DES PANJAB Des punjab E-paper
Editor-in-chief :Braham P.S Luddu, ph. 403-293-9393
ਹੋਮਪੰਜਾਬ ਅਧਿਆਪਕਾਂ ਦੇ ਹੱਕ 'ਚ ਮਾਨਸਾ ਜਿ਼ਲ੍ਹੇ ਦੇ 8 ਸਕੂਲਾਂ ਨੂੰ ਲਗਾਏ ਜਿੰਦਰੇ
Date : 2018-11-02 PM 01:14:08 | views (61)

 ਪੰਜਾਬ ਅਧਿਆਪਕਾਂ ਵੱਲੋਂ ਮੰਗਾਂ ਨੂੰ ਲੈ ਕੇ ਸਾਂਝੇ ਮੋਰਚੇ ਦੇ ਬੈਨਰ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ 'ਚ ਪੱਕਾ ਮੋਰਚਾ ਲਗਾਇਆ ਹੋਇਆ ਹੈ। ਉਥੇ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਆਗੂ ਦੀਆਂ ਬਦਲੀਆਂ ਦੂਰ ਦੁਰਾਡੇ ਜਿ਼ਲ੍ਹਿਆਂ 'ਚ ਕੀਤੀਆਂ ਜਾ ਰਹੀਆਂ। ਇਸ ਦੇ ਚਲਦੇ ਹੀ ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨੀਂ ਮਾਨਸਾ ਜਿ਼ਲ੍ਹੇ ਦੇ 12 ਅਧਿਆਪਕਾਂ ਦੀਆਂ ਬਦਲੀਆਂ ਕਪੂਰਥਲਾ ਤੇ ਨਵਾਂ ਸ਼ਹਿਰ 'ਚ ਕੀਤੀਆਂ ਗਈਆਂ। ਅਧਿਆਪਕਾਂ ਦੀਆਂ ਬਦਲੀਆਂ ਕੀਤੇ ਜਾਣ ਤੋਂ ਬਾਅਦ ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਮਾਨਸਾ ਜਿ਼ਲ੍ਹੇ ਦੇ 8 ਸਕੂਲਾਂ ਨੂੰ ਜਿੰਦਰੇ ਲਗਾ ਦਿੱਤੇ। ਕਿਸਾਨ, ਮਜ਼ਦੂਰ ਯੂਨੀਅਨਾਂ, ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਨੇ ਸਕੂਲਾਂ ਅੱਗੇ ਧਰਨੇ ਲਗਾਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਜਿ਼ਕਰਯੋਗ ਹੈ ਕਿ ਤਾਮਕੋਟ, ਭੁਪਾਲ, ਗਾਮੀਵਾਲਾ ਅਤੇ ਰੱਲਾ ਸਕੂਲਾਂ ਦੇ ਪ੍ਰਾਇਮਰੀ ਅਧਿਆਪਕਾਂ ਅਤੇ ਸੀਨੀਅਰ ਸੈਕੰਡਰੀ ਰਾਏਪੁਰ, ਗਾਮੀਵਾਲਾ, ਸੱਦਾ ਸਿੰਘ ਵਾਲਾ ਅਤੇ ਬੁਰਜ ਹਰੀ ਪਿੰਡ ਦੇ ਅਧਿਆਪਕਾਂ ਦੀਆਂ ਬਦਲੀਆਂ ਨਵਾਂ ਸ਼ਹਿਰਾਂ ਅਤੇ ਕਪੂਰਥਲਾ 'ਚ ਕਰ ਦਿੱਤੀਆਂ ਸਨ। ਸਾਂਝਾ ਅਧਿਆਪਕ ਮੋਰਚਾ ਦੇ ਕੋ ਕਨਵੀਨਰ ਹਰਦੀਪ ਸਿੰਘ ਟੋਡਰਪੁਰ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਸੰਘਰਸ਼ ਕਰ ਰਹੇ ਅਧਿਆਪਕਾਂ ਅਤੇ ਯੂਨੀਅਨ ਆਗੂਆਂ ਦੀਆਂ ਇਸ ਹਫਤੇ ਬਦਲੀਆਂ ਕੀਤੀਆਂ ਗਈਆਂ ਸਨ। ਜਿਸ ਦੇ ਵਿਰੋਧ 'ਚ ਪਿੰਡ ਵਾਸੀਆਂ ਵੱਲੋਂ ਸਕੂਲਾਂ ਨੂੰ ਜਿੰਦੇ ਲਗਾਕੇ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ।  ਕਿਸਾਨ ਆਗੂ ਮਹਿੰਦਰ ਸਿੰਘ ਨੇ ਕਿਹਾ ਕਿ ਕਿਸਾਨ, ਮਜ਼ਦੂਰ ਅਤੇ ਵਿਦਿਆਰਥੀ ਉਨ੍ਹਾਂ ਅਧਿਆਪਕਾਂ ਦੇ ਨਾਲ ਖੜ੍ਹੇ ਹਨ ਜਿਨ੍ਹਾਂ ਨੂੰ ਸਰਕਾਰ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਹੁਣ ਸਾਡੇ ਬੱਚਿਆਂ ਦਾ ਭਵਿੱਖ ਖਤਮ ਕਰਨ ਲਈ ਰਾਜਨੀਤੀ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਉਦੋਂ ਤੱਕ ਸਕੂਲ ਨਹੀਂ ਖੋਲ੍ਹਣ ਦਿੱਤੇ ਜਾਣਗੇ ਜਦੋਂ ਤੱਕ ਅਧਿਆਪਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।  ਦੂਜੇ ਪਾਸੇ ਜਿ਼ਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਾਨਸਾ ਨੇ ਐਸਐਸਪੀ ਨੂੰ ਪੱਤਰ ਲਿਖਕੇ ਸਕੂਲ ਖੋਲ੍ਹਣ ਵਾਸਤੇ ਪੁਲਿਸ ਮਦਦ ਮੰਗੀ ਹੈ। ਜਿ਼ਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੁਭਾਸ਼ ਚੰਦਰ ਨੇ ਕਿਹਾ ਕਿ ਦੁਪਹਿਰ ਤੋਂ ਬਾਅਦ ਪੁਲਿਸ ਦੀ ਮਦਦ ਨਾਲ ਦੋ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਖੁੱਲ੍ਹਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਸਕੂਲਾਂ ਨੂੰ ਸ਼ਨੀਵਾਰ ਨੂੰ ਖੁੱਲ੍ਹਵਾਇਆ ਜਾਵੇਗਾ, ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਜਿ਼ਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਐਸਐਸਏ, ਰਮਸਾ  ਸਮੇਤ ਵੱਖ ਵੱਖ ਸਕੀਮਾਂ ਤਹਿਤ ਕੰਮ ਕਰਦੇ ਅਧਿਆਪਕਾਂ ਦੀਆਂ ਤਨਖਾਹਾਂ ਘਟਾਕੇ ਪੱਕੇ ਕਰਨ ਦਾ ਫੈਸਲਾ ਕੀਤਾ ਸੀ। ਜਿਸ ਦੇ ਵਿਰੋਧ 'ਚ ਪੰਜਾਬ ਭਰ 'ਚ ਸਾਂਝੇ ਅਧਿਆਪਕ ਮੋਰਚੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ ਦੀ ਹਿਮਾਇਤ ਉਤੇ ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਵੀ ਉਤਰ ਆਈਆਂ ਹਨ।

  

Tags :


Des punjab
Shane e punjab
Des punjab