DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ 'ਚ ਸ਼ਰਨਾਰਥੀਆਂ ਵਜੋਂ ਪਨਾਹ ਲੈਣ ਦੇ ਚਾਹਵਾਨ ਪੰਜਾਬੀਆਂ ਦੀ ਗਿਣਤੀ 'ਚ ਚੋਖਾ ਵਾਧਾ
Date : 2018-11-18 AM 11:56:33 | views (22)

 ਕੈਨੇਡਾ 'ਚ ਸ਼ਰਨਾਰਥੀਆਂ ਵਜੋਂ ਪਨਾਹ ਲੈਣ ਦੇ ਚਾਹਵਾਨ ਭਾਰਤੀਆਂ ਦੀ ਗਿਣਤੀ ਪਿਛਲੇ ਕੁਝ ਸਮੇਂ ਦੌਰਾਨ ਬਹੁਤ ਜਿ਼ਆਦਾ ਵਧ ਗਈ ਹੈ। ਇਸ ਮਾਮਲੇ ਦਾ ਦਿਲਚਸਪ ਪੱਖ ਇਹ ਹੈ ਕਿ ਇਨ੍ਹਾਂ ਭਾਰਤੀਆਂ 'ਚ ਬਹੁਤੀ ਗਿਣਤੀ ਸਿੱਖਾਂ ਦੀ ਹੈ। ਇਨ੍ਹਾਂ ਅੰਕੜਿਆਂ ਤੋਂ ਕੈਨੇਡਾ ਦੀਆਂ ਸਰਕਾਰੀ ਏਜੰਸੀਆਂ ਇਹੋ ਅਨੁਮਾਨ ਲਾ ਰਹੀਆਂ ਹਨ ਕਿ ‘ਭਾਰਤੀ ਪੰਜਾਬ ਵਿੱਚ ਵੱਖਵਾਦ ਹੁਣ ਇੱਕ ਵਾਰ ਫਿਰ ਸਿਰ ਚੁੱਕ ਰਿਹਾ ਹੈ, ਇਸੇ ਲਈ ਉੱਥੋਂ ਵੱਡੇ ਪੱਧਰ 'ਤੇ ਹਿਜਰਤ ਦਾ ਰੁਝਾਨ ਵਿਖਾਈ ਦੇਣ ਲੱਗ ਪਿਆ ਹੈ।'

ਆਈਏਐੱਨਐੱਸ ਦੀ ਰਿਪੋਰਟ ਮੁਤਾਬਕ ‘ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ' ਦੇ ‘ਇੰਟੈਲੀਜੈਂਸ ਐਂਡ ਐਨਾਲਿਸਿਸ' ਸੈਕਸ਼ਨ ਵੱਲੋਂ ਸ਼ਰਨਾਰਥੀਆਂ ਦੇ ਦਾਅਵਿਆਂ ਦਾ ਮੁਲਾਂਕਣ ਕੀਤਾ ਗਿਆ ਹੈ। ਉਸ ਮੁਲਾਂਕਣ-ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਸਾਲ 2018 ਦੇ ਪਹਿਲੇ ਛੇ ਮਹੀਨਿਆਂ ਦੌਰਾਨ ਕੈਨੇਡਾ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ।
ਸਰਕਾਰੀ ਰਿਕਾਰਡ ਮੁਤਾਬਕ  ਕੈਨੇਡਾ ਸਰਕਾਰ ਕੋਲ ਪਹਿਲੇ ਛੇ ਮਹੀਨਿਆਂ ਦੌਰਾਨ ਸ਼ਰਨਾਰਥੀਆਂ ਵਜੋਂ ਪਨਾਹ ਲੈਣ ਵਾਲੇ ਪ੍ਰਵਾਸੀਆਂ ਦੀਆਂ 1,805 ਅਰਜ਼ੀਆਂ ਆ ਚੁੱਕੀਆਂ ਸਨ; ਜਦ ਕਿ ਸਮੁੱਚੇ ਸਾਲ 2017 'ਚ ਅਜਿਹੀਆਂ ਕੁੱਲ 1,487 ਅਰਜ਼ੀਆਂ ਦਾਖ਼ਲ ਹੋਈਆਂ ਸਨ।
ਜੇ ਸਾਲ 2016 ਦੇ ਅੰਕੜਿਆਂ 'ਤੇ ਰਤਾ ਗ਼ੌਰ ਕਰੀਏ, ਤਾਂ ਉਸ ਵਰ੍ਹੇ ਦੇ ਮੁਕਾਬਲੇ ਇਸ ਸਾਲ ਪੁੱਜਣ ਵਾਲੀਆਂ ਸ਼ਰਨਾਰਥੀਆਂ ਦੀਆਂ ਅਰਜ਼ੀਆਂ ਵਿੱਚ 310% ਦਾ ਵਾਧਾ ਹੋ ਗਿਆ ਹੈ ਕਿਉਂਕਿ ਉਸ ਵਰ੍ਹੇ ਅਜਿਹੀਆਂ ਸਿਰਫ਼ 582 ਅਰਜ਼ੀਆਂ ਹੀ ਆਈਆਂ ਸਨ।
ਕੈਨੇਡਾ ਦੇ ਅਧਿਕਾਰੀਆਂ ਦਾ ਅਨੁਮਾਨ ਹੈ ਕਿ ਇਸ ਸਾਲ 2018 ਦੌਰਾਨ ਸ਼ਰਨਾਰਥੀਆਂ ਵਜੋਂ ਪਨਾਹ ਲਈ ਪ੍ਰਵਾਸੀਆਂ ਦੀਆਂ ਅਰਜ਼ੀਆਂ ਵਿੱਚ ਸਾਲ 2016 ਦੇ ਮੁਕਾਬਲੇ 720% ਵਾਧਾ ਹੋ ਸਕਦਾ ਹੈ ਤੇ ਕੁੱਲ 4,200 ਅਰਜ਼ੀਆਂ ਪੁੱਜ ਸਕਦੀਆਂ ਹਨ। ਜੇ ਸਾਲ 2017 ਨਾਲ ਮੁਕਾਬਲਾ ਕਰੀਏ, ਤਾਂ ਇਹ ਵਾਧਾ 285 ਫ਼ੀ ਸਦੀ ਹੋਵੇਗਾ।
 
 
ਮੁਲਾਂਕਣ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪ੍ਰਵਾਸੀ ਸ਼ਰਨਾਰਥੀ ਉਂਝ ਤਾਂ ਸਮੁੱਚੇ ਕੈਨੇਡਾ ਦੇ ਸ਼ਹਿਰਾਂ ਤੇ ਕਸਬਿਆਂ 'ਚ ਪਨਾਹ ਲਈ ਅਰਜ਼ੀਆਂ ਦਿੰਦੇ ਹਨ ਪਰ ਸਭ ਤੋਂ ਵੱਧ ਅਰਜ਼ੀਆਂ ਕਿਊਬੇਕ ਸੂਬੇ ਲਈ ਦਾਖ਼ਲ ਹੁੰਦੀਆਂ ਹਨ। ਕਿਊਬੇਕ ਸੂਬੇ ਲਈ ਕੁੱਲ 1,363 ਅਰਜ਼ੀਆਂ ਆਈਆਂ ਹਨ, ਜਦ ਕਿ ਉਨ੍ਹਾਂ ਵਿੱਚੋਂ ਇਕੱਲੇ ਮਾਂਟਰੀਅਲ ਸ਼ਹਿਰ ਲਈ 898 ਅਰਜ਼ੀਆਂ ਪੁੱਜੀਆਂ ਹਨ।
ਸਾਲ 2018 ਦੌਰਾਨ 1,145 ਭਾਰਤੀਆਂ (ਭਾਵ 63%) ਨੇ ਆਪੋ-ਆਪਣੇ ਖੇਤਰੀ ਵੀਜ਼ਾ ਦਫ਼ਤਰਾਂ ਰਾਹੀਂ ਕੈਨੇਡਾ 'ਚ ਸ਼ਰਨਾਰਥੀ ਵਜੋਂ ਪਨਾਹ ਲਈ ਆਪਣੀਆਂ ਅਰਜ਼ੀਆਂ ਦਿੱਤੀਆਂ ਹਨ; ਜਦ ਕਿ 614 ਭਾਰਤੀਆਂ (34%) ਨੇ ਹਵਾਈ ਅੱਡਿਆਂ 'ਤੇ ਆ ਕੇ ਕੈਨੇਡਾ ਤੋਂ ਪਨਾਹ ਮੰਗੀ ਹੈ। ਕੈਨੇਡਾ 'ਚ ਸ਼ਰਨਾਰਥੀਆਂ ਵਜੋਂ ਪਨਾਹ ਦੇ ਬਹੁਤੇ ਚਾਹਵਾਨ ਪੰਜਾਬ, ਹਰਿਆਣਾ, ਗੁਜਰਾਤ ਤੇ ਤਾਮਿਲ ਨਾਡੂ 'ਚ ਪੈਦਾ ਹੋਏ ਹਨ।
ਸਾਲਾਂ 2015, 2014 ਤੇ 2013 ਦੌਰਾਨ ਕ੍ਰਮਵਾਰ 379, 292 ਅਤੇ 225 ਭਾਰਤੀਆਂ ਦੀਆਂ ਅਰਜ਼ੀਆਂ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਪੁੱਜੀਆਂ ਸਨ।
ਕੈਨੇਡਾ 'ਚ ਇਸ ਵੇਲੇ ਸਭ ਤੋਂ ਵੱਧ ਸ਼ਰਨਾਰਥੀ ਨਾਈਜੀਰੀਆ ਦੇਸ਼ ਤੋਂ ਪੁੱਜ ਰਹੇ ਹਨ; ਜਿੱਥੋਂ ਦੇ ਬਾਸਿ਼ੰਦਿਆਂ ਦੀਆਂ 6,166 ਅਰਜ਼ੀਆਂ ਜੂਨ 2018 ਤੱਕ ਕੈਨੇਡੀਅਨ ਅਧਿਕਾਰੀਆਂ ਕੋਲ ਪੁੱਜ ਚੁੱਕੀਆਂ ਹਨ।
ਕੈਨੇਡੀਅਨ ਅਧਿਕਾਰੀਆਂ ਨੇ ਆਪਣੀ ਮੁਲਾਂਕਣ ਰਿਪੋਰਟ ਵਿੱਚ ਲਿਖਿਆ ਹੈ ਕਿ - ‘ਭਾਰਤ ਸਰਕਾਰ ਤੇ ਦੇਸ਼ ਦੀ ਸਿੱਖ ਜਨਤਾ ਵਿਚਾਲੇ ਚੱਲ ਰਹੇ ਤਣਾਅ ਕਾਰਨ ਪੰਜਾਬ ਖੇਤਰ ਵਿੱਚ ਵੱਖਵਾਦ ਵਧਦਾ ਜਾ ਰਿਹਾ ਹੈ ਤੇ ਉਸ ਵੱਖਵਾਦ ਨੂੰ ਹਮਾਇਤ ਵੀ ਵਧ ਰਹੀ ਹੈ। ਭਾਰਤੀ ਪੰਜਾਬ 'ਚ 1970ਵਿਆਂ ਤੋਂ ਲੈ ਕੇ 1990ਵਿਆਂ ਦੌਰਾਨ ਖ਼ਾਲਿਸਤਾਨ ਲਹਿਰ ਚੱਲਦੀ ਰਹੀ ਸੀ ਤੇ ਸਿੱਖ ਵੱਖਰੇ ਹੋਮਲੈਂਡ ਦੀ ਮੰਗ ਕਰ ਰਹੇ ਸਨ। ਹੁਣ ਸਿੱਖਾਂ ਵਿੱਚ ਸਾਲ 2020 ਦੌਰਾਨ ਅਣ-ਅਧਿਕਾਰਤ ਰਾਇਸ਼ੁਮਾਰੀ ਦੀਆਂ ਗੱਲਾਂ ਚੱਲਣ ਲੱਗ ਪਈਆਂ ਹਨ; ਜਿੱਥੇ ਇੱਕ ਵਾਰ ਫਿਰ ਵੱਖਵਾਦ ਦਾ ਝੰਡਾ ਬੁਲੰਦ ਕੀਤਾ ਜਾਵੇਗਾ।'
ਰਿਪੋਰਟ ਵਿੱਚ ਅੱਗੇ ਲਿਖਿਆ ਹੈ ਕਿ - ‘ਸਰਕਾਰੀ ਅਧਿਕਾਰੀਆਂ ਦੀ ਦਲੀਲ ਹੈ ਕਿ ਵਿਦੇਸ਼ਾਂ 'ਚ ਬੈਠੇ ਸਿੱਖ ਹੁਣ ਭਾਰਤੀ ਪੰਜਾਬ 'ਚ ਆਜ਼ਾਦੀ ਦੀ ਪੁਰਾਣੀ ਖਾੜਕੂ ਲਹਿਰ ਨੂੰ ਪੁਨਰ-ਸੁਰਜੀਤ ਕਰਨ ਦੇ ਜਤਨ ਕਰ ਰਹੇ ਹਨ। ਭਾਰਤ ਵੱਲੋਂ ਬਹੁਤ ਸਾਰੇ ਕਥਿਤ ਖਾੜਕੂਆਂ ਦੀ ਹਵਾਲਗੀ ਦੀਆਂ ਅਰਜ਼ੀਆਂ ਕੈਨੇਡਾ ਸਰਕਾਰ ਕੋਲ ਪੁੱਜਣ ਲੱਗ ਪਈਆਂ ਹਨ; ਇਸ ਤੋਂ ਇਲਾਵਾ ਸ਼ੱਕੀ ਖ਼ਾਲਿਸਤਾਨੀ ਅੱਤਵਾਦੀਆਂ ਦੀਆਂ ਗ੍ਰਿਫ਼ਤਾਰੀਆਂ ਵੀ ਵਧ ਗਈਆਂ ਹਨ।'
ਇਸ ਦੌਰਾਨ ਆਲੋਚਕਾਂ ਦੀ ਇਹ ਵੀ ਦਲੀਲ ਹੈ ਕਿ ‘ਦਰਅਸਲ, ਬਹੁਤੇ ਲੋਕਾਂ 'ਤੇ ਅੱਤਵਾਦੀ ਹੋਣ ਦੇ ਝੂਠੇ ਦੋਸ਼ ਲਾਏ ਜਾ ਰਹੇ ਹਨ ਅਤੇ ਤਾਨਾਸ਼ਾਹੀ ਤਰੀਕੇ ਨਾਲ ਉਨ੍ਹਾਂ ਨੂੰ ਹਿਰਾਸਤਾਂ ਵਿੱਚ ਰੱਖਿਆ ਜਾ ਰਿਹਾ ਹੈ। ਸਿੱਖ ਸਿਰਫ਼ ਆਪਣੇ ਫ਼ੈਸਲੇ ਆਪ ਲੈਣਾ ਚਾਹੁੰਦੇ ਹਨ ਤੇ ਸਰਕਾਰ ਉਨ੍ਹਾਂ ਨੂੰ ਚੁੱਪ ਕਰਵਾ ਰਹੀ ਹੈ। ਪੁਲਿਸ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਦੀ ਹੈ ਤੇ ਕਥਿਤ ਤਸ਼ੱਦਦ ਢਾਹੰੁਦੀ ਹੈ, ਉਹੀ ਜਿ਼ਆਦਾਤਰ ਦੂਜੇ ਦੇਸ਼ਾਂ ਵਿੱਚ ਸ਼ਰਨਾਰਥੀਆਂ ਵਜੋਂ ਪਨਾਹ ਲਈ ਅਰਜ਼ੀਆਂ ਦੇ ਰਹੇ ਹਨ।'  

Tags :


Des punjab
Shane e punjab
Des punjab