DES PANJAB Des punjab E-paper
Editor-in-chief :Braham P.S Luddu, ph. 403-293-9393
ਦੀਵਾਲੀ ਮੌਕੇ ਹੱਦੋਂ ਵੱਧ ਪਟਾਕੇ ਚਲਾਉਣ ਵਾਲੇ 33 ਚੰਡੀਗੜ੍ਹੀਆਂ 'ਤੇ ਕੇਸ ਦਰਜ
Date : 2018-11-08 PM 12:26:11 | views (22)

 ਪਿਛਲੇ ਸਾਲ ਮੁਕਾਬਲੇ ਪੰਜਾਬ ਦੀ ਰਾਜਧਾਨੀ ਵਿੱਚ ਇਸ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਵਿੱਚ ਵਾਧਾ ਹੋਇਆ ਹੈ। ਇਸ ਵਾਰ ਦੀਵਾਲੀ ਲਈ ਬੇਸ਼ੱਕ ਅਦਾਲਤਾਂ ਨੇ ਰਾਤ ਸਮੇਂ ਦੋ ਘੰਟੇ ਹੀ ਪਟਾਕੇ ਚਲਾਉਣ ਦੀ ਖੁੱਲ੍ਹ ਦਿੱਤੀ ਸੀ, ਪਰ ਲੋਕਾਂ ਨੇ ਪਟਾਕਿਆਂ ਨਾਲ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਲੋਕਾਂ ਨੇ ਤੈਅ ਸਮੇਂ ਤੋਂ ਬਾਅਦ ਪਟਾਕੇ ਚਲਾਏ ਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ। ਹਾਲਾਂਕਿ, ਚੰਡੀਗੜ੍ਹ ਪੁਲਿਸ ਨੇ ਅਜਿਹਾ ਕਰਨ ਵਾਲਿਆਂ ਨੂੰ ਰੋਕਣ ਦੇ ਨਾਂਅ 'ਤੇ ਕੁੱਲ 33 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤੇ। ਚੰਡੀਗੜ੍ਹ ਪੁਲਿਸ ਕਮਿਸ਼ਨਰ ਨਿਲਾਂਬਰੀ ਜਗਦਲੇ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਉੱਧਰ, ਚੰਡੀਗੜ੍ਹ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦਾ ਇਸ ਵਧੇ ਹੋਏ ਪ੍ਰਦੂਸ਼ਣ 'ਤੇ ਤਰਕ ਵੱਖਰਾ ਹੈ। ਉਨ੍ਹਾਂ ਮੁਤਾਬਕ ਮੌਸਮੀ ਤਬਦੀਲੀ ਵੀ ਪ੍ਰਦੂਸ਼ਣ ਵਧਣ ਦਾ ਕਾਰਨ ਹੈ। ਬੋਰਡ ਦੇ ਅਧਿਕਾਰੀ ਦਵਿੰਦਰ ਦਲਾਈ ਨੇ ਕਿਹਾ ਕਿ ਵਧੇ ਹੋਏ ਪ੍ਰਦੂਸ਼ਣ ਦੇ ਅੰਕੜਿਆਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਜ਼ਿਆਦਾ ਫਰਕ ਨਹੀਂ ਹੈ। ਦਲਾਈ ਨੇ ਇਹ ਵੀ ਕਿਹਾ ਕਿ ਪ੍ਰਦੂਸ਼ਣ ਵਧਣ ਦਾ ਇੱਕ ਕਾਰਨ ਇਨ੍ਹੀਂ ਦਿਨੀਂ ਘਟਿਆ ਤਾਪਮਾਨ ਵੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੀਵਾਲੀ ਦਾ ਤਿਉਹਾਰ ਅਕਤੂਬਰ ਮਹੀਨੇ ਵਿੱਚ ਆਇਆ ਸੀ ਅਤੇ ਇਸ ਸਾਲ ਨਵੰਬਰ ਵਿੱਚ ਹੈ ਅਤੇ ਪ੍ਰਦੂਸ਼ਣ ਵਾਧਾ ਸੁਭਾਵਿਕ ਹੈ।


Tags :


Des punjab
Shane e punjab
Des punjab