DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ : ਸਾਡੀ ਸਰਕਾਰ ਲਈ ਆਉਣ ਵਾਲਾ ਸਮਾਂ ਵੀ ਸੁਖਾਲਾ ਨਹੀਂ, ਹੋਰ ਸਖ਼ਤ ਫੈਸਲੇ ਲੈਣੇ ਪੈ ਸਕਦੇ ਹਨ: ਵਿੱਕ ਫੈਡੇਲੀ
Date : 2018-11-16 PM 12:57:43 | views (18)

 ਓਨਟਾਰੀਓ, ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਦਾ ਕਹਿਣਾ ਹੈ ਕਿ ਉਸ ਵੱਲੋਂ ਪ੍ਰੋਵਿੰਸ ਦੇ ਘਾਟੇ ਨੂੰ 500 ਮਿਲੀਅਨ ਡਾਲਰ ਘਟਾ ਦਿੱਤਾ ਗਿਆ ਹੈ। ਸਰਕਾਰ ਇਹ ਵੀ ਆਖ ਰਹੀ ਹੈ ਕਿ ਸੱਤਾ ਵਿੱਚ ਆਇਆਂ ਨੂੰ ਭਾਵੇਂ ਉਨ੍ਹਾਂ ਨੂੰ ਕੁੱਝ ਮਹੀਨੇ ਹੀ ਹੋਏ ਹਨ ਪਰ ਓਨਟਾਰੀਓ ਦਾ ਘਾਟਾ 14.5 ਬਿਲੀਅਨ ਡਾਲਰ ਰਹਿ ਗਿਆ ਹੈ। ਇਸ ਤਬਦੀਲੀ ਦਾ ਜਿ਼ਕਰ ਸਰਕਾਰ ਦੇ 2018-19 ਦੇ ਆਰਥਿਕ ਬਿਆਨ ਵਿੱਚ ਕੀਤਾ ਗਿਆ। ਵੀਰਵਾਰ ਦੁਪਹਿਰ ਨੂੰ ਵਿਧਾਨਸਭਾ ਵਿੱਚ ਇਸ ਦਸਤਾਵੇਜ਼ ਨੂੰ ਪੇਸ਼ ਕਰਦਿਆਂ ਵਿੱਤ ਮੰਤਰੀ ਵਿੱਕ ਫੈਡੇਲੀ ਨੇ ਆਖਿਆ ਕਿ ਵਿੱਤੀ ਘਾਟਾ ਕਾਫੀ ਵੱਡਾ ਸੀ। ਉਨ੍ਹਾਂ ਆਖਿਆ ਕਿ ਸਾਡੀ ਸਰਕਾਰ ਲਈ ਆਉਣ ਵਾਲਾ ਸਮਾਂ ਵੀ ਸੁਖਾਲਾ ਨਹੀਂ ਹੋਵੇਗਾ ਤੇ ਸਾਨੂੰ ਹੋਰ ਸਖ਼ਤ ਫੈਸਲੇ ਲੈਣੇ ਪੈ ਸਕਦੇ ਹਨ। ਪ੍ਰੋਵਿੰਸ ਦੇ ਹਰੇਕ ਜੀਅ ਨੂੰ ਬਿਨਾ ਕਿਸੇ ਰਿਆਇਤ ਦੇ ਬਲੀਦਾਨ ਦੇਣਾ ਹੋਵੇਗਾ।

ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਪ੍ਰੀਮੀਅਰ ਡੱਗ ਫੋਰਡ ਨੇ ਇਹ ਵਾਅਦਾ ਕੀਤਾ ਹੈ ਕਿ ਭਾਵੇਂ ਹੱਥ ਘੁੱਟਣ ਲਈ ਕੋਈ ਵੀ ਕੋਸਿ਼ਸ਼ ਕੀਤੀ ਜਾ ਰਹੀ ਹੈ ਪਰ ਉਸ ਨਾਲ ਕਿਸੇ ਦੀ ਨੌਕਰੀ ਨਹੀਂ ਖੁੱਸੇਗੀ। ਫਰੈਂਚ ਭਾਸ਼ਾ ਦੀ ਯੂਨੀਵਰਸਿਟੀ ਸਬੰਧੀ ਯੋਜਨਾ ਵੀ ਰੱਦ ਕਰ ਦਿੱਤੀ ਗਈ ਹੈ। ਹਾਲਾਂਕਿ ਸਰਕਾਰ ਹਾਲੇ ਇਹ ਨਹੀਂ ਦੱਸ ਸਕੀ ਹੈ ਕਿ ਇਸ ਕਦਮ ਨਾਲ ਕਿੰਨੀ ਰਕਮ ਦੀ ਬਚਤ ਹੋਵੇਗੀ। ਭਾਂਵੇਂ ਕਿ ਸਰਕਾਰ ਵੱਲੋਂ ਘੱਟ ਖਰਚਾ ਕੀਤਾ ਜਾ ਰਿਹਾ ਹੈ ਤੇ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਇਸ ਵਿੱਤੀ ਵਰ੍ਹੇ ਉਨ੍ਹਾਂ ਵੱਲੋਂ ਰੈਵਨਿਊ ਦੇ ਰੂਪ ਵਿੱਚ 2.7 ਬਿਲੀਅਨ ਡਾਲਰ ਘੱਟ ਲਿਆ ਗਿਆ ਹੈ। 
ਟੋਰੀਜ਼ ਨੇ ਦੱਸਿਆ ਸੀ ਕਿ ਪਿਛਲੀ ਲਿਬਰਲ ਸਰਕਾਰ 15 ਬਿਲੀਅਨ ਡਾਲਰ ਦਾ ਘਾਟਾ ਸਾਡੇ ਸਿਰ ਮੜ੍ਹ ਕੇ ਗਈ ਸੀ। ਪਰ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਵਿੱਚ ਸਾਬਕਾ ਲਿਬਰਲ ਸਰਕਾਰ ਵੱਲੋਂ ਉਹ ਖਰਚਾ ਵੀ ਸ਼ਾਮਲ ਕੀਤਾ ਗਿਆ ਸੀ ਜਿਸਦਾ ਵਾਅਦਾ ਲਿਬਰਲ ਸਰਕਾਰ ਨੇ ਕੀਤਾ ਸੀ ਪਰ ਮੌਜੂਦਾ ਸਰਕਾਰ ਵੱਲੋਂ ਉਸ ਨੂੰ ਰੱਦ ਕਰ ਦਿੱਤਾ ਗਿਆ। ਜਦਕਿ ਦਸਤਾਵੇਜ਼ਾਂ ਵਿੱਚ ਪ੍ਰੋਵਿੰਸ ਦੇ ਬਜਟ ਨੂੰ ਸੰਤੁਲਿਤ ਕੀਤੇ ਜਾਣ ਦਾ ਜਿ਼ਕਰ ਹੈ ਪਰ ਇਹ ਨਹੀਂ ਦੱਸਿਆ ਗਿਆ ਕਿ ਇਹ ਟੀਚਾ ਹਾਸਲ ਕਰਨ ਵਿੱਚ ਕਿੰਨਾ ਕੁ ਸਮਾਂ ਲੱਗੇਗਾ।

Tags :


Des punjab
Shane e punjab
Des punjab