DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ : ਕੰਜ਼ਰਵੇਟਿਵ ਐਮਪੀਜ਼ ਨੇ ਰੱਖਿਆ ਮੰਤਰੀ ਹਰਜੀਤ ਸੱਜਣ ਨੂੰ ਘੇਰਿਆ, ਸਵਾਲਾਂ ਦੀ ਲਾ ਦਿੱਤੀ ਝੜੀ
Date : 2018-11-15 PM 12:27:53 | views (64)

 ਓਟਵਾ,  ਦਸੰਬਰ 2017 ਵਿੱਚ ਕੈਨੇਡੀਅਨਨ ਫੋਰਸਿਜ਼ ਦੇ ਟੀਮ ਕੈਨੇਡਾ ਟੂਰ ਬਾਰੇ ਪਿਛਲੇ ਹਫਤੇ ਕੰਜ਼ਰਵੇਟਿਵ ਐਮਪੀਜ਼ ਨੇ ਰੱਖਿਆ ਮੰਤਰੀ ਹਰਜੀਤ ਸੱਜਣ ਨੂੰ ਕਈ ਵਾਰੀ ਘੇਰਿਆ ਤੇ ਉਨ੍ਹਾਂ ਉੱਤੇ ਸਵਾਲਾਂ ਦੀ ਝੜੀ ਲਾ ਦਿੱਤੀ। ਇਸ ਟੂਰ ਉੱਤੇ ਵੀਆਈਪੀਜ਼ ਨੂੰ ਲਿਜਾਣ ਦਾ ਮਕਸਦ ਦੂਜੇ ਦੇਸ਼ਾਂ ਵਿੱਚ ਤਾਇਨਾਤ ਫੌਜੀ ਕਰਮਚਾਰੀਆਂ ਨੂੰ ਹੱਲਾਸ਼ੇਰੀ ਦੇਣਾ ਸੀ ਪਰ ਇਹ ਟੂਰ ਅਸਫਲ ਰਿਹਾ। ਆਰਸੀਏਐਫ ਦੀ ਗ੍ਰੀਸ ਤੇ ਲੈਟਵੀਆ ਜਾਣ ਵਾਲੀ ਉਡਾਨ ਵਿੱਚ ਸਵਾਰ ਕੁੱਝ ਵੀਆਈਪੀਜ਼ ਨੇ ਰੱਜ ਕੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਅਮਲੇ, ਖਾਸ ਤੌਰ ਉੱਤੇ ਫੌਜੀ ਫਲਾਈਟ ਅਟੈਂਡੈਂਟਸ ਨਾਲ ਗਾਲੀ ਗਲੌਜ ਵੀ ਕਰ ਰਹੇ ਸਨ। ਵੀਆਈਪੀ ਯਾਤਰੀਆਂ, ਜਿਨ੍ਹਾਂ ਵਿੱਚ ਐਨਐਚਐਲ ਦੇ ਸਾਬਕਾ ਖਿਡਾਰੀ ਡੇਵ ਟਾਈਗਰ ਵਿਲੀਅਮਜ਼ ਵੀ ਸ਼ਾਮਲ ਸਨ, ਨੂੰ ਸਕਿਊਰਿਟੀ ਸਕਰੀਨਿੰਗ ਤੋਂ ਵੀ ਛੋਟ ਦਿੱਤੀ ਗਈ। ਇਨ੍ਹਾਂ ਵਿੱਚੋਂ ਕਈਆਂ ਨੇ ਤਾਂ ਪਹਿਲਾਂ ਹੀ ਸ਼ਰਾਬ ਪੀਤੀ ਹੋਈ ਸੀ। ਇੱਥੇ ਹੀ ਬੱਸ ਨਹੀਂ ਕਈ ਯਾਤਰੀ ਤਾਂ ਆਪਣੇ ਹੱਥਾਂ ਵਿੱਚ ਸ਼ਰਾਬ ਫੜ੍ਹ ਕੇ ਹੀ ਕੈਨੇਡੀਅਨ ਫੋਰਸਿਜ਼ ਦੇ ਜਹਾਜ਼ ਵਿੱਚ ਚੜ੍ਹੇ। ਦੋ ਵਿਅਕਤੀ ਤਾਂ ਇਸ ਹੱਦ ਤੱਕ ਰੱਜੇ ਹੋਏ ਸਨ ਕਿ ਉਨ੍ਹਾਂ ਦਾ ਪਿਸ਼ਾਬ ਵੀ ਨਿਕਲਿਆ ਹੋਇਆ ਸੀ ਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸੁਰਤ ਨਹੀਂ ਸੀ। ਇਸ ਦੌਰਾਨ ਬਣਾਈ ਇੱਕ ਵੀਡੀਓ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਚੀਫ ਆਫ ਦ ਡਿਫੈਂਸ ਸਟਾਫ ਜਨਰਲ ਜੌਨ ਵੈਂਸ ਦੇ ਆਫਿਸ ਦੇ ਸਟਾਫ ਮੈਂਬਰ ਸਮੇਤ ਕੁੱਝ ਲੋਕ ਹੱਥਾਂ ਵਿੱਚ ਸ਼ਰਾਬ ਫੜ੍ਹ ਕੇ ਜਹਾਜ਼ ਵਿੱਚ ਡਾਂਸ ਕਰ ਰਹੇ ਹਨ ਤੇ ਪਿਛਲੇ ਪਾਸੇ ਰੌਕ ਬੈਂਡ ਵੱਜ ਰਿਹਾ ਹੈ। ਕਈ ਹੋਰਨਾਂ ਨੇ ਕੈਨੇਡੀਅਨ ਫੋਰਸਿਜ਼ ਦੇ ਨਿਯਮਾਂ ਦੀ ਉਲੰਘਣਾਂ ਕਰਦੇ ਹੋਏ ਤੰਬਾਕੂ ਦਾ ਸੇਵਨ ਹੀ ਨਹੀਂ ਕੀਤਾ ਸਗੋਂ ਉਸ ਦਾ ਰਸਾ ਕੱਪਾਂ ਵਿੱਚ ਵੀ ਥੁੱਕਿਆ ਤੇ ਉਹ ਫਲਾਈਟ ਅਟੈਂਡੈਂਟਸ ਨੂੰ ਹੀ ਸਾਫ ਕਰਨਾ ਪੈਣਾ ਸੀ। ਦੂਜੇ ਪਾਸੇ ਅਮਲੇ ਨੇ ਇਹ ਮਹਿਸੂਸ ਕੀਤਾ ਕਿ ਅਜਿਹੀ ਸਥਿਤੀ ਵਿੱਚ ਵੀਆਈਪੀਜ਼ ਨੂੰ ਰੋਕਣ ਲਈ ਉਹ ਕੁੱਝ ਨਹੀਂ ਕਰ ਸਕਦੇ ਕਿਉਂਕਿ ਉਹ ਸਾਰੇ ਵੈਂਸ ਦੇ ਮਹਿਮਾਨ ਸਨ। ਟੈਕਸਦਾਤਾਵਾਂ ਦੇ ਪੈਸੇ ਤੋਂ ਫੰਡ ਹਾਸਲ ਕਰਕੇ ਕੀਤਾ ਗਿਆ ਇਹ ਦੌਰਾ ਵੈਂਸ ਦੇ ਆਫਿਸ ਵੱਲੋਂ ਪਲੈਨ ਕੀਤਾ ਗਿਆ ਸੀ ਤੇ ਇਸ ਉੱਤੇ 337,000 ਡਾਲਰ ਦਾ ਖਰਚਾ ਆਇਆ। ਵੈਂਸ ਵੱਲੋਂ ਹੀ ਆਰਸੀਏਐਫ ਦੇ ਜਹਾਜ਼ ਉੱਤੇ ਖੁੱਲ੍ਹੀ ਸ਼ਰਾਬ ਵਰਤਾਉਣ ਦੀ ਸਹਿਮਤੀ ਦਿੱਤੀ ਗਈ। ਕੰਜ਼ਰਵੇਟਿਵ ਐਮਪੀਜ਼ ਜੇਮਜ਼ ਬੇਜ਼ਾਨ ਤੇ ਚੈਰਿਲ ਗੈਲੈਂਟ ਵੱਲੋਂ ਬੀਤੇ ਵੀਰਵਾਰ ਕਾਮਨਜ਼ ਦੀ ਰੱਖਿਆ ਕਮੇਟੀ ਵਿਖੇ ਇਸ ਮੁੱਦੇ ਉੱਤੇ ਰੱਖਿਆ ਮੰਤਰੀ ਹਰਜੀਤ ਸੱਜਣ ਨੂੰ ਘੇਰਿਆ ਗਿਆ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਉਡਾਨ ਬਾਰੇ ਉਹ ਕੀ ਜਾਣਦੇ ਸਨ ਤੇ ਉਨ੍ਹਾਂ ਨੂੰ ਉਹ ਸਭ ਕਦੋਂ ਪਤਾ ਲੱਗਿਆ। ਉਨ੍ਹਾਂ ਤੋਂ ਇਹ ਸਵਾਲ ਵੀ ਪੁੱਛਿਆ ਗਿਆ ਕਿ ਫਲਾਈਟ ਉੱਤੇ ਜੋ ਕੁੱਝ ਵੀ ਹੋਇਆ ਕੀ ਉਸ ਬਾਰੇ ਉਨ੍ਹਾਂ ਦਾ ਵਿਭਾਗ ਤੇ ਕੈਨੇਡੀਅਨ ਫੋਰਸਿਜ਼ ਨੇ ਜਨਤਾ ਨੂੰ ਮੀਡੀਆ ਨੂੰ ਗੁੰਮਰਾਹ ਕਰਨ ਦੀ ਕੋਸਿ਼ਸ਼ ਕੀਤੀ। ਸੱਜਣ ਵੱਲੋਂ ਇਨ੍ਹਾਂ ਸਵਾਲਾਂ ਦਾ ਕੋਈ ਸਪਸ਼ਟ ਉੱਤਰ ਨਹੀਂ ਦਿੱਤਾ ਗਿਆ ਪਰ ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਵਿਭਾਗ ਤੇ ਕੈਨੇਡੀਅਨ ਸੈਨਾਵਾਂ ਵੱਲੋਂ ਪੱਤਰਕਾਰਾਂ ਨੂੰ ਗੁੰਮਰਾਹ ਨਹੀਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਡੀਐਨਡੀ ਤੇ ਕੈਨੇਡੀਅਨ ਫੌਜ ਦੀ ਮੁੱਖ ਤਰਜੀਹ ਪਰੇਸ਼ਾਨੀ ਮੁਕਤ ਮਾਹੌਲ ਯਕੀਨੀ ਬਣਾਉਣਾ ਸੀ ਤੇ ਜਿਨਸੀ ਸ਼ੋਸ਼ਣ ਦਾ ਸਿ਼ਕਾਰ ਲੋਕਾਂ ਦੀ ਮਦਦ ਕਰਨਾ ਸੀ। ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦੀ ਡਿਪਟੀ ਮੰਤਰੀ ਜੋਡੀ ਥਾਮਸ ਨੇ ਪਾਰਲੀਆਮੈਂਟੇਰੀਅਨਜ਼ ਨੂੰ ਦੱਸਿਆ ਕਿ ਕੈਨੇਡਾ ਦੇ ਨਾਗਰਿਕਾਂ ਨੂੰ ਗੁੰਮਰਾਹ ਕਰਨ ਦੀ ਕੋਸਿ਼ਸ਼ ਨਹੀਂ ਕੀਤੀ ਗਈ। ਇਸ ਸਬੰਧ ਵਿੱਚ ਜਾਣਕਾਰੀ ਦੇ ਦਿੱਤੀ ਗਈ ਸੀ। ਪਰ ਅਜਿਹਾ ਨਹੀਂ ਸੀ ਹੋਇਆ। ਇਹ ਮਾਮਲਾ ਦਸੰਬਰ 2017 ਦਾ ਹੈ। ਕਥਿਤ ਜਿਨਸੀ ਹਮਲੇ ਤੋਂ ਬਾਅਦ ਇਸ ਬਾਰੇ ਜਾਣਕਾਰੀ ਮੀਡੀਆ ਵੱਲੋਂ ਅਕਸੈੱਸ ਟੂ ਇਨਫਰਮੇਸ਼ਨ ਲਾਅ ਰਾਹੀਂ ਕਢਵਾਈ ਗਈ।


Tags :


Des punjab
Shane e punjab
Des punjab