DES PANJAB Des punjab E-paper
Editor-in-chief :Braham P.S Luddu, ph. 403-293-9393
ਏਸ਼ੀਆਈ ਜੋੜੀ ਨੇ ਦੁਬਈ 'ਚ ਕੀਤੀ ਚੋਰੀ, ਹਾਂਗ-ਕਾਂਗ ਜਾਂਦੇ ਭਾਰਤ 'ਚ ਫੜੇ
Date : 2018-11-05 PM 01:09:58 | views (15)

 ਇੱਕ ਏਸ਼ੀਆਈ ਜੋੜੀ ਨੇ ਦੁਬਈ ਦੀ ਇੱਕ ਦੁਕਾਨ 'ਚੋਂ ਤਿੰਨ ਲੱਖ ਦਰਹਮ (ਲਗਭਗ 81,000 ਅਮਰੀਕੀ ਡਾਲਰ, ਜੋ ਲਗਭਗ 59.40 ਲੱਖ ਰੁਪਏ ਬਣਦੇ ਹਨ) ਦਾ ਇੱਕ ਹੀਰਾ ਚੋਰੀ ਕਰ ਲਿਆ ਤੇ ਉਹ ਇਹ ਵੱਡੀ ਚੋਰੀ ਕਰ ਕੇ ਦੇਸ਼ 'ਚੋਂ ਫ਼ਰਾਰ ਹੋ ਗਏ। ਉਨ੍ਹਾਂ ਦੇ ਹਵਾਈ ਜਹਾਜ਼ ਨੇ ਭਾਰਤ ਦੇ ਮੁੰਬਈ 'ਚੋਂ ਹੁੰਦੇ ਹੋਏ ਹਾਂਗ ਕਾਂਗ ਜਾਣਾ ਸੀ। ਉਨ੍ਹਾਂ ਨੂੰ ਬਹੁਤ ਨਾਟਕੀ ਢੰਗ ਨਾਲ ਭਾਰਤ ਦੇ ਇੰਕ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਕੇ ਵਾਪਸ ਦੁਬਈ ਲਿਆਂਦਾ ਗਿਆ। ਉਹ ਆਪਣੇ ਨਾਲ 3.27 ਕੇਰੇਟ ਦਾ ਹੀਰਾ ਸਮੱਗਲ ਕਰ ਕੇ ਲਿਜਾਣ ਵਿੱਚ ਸਫ਼ਲ ਹੋ ਗਏ ਸਨ। ਦਰਅਸਲ, ਔਰਤ ਨੇ ਉਸ ਹੀਰੇ ਨੂੰ ਨਿਗਲ ਲਿਆ ਸੀ। ਸ਼ੱਕੀ ਮੁਲਜ਼ਮ ਆਪਣੀ ਉਮਰ ਦੇ 40ਵਿਆਂ 'ਚੋਂ ਲੰਘ ਰਹੇ ਹਨ। ਉਨ੍ਹਾਂ ਨੂੰ ‘ਇੰਟਰਪੋਲ' ਤੇ ਭਾਰਤੀ ਪੁਲਿਸ ਦੀ ਮਦਦ ਨਾਲ ਯੂ.ਏ.ਈ. ਵਾਪਸ ਲਿਆਂਦਾ ਗਿਆ। ਪੁਲਿਸ ਨੇ ਦੁਕਾਨ ਦੇ ਖ਼ੁਫ਼ੀਆ ਕੈਮਰਿਆਂ ਦੀ ਫ਼ੁਟੇਜ ਜਾਰੀ ਕੀਤੀ, ਜਿਸ ਵਿੱਚ ਏਸ਼ੀਆਈ ਜੋੜੀ ‘ਡੀਰਾ'ਜ਼ ਗੋਲਡ ਸੂਕ' ਨਾਂਅ ਦੇ ਜਿਊਲਰੀ ਸਟੋਰ 'ਚ ਦਾਖ਼ਲ ਹੁੰਦੀ ਵਿਖਾਈ ਦਿੰਦੀ ਹੈ। ਪੁਲਿਸ ਮੁਤਾਬਕ ਮਰਦ ਨੇ ਕਈ ਤਰ੍ਹਾਂ ਦੇ ‘ਸਟੋਨਜ਼' ਬਾਰੇ ਜਾਣਕਾਰੀ ਲੈਣ ਦੇ ਬਹਾਨੇ ਸਟੋਰ ਦੇ ਸਟਾਫ਼-ਮੈਂਬਰਾਂ ਦਾ ਧਿਆਨ ਆਪਣੀ ਪਤਨੀ/ਸਾਥਣ ਤੋਂ ਲਾਂਭੇ ਕਰਨ ਦਾ ਜਤਨ ਕੀਤਾ ਅਤੇ ਉਹ ਆਪਣੇ ਉਸ ਜਤਨ 'ਚ ਸਫ਼ਲ ਵੀ ਰਿਹਾ। ਪੁਲਿਸ ਵੱਲੋਂ ਜਾਰੀ ਕੀਤੀ ਵਿਡੀਓ ਵਿੱਚ ਵਿਖਾਈ ਦਿੰਦਾ ਹੈ ਕਿ ਔਰਤ ਮੁੱਖ ਗੇਟ ਵੱਲ ਜਾ ਰਹੀ ਹੈ। ਫਿਰ ਉਹ ਡਿਸਪਲੇਅ ਦਾ ਸ਼ੀਸ਼ੇ ਦਾ ਦਰ ਖੋਲ੍ਹਦੀ ਹੈ ਤੇ ਹੀਰਾ ਚੋਰੀ ਕਰ ਲੈਂਦੀ ਹੈ। ਉਹ ਉਸ ਹੀਰੇ ਨੂੰ ਆਪਣੀ ਜੈਕੇਟ ਦੇ ਹੇਠਾਂ ਲੁਕਾਉਂਦੀ ਵੀ ਦਿਸਦੀ ਹੈ। ਪੁਲਿਸ ਅਨੁਸਾਰ ਸਟੋਰ ਮਾਲਕ ਨੂੰ ਉਸ ਚੋਰੀ ਦਾ ਉਸ ਜੋੜੀ ਦੇ ਜਾਣ ਦੇ ਤਿੰਨ ਘੰਟਿਆਂ ਬਾਅਦ ਪਤਾ ਚੱਲਦਾ ਹੈ। ਉਨ੍ਹਾਂ ਤਿੰਨ ਘੰਟਿਆਂ 'ਚ ਹੀ ਸ਼ੱਕੀ ਮੁਲਜ਼ਮਾਂ ਨੂੰ ਦੇਸ਼ 'ਚੋਂ ਫ਼ਰਾਰ ਹੋਣ ਦਾ ਮੌਕਾ ਮਿਲ ਗਿਆ। ਤਦ ਦੁਬਈ ਪੁਲਿਸ ਨੇ ਉਸ ਜੋੜੀ ਦਾ ਪਿੱਛਾ ਕਰਨ ਲਈ ਭਾਰਤ ਜਾਣ ਵਾਲੀ ਅਗਲੀ ਫ਼ਲਾਈਟ ਫੜੀ। ਭਾਰਤੀ ਹਵਾਈ ਅੱਡੇ 'ਤੇ ਪੁੱਜ ਕੇ ਪਹਿਲਾਂ ਹੀ ਪੁੱਜ ਚੁੱਕੀ ਉਸ ਜੋੜੀ ਨੂੰ ਹਿਰਾਸਤ ਵਿੱਚ ਲਿਆ ਗਿਆ। ਫਿਰ ਉਸ ਔਰਤ ਦਾ ਐਕਸ-ਰੇਅ ਲਿਆ ਗਿਆ, ਤਾਂ ਉਹ ਹੀਰਾ ਉਸ ਦੇ ਢਿੱਡ ਵਿੱਚ ਪਿਆ ਵਿਖਾਈ ਦੇ ਗਿਆ। ਫਿਰ ਦੁਬਈ ਪੁਲਿਸ ਉਨ੍ਹਾਂ ਦੋਵਾਂ ਕਥਿਤ ਚੋਰਾਂ ਨੂੰ ਅਗਲੀ ਉਡਾਣ ਰਾਹੀਂ ਆਪਣੇ ਨਾਲ ਵਾਪਸ ਲੈ ਗਈ।   


Tags :


Des punjab
Shane e punjab
Des punjab