਰਾ ਦਾ ਬਹੁਤ ਸ਼ੌਕ ਸੀ ਤੇ ਉਹ ਇਸੇ ਕਰਕੇ ਵੂਲਵਰਹੈਂਪਟਨ ਗਏ ਸਨ। ਇੰਗਲੈਂਡ ਸਰਕਾਰ ਨੇ ਤਦ ਯੂਰੋਪ ਤੋਂ ਬਾਹਰਲੇ ਮੁਲਕਾਂ ਦੇ ਨਾਗਰਿਕਾਂ ਦੀਆਂ ਫ਼ੈਕਟਰੀਆਂ 'ਚ ਕੰਮ ਕਰਨ ਲਈ ਸੱਦਿਆ ਸੀ। ਮੇਰੇ ਪਿਤਾ ਨੇ ਵੀ ਉਦੋਂ ਹੋਰਨਾਂ ਪ੍ਰਵਾਸੀ ਪੰਜਾਬੀਆਂ ਵਾਂਗ ਬਹੁਤ ਸਖ਼ਤ ਮਿਹਨਤ ਕੀਤੀ ਸੀ। ਉਨ੍ਹਾਂ ਹਰ ਤਰ੍ਹਾਂ ਦਾ ਕੰਮ ਕੀਤਾ।'' ਸ੍ਰੀ ਛਾਬੜਾ ਨੇ ਕਿਹਾ ਕਿ ਉਸ ਵੇਲੇ ਦੇ ਪੰਜਾਬੀਆਂ ਦੇ ਸੰਘਰਸ਼ ਜ਼ਰੂਰ ਹੀ ਸਾਂਭੇ ਜਾਣੇ ਚਾਹੀਦੇ ਹਨ; ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਤੋਂ ਸਖ਼ਤ ਮਿਹਨਤ ਦੇ ਸੰਸਕਾਰ ਲੈ ਸਕਣ। ਸ੍ਰੀ ਆਨੰਦ ਛਾਬੜਾ ਵੱਲੋਂ ਇਕੱਠੀਆਂ ਕੀਤੀਆਂ ਤਸਵੀਰਾਂ ਵਿੱਚ ਪ੍ਰਵਾਸੀ ਪੰਜਾਬੀਆਂ ਦੀ ਜਿ਼ੰਦਗੀ ਦੇ ਬਹੁਤ ਸਾਰੇ ਖ਼ੁਸ਼ਹਾਲ ਛਿਣ ਪ੍ਰਤੱਖ ਵਿਖਾਈ ਦਿੰਦੇ ਹਨ; ਜਿਵੇਂ ਕਈ ਤਸਵੀਰਾਂ 'ਚ ਉਹ ਵੂਲਵਰਹੈਂਪਟਨ 'ਚ ਦੇਸੀ ਖਾਣੇ ਤਿਆਰ ਕਰਦੇ ਵਿਖਾਈ ਦਿੰਦੇ ਹਨ, ਗਲੀਆਂ ਤੇ ਸੜਕਾਂ 'ਚ ਮੌਜ-ਮਸਤੀਆਂ ਕਰਦੇ ਦਿਸਦੇ ਹਨ ਤੇ ਖ਼ਰੀਦਦਾਰੀਆਂ ਕਰ ਰਹੇ ਹਨ। ਸ੍ਰੀ ਛਾਬੜਾ ਨੇ ਦੱਸਿਆ ਕਿ ਤਸਵੀਰਾਂ ਦੇ ਇਸ ਵਿਲੱਖਣ ਪ੍ਰੋਜੈਕਟ ਨੂੰ ਡਿਜੀਟਲ ਰੂਪ ਵਿੱਚ ਵੀ ਪੇਸ਼ ਕੀਤਾ ਜਾ ਰਿਹਾ ਹੈ; ਤਾਂ ਜੋ ਮੌਜੂਦਾ ਪੀੜ੍ਹੀਆਂ ਇਹ ਸਭ ਖ਼ੁਦ ਆਸਾਨੀ ਨਾਲ ਵੇਖ ਸਕਣ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਤਿਆਰੀ ਵਿੱਚ ਵੂਲਵਰਹੈਂਪਟਨ ਦੇ ਸਥਾਨਕ ਗੁਰਦੁਆਰਾ ਸਾਹਿਬ, ਨਗਰ ਕੌਂਸਲ ਤੇ ਹੋਰ ਸੰਗਠਨਾਂ ਦੀ ਵੀ ਬੇਹੱਦ ਮਦਦਗਾਰ ਭੂਮਿਕਾ ਰਹੀ ਹੈ। ‘ਹੈਰਿਟੇਜ ਲਾਟਰੀ ਫ਼ੰਡ' ਨੇ ਵੀ ਇਸ ਮਾਮਲੇ 'ਚ ਕਾਫ਼ੀ ਮਦਦ ਕੀਤੀ ਹੈ।   


Tags :


Des punjab
Shane e punjab
Des punjab