DES PANJAB Des punjab E-paper
Editor-in-chief :Braham P.S Luddu, ph. 403-293-9393
ਮਾਛੀਵਾੜਾ ਸਾਹਿਬ ਨੇੜੇ ਦੀਵਾਲੀ ਵਾਲੀ ਸ਼ਾਮ 35 ਵਾਰ ਗੰਡਾਸੇ ਮਾਰ ਕੀਤਾ ਵਿਅਕਤੀ ਦਾ ਕਤਲ
Date : 2018-11-08 PM 12:23:35 | views (44)

 ਮਾਛੀਵਾੜਾ ਸਾਹਿਬ 'ਚ ਪੈਂਦੇ ਪਿੰਡ ਭੱਟੀਆਂ ਵਿੱਚ ਵਾਲੀ ’ਤੇ ਵਿਅਕਤੀ ਨੇ ਪ੍ਰਵਾਸੀ ਮਜ਼ਦੂਰ ਨੂੰ ਪਿੰਡ ਦੀ ਔਰਤ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਬੇਰਹਿਮੀ ਨਾਲ ਵੱਢ ਦਿੱਤਾ। ਵਾਰਦਾਤ ਇੰਨੀ ਭਿਆਨਕ ਸੀ ਕਿ ਹਮਲਾਵਰ ਨੇ ਮਜ਼ਦੂਰ 'ਤੇ ਕੁੱਲ 35 ਵਾਰ ਕੀਤੇ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਭੱਟੀਆਂ ਦੇ ਕਿਸਾਨ ਹਰਦੀਪ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਲਾਲ ਬਾਬੂ ਭਗਤ (42) ਨਾਂਅ ਦਾ ਵਿਅਕਤੀ ਉਸ ਦੇ ਖੇਤਾਂ ਵਿੱਚ ਪਿਛਲੇ 15 ਸਾਲ ਤੋਂ ਨੌਕਰੀ ਕਰਦਾ ਹੈ ਅਤੇ ਬੀਤੇ ਕੱਲ੍ਹ ਦੀਵਾਲੀ ਦਾ ਕਰਕੇ ਉਹ ਛੁੱਟੀ ’ਤੇ ਸੀ। ਕਰੀਬ ਸਵਾ ਚਾਰ ਵਜੇ ਲਾਲ ਬਾਬੂ ਪਿੰਡ ਵਿੱਚ ਹੀ ਦਰਸ਼ਨ ਸਿੰਘ ਦੀ ਦੁਕਾਨ ਤੋਂ ਕੁਝ ਸਮਾਨ ਲੈਣ ਗਿਆ, ਪਰ ਉੱਥੇ ਪਿੰਡ ਦੇ ਹੀ ਨੌਜਵਾਨ ਪਰਗਟ ਸਿੰਘ ਨੇ ਉਸ ਦੇ ਨੌਕਰ ’ਤੇ ਗੰਡਾਸੇ ਨਾਲ ਹਮਲਾ ਕਰ ਦਿੱਤਾ। ਰੌਲਾ ਪੈਣ ’ਤੇ ਪਰਗਟ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ।
ਨਾਜਾਇਜ਼ ਸਬੰਧਾਂ ਤੇ ਨਸ਼ੇ ਕਰਕੇ ਵਾਪਰੀ ਘਟਨਾ-
ਕਿਸਾਨ ਨੇ ਦੱਸਿਆ ਕਿ ਪਰਗਟ ਸਿੰਘ ਨੂੰ ਲਾਲ ਬਾਬੂ ਭਗਤ ਦਾ ਪਿੰਡ ਦੀ ਹੀ ਇੱਕ ਔਰਤ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਸੀ। ਦੀਵਾਲੀ ਵਾਲੀ ਸ਼ਾਮ ਉਸ ਦੀ ਨਸ਼ੇ ਦੀ ਹਾਲਤ ’ਚ ਬਾਬੂ ਨਾਲ ਬਹਿਸਬਾਜ਼ੀ ਹੋਈ ਤੇ ਇਹ ਘਟਨਾ ਵਾਪਰ ਗਈ। ਹਾਲਾਂਕਿ, ਪਿੰਡ ਦੇ ਲੋਕਾਂ ਮੁਤਾਬਕ ਕਥਿਤ ਦੋਸ਼ੀ ਪਰਗਟ ਸਿੰਘ ਨਸ਼ੇ ਦਾ ਆਦੀ ਹੈ ਅਤੇ ਉਸ ਨੇ ਨਸ਼ੇ ਦੀ ਹਾਲਤ ’ਚ ਹੀ ਬੇਕਸੂਰ ਲਾਲ ਬਾਬੂ ਭਗਤ ਨੂੰ ਬੇਰਹਿਮੀ ਨਾਲ ਮਾਰ ਦਿੱਤਾ।
ਸੀਸੀਟੀਵੀ 'ਚ ਕੈਦ ਹੋਈ ਘਟਨਾ-
ਪਿੰਡ ਦੀ ਜਿਸ ਗਲੀ ਵਿੱਚ ਇਹ ਘਟਨਾ ਵਾਪਰੀ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ ਅਤੇ ਮੁਲਜ਼ਮ ਦੀ ਸਾਰੀ ਕਰਤੂਤ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਥਿਤ ਦੋਸ਼ੀ ਪਰਗਟ ਸਿੰਘ ਹੱਥ ’ਚ ਗੰਡਾਸਾ ਫੜ ਕੇ ਆਉਂਦਾ ਹੈ ਅਤੇ ਦੁਕਾਨ ’ਤੇ ਸਮਾਨ ਲੈਣ ਲਈ ਖੜ੍ਹੇ ਲਾਲ ਬਾਬੂ ਭਗਤ ਨਾਲ ਬਹਿਸਬਾਜ਼ੀ ਕਰਨ ਲੱਗਦਾ ਹੈ ਤੇ ਫਿਰ ਗੰਡਾਸਿਆਂ ਨਾਲ ਹਮਲਾ ਸ਼ੁਰੂ ਕਰ ਦਿੰਦਾ ਹੈ।
ਮਰੇ ਹੋਏ ਵਿਅਕਤੀ 'ਤੇ ਵੀ ਕੀਤੇ ਕਈ ਵਾਰ-
ਸੀਸੀਟੀਵੀ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਹੈ ਕਿ ਮੁਲਜ਼ਮ ਨੇ ਖੜ੍ਹੇ ਹੋਏ ਲਾਲ ਬਾਬੂ ਭਗਤ ਦੇ ਤਿੰਨ ਵਾਰ ਗੰਡਾਸੇ ਨਾਲ ਵਾਰ ਕੀਤਾ ਤੇ ਫਿਰ ਉਹ ਜ਼ਮੀਨ 'ਤੇ ਡਿੱਗ ਪਿਆ। ਇਸ ਤੋਂ ਬਾਅਦ ਕਥਿਤ ਦੋਸ਼ੀ ਨੇ ਲਗਾਤਾਰ 30 ਵਾਰ ਗੰਡਾਸੇ ਮਾਰ-ਮਾਰ ਉਸ ਦਾ ਮੂੰਹ ਬੁਰੀ ਤਰ੍ਹਾਂ ਵੱਢ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਉੱਥੋਂ ਚਲਾ ਗਿਆ। ਕੁਝ ਹੀ ਮਿੰਟਾਂ ਬਾਅਦ ਕਥਿਤ ਦੋਸ਼ੀ ਫਿਰ ਗੰਡਾਸਾ ਫੜ ਕੇ ਵਾਪਸ ਆਇਆ ਤੇ ਮਰੇ ਹੋਏ ਲਾਲ ਬਾਬੂ ਭਗਤ ਦੇ ਚਿਹਰੇ ’ਤੇ ਗੰਡਾਸੇ ਨਾਲ ਦੋ ਵਾਰ ਹੋਰ ਕੀਤੇ ਅਤੇ ਲਲਕਾਰੇ ਮਾਰਦਾ ਹੋਇਆ ਚਲਾ ਗਿਆ।

Tags :


Des punjab
Shane e punjab
Des punjab