DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਓਨਟਾਰੀਓ ਸਰਕਾਰ ਵੱਲੋਂ ਬਿੱਲ 4, ਦ ਕੈਪ ਐਂਡ ਟਰੇਡ ਕੈਂਸਲੇਸ਼ਨ ਐਕਟ ਪਾਸ
Date : 2018-11-02 PM 02:01:02 | views (31)

 ਓਨਟਾਰੀਓ, , : ਓਨਟਾਰੀਓ ਸਰਕਾਰ ਵੱਲੋਂ ਬਿੱਲ 4, ਦ ਕੈਪ ਐਂਡ ਟਰੇਡ ਕੈਂਸਲੇਸ਼ਨ ਐਕਟ ਪਾਸ ਕਰ ਦਿੱਤਾ ਗਿਆ ਹੈ। ਅਜਿਹਾ ਕਰਨ ਤੋਂ ਬਾਅਦ ਫੋਰਡ ਸਰਕਾਰ ਨੇ ਆਖਿਆ ਕਿ ਉਨ੍ਹਾਂ ਵੱਲੋਂ ਪਰਿਵਾਰਾਂ ਲਈ ਜਿ਼ੰਦਗੀ ਨੂੰ ਵਧੇਰੇ ਕਿਫਾਇਤੀ ਬਣਾਉਣ ਦਾ ਆਪਣਾ ਇੱਕ ਹੋਰ ਵਾਅਦਾ ਪੂਰਾ ਕਰ ਦਿੱਤਾ ਗਿਆ ਹੈ।  ਕੈਪ ਐਂਡ ਟਰੇਡ ਕਾਰਬਨ ਟੈਕਸ ਦੇ ਖਤਮ ਹੋਣ ਨਾਲ ਗੈਸ ਦੀਆਂ ਕੀਮਤਾਂ ਵਿੱਚ ਕਮੀ ਆਵੇਗੀ ਤੇ ਔਸਤਨ ਪਰਿਵਾਰਾਂ ਨੂੰ ਸਾਲ ਦੇ 260 ਡਾਲਰ ਦੀ ਬਚਤ ਹੋਵੇਗੀ। ਇਸ ਦੇ ਨਾਲ ਹੀ ਓਨਟਾਰੀਓ ਦੇ ਕਾਰੋਬਾਰੀਆਂ ਦੇ ਸਿਰ ਤੋਂ ਵੱਡਾ ਬੋਝ ਉਤਰ ਜਾਵੇਗਾ ਤੇ ਉਨ੍ਹਾਂ ਨੂੰ ਵੀ ਵਿਕਾਸ ਕਰਨ ਦਾ ਮੌਕਾ ਮਿਲੇਗਾ, ਰੋਜ਼ਗਾਰ ਦੇ ਨਵੇਂ ਰਾਹ ਖੁੱਲ੍ਹਣਗੇ ਤੇ ਅਸੀਂ ਵੀ ਮੁਕਾਬਲੇਬਾਜ਼ੀ ਵਿੱਚ ਨਿੱਤਰ ਸਕਾਂਗੇ। ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਅੱਜ ਓਨਟਾਰੀਓ ਲਈ ਮੀਲ ਦਾ ਪੱਥਰ ਕਾਇਮ ਹੋਇਆ ਹੈ। ਉਨ੍ਹਾਂ ਆਖਿਆ ਕਿ ਅਜੇ ਪਿਛਲੇ ਹਫਤੇ ਹੀ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਓਨਟਾਰੀਓ ਦੇ ਲੋਕਾਂ ਉੱਤੇ ਨਵਾਂ ਕਾਰਬਨ ਟੈਕਸ ਲਾਉਣ ਦਾ ਐਲਾਨ ਕੀਤਾ ਸੀ। 

ਫੋਰਡ ਨੇ ਆਖਿਆ ਕਿ ਕਾਰਬਨ ਟੈਕਸ ਦਾ ਵਿਰੋਧ ਕਰਨ ਵਾਲੇ ਪ੍ਰੋਵਿੰਸਾਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ ਤੇ ਹੌਲੀ ਹੌਲੀ ਅਸੀਂ ਇਸ ਕਾਰਬਨ ਟੈਕਸ ਨੂੰ ਮਨਸੂਖ ਕਰਕੇ ਹੀ ਰਹਾਂਗੇ। ਇਸ ਦਾ ਗ੍ਰੀਨ ਹਾਊਸ ਗੈਸਾਂ ਨੂੰ ਘਟਾਉਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਗੋਂ ਇਸ ਨਾਲ ਘਰਾਂ ਦੀ ਹੀਟਿੰਗ ਤੇ ਗੈਸੋਲੀਨ ਦੀਆਂ ਕੀਮਤਾਂ ਵਿੱਚ ਹੋਰ ਇਜਾਫਾ ਹੀ ਹੋਵੇਗਾ। ਉਨ੍ਹਾਂ ਆਖਿਆ ਕਿ ਇਸ ਗੈਰਸੰਵਿਧਾਨਕ, ਤੰਗ ਕਰਨ ਵਾਲੇ ਕਾਰਬਨ ਟੈਕਸ ਨੂੰ ਖਤਮ ਕਰਵਾਉਣ ਲਈ ਅਸੀਂ ਹਰ ਹੀਲਾ ਵਰਤਾਂਗੇ। ਐਨਵਾਇਰਮੈਂਟ, ਕੰਜ਼ਰਵੇਸ਼ਨ ਤੇ ਪਾਰਕਜ਼ ਮੰਤਰੀ ਰੌਡ ਫਿਲਿਪਜ਼ ਨੇ ਆਖਿਆ ਕਿ ਸਾਡਾ ਓਨਟਾਰੀਓ ਦੇ ਲੋਕਾਂ ਨਾਲ ਵਾਅਦਾ ਸੀ ਕਿ ਅਸੀਂ ਉਨ੍ਹਾਂ ਲਈ ਹੋਰ ਬਚਤ ਕਰਕੇ ਰਹਾਂਗੇ, ਉਨ੍ਹਾਂ ਦੀਆਂ ਜਿ਼ੰਦਗੀਆਂ ਵਧੇਰੇ ਕਿਫਾਇਤੀ ਕਰਾਂਗੇ ਤੇ ਉਨ੍ਹਾਂ ਲਈ ਰੋਜਗਾਰ ਦੇ ਨਵੇਂ ਮੌਕੇ ਪੈਦਾ ਕਰਾਂਗੇ ਤੇ ਮੌਜੂਦਾ ਰੋਜਗਾਰ ਦੀ ਹਿਫਾਜਤ ਕਰਾਂਗੇ। ਅਸੀਂ ਇਹ ਕਰ ਵਿਖਾਇਆ ਹੈ।

Tags :


Des punjab
Shane e punjab
Des punjab