DES PANJAB Des punjab E-paper
Editor-in-chief :Braham P.S Luddu, ph. 403-293-9393
900 ਦੀ ਰੇਟਿੰਗ ਤੋਂ ਇਕ ਅੰਕ ਦੂਰ ਵਿਰਾਟ, ਚਾਹਲ ਚੋਟੀ 10 'ਚ ਸ਼ਾਮਲ
Date : 2018-11-02 PM 01:08:25 | views (70)

 ਦੁਬਈ : ਭਾਰਤੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਵੈਸਟਇੰਡੀਜ਼ ਵਿਰੁੱਧ 5 ਵਨ ਡੇ ਮੈਚਾਂ ਦੀ ਸੀਰੀਜ਼ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪਹਿਲੀ ਵਾਰ ਟਾਪ-10 ਗੇਂਦਬਾਜ਼ਾਂ ਵਿਚ ਸ਼ਾਮਲ ਹੋ ਗਿਆ ਹੈ, ਜਦਕਿ ਕਪਤਾਨ ਵਿਰਾਟ ਕੋਹਲੀ ਆਪਣੇ ਬੱਲੇ ਦੇ ਪ੍ਰਦਰਸ਼ਨ ਨਾਲ 899 ਦੀ ਰੇਟਿੰਗ 'ਤੇ ਪਹੁੰਚ ਗਿਆ ਹੈ। ਲੈਫਟ ਆਰਮ ਸਪਿਨਰ ਰਵਿੰਦਰ ਜਡੇਜਾ ਨੇ ਵੀ ਗੇਂਦਬਾਜ਼ੀ ਰੈਂਕਿੰਗ ਵਿਚ ਲੰਬੀ ਛਲਾਂਗ ਲਾਈ ਹੈ। ਭਾਰਤ ਨੇ ਵੈਸਟਇੰਡੀਜ਼ ਤੋਂ ਸੀਰੀਜ਼ 3-1 ਨਾਲ ਜਿੱਤੀ।

ਵਿਰਾਟ ਸੀਰੀਜ਼ ਵਿਚ 3 ਸੈਂਕੜਿਆਂ ਦੀ ਮਦਦ ਨਾਲ 453 ਦੌੜਾਂ ਬਣਾ ਕੇ 'ਮੈਨ ਆਫ ਦਿ ਸੀਰੀਜ਼' ਰਿਹਾ ਹੈ। ਇਸ ਪ੍ਰਦਰਸ਼ਨ ਨਾਲ ਉਸ ਨੂੰ 15 ਰੇਟਿੰਗ ਅੰਕਾਂ ਦਾ ਫਾਇਦਾ ਹੋਇਆ। ਵਿਰਾਟ ਦੀ ਸਰਵਸ੍ਰੇਸ਼ਠ ਰੇਟਿੰਗ 911 ਦੀ ਰਹੀ ਹੈ, ਜਿਹੜੀ ਉਸ ਨੇ ਇਸ ਸਾਲ ਜੁਲਾਈ ਵਿਚ ਇੰਗਲੈਂਡ 'ਚ ਹਾਸਲ ਕੀਤੀ ਸੀ। ਵਿਰਾਟ ਦਾ ਬੱਲੇਬਾਜ਼ੀ ਵਿਚ ਚੋਟੀ ਦਾ ਸਥਾਨ ਬਣਿਆ ਹੋਇਆ ਹੈ। ਭਾਰਤੀ ਉਪ-ਕਪਤਾਨ ਰੋਹਿਤ ਸ਼ਰਮਾ ਦਾ ਵੀ ਦੂਜਾ ਸਥਾਨ ਬਣਿਆ ਹੋਇਆ ਹੈ। ਰੋਹਿਤ ਨੇ ਸੀਰੀਜ਼ ਵਿਚ ਦੋ ਸੈਂਕੜੇ ਤੇ ਇਕ ਅਰਧ ਸੈਂਕੜਾ ਬਣਾਇਆ। ਰੋਹਿਤ ਨੂੰ ਇਸ ਪ੍ਰਦਰਸ਼ਨ ਨਾਲ 29 ਅੰਕਾਂ ਦਾ ਫਾਇਦਾ ਹੋਇਆ ਹੈ ਤੇ ਹੁਣ ਉਹ 871 ਦੀ ਆਪਣੀ ਸਰਵਸ੍ਰੇਸ਼ਠ ਰੇਟਿੰਗ 'ਤੇ ਪਹੁੰਚ ਗਿਆ ਹੈ। ਲੈੱਗ ਸਪਿਨਰ ਚਾਹਲ ਤਿੰਨ ਸਥਾਨਾਂ ਦੇ ਸੁਧਾਰ ਨਾਲ 8ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਚਾਹਲ ਨੇ ਪਹਿਲੀ ਵਾਰ ਟਾਪ-10 ਗੇਂਦਬਾਜ਼ਾਂ ਵਿਚ ਜਗ੍ਹਾ ਬਣਾਈ ਹੈ। ਵਨ ਡੇ ਵਿਚ ਇਕ ਸਾਲ ਦੇ ਫਰਕ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਨ ਵਾਲੇ ਜਡੇਜਾ ਨੇ 16 ਸਥਾਨਾਂ ਦੀ ਛਲਾਂਗ ਲਾਈ ਹੈ ਤੇ ਉਹ ਹੁਣ 25ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਜਡੇਜਾ ਨੇ ਆਖਰੀ ਵਨ ਡੇ ਵਿਚ 4 ਵਿਕਟਾਂ ਲਈਆਂ ਤੇ 'ਮੈਨ ਆਫ ਦਿ ਮੈਚ' ਬਣਿਆ। ਜਡੇਜਾ ਨੇ ਚਾਰ ਮੈਚਾਂ 'ਚ 7 ਵਿਕਟਾਂ ਲਈਆਂ। ਚਾਹਲ ਹੁਣ ਗੇਂਦਬਾਜ਼ੀ ਰੈਂਕਿੰਗ 'ਚ ਇੰਗਲੈਂਡ ਦੇ ਆਦਿਲ ਰਾਸ਼ਿਦ ਦੇ ਬਰਾਬਰ ਸਾਂਝੇ ਤੌਰ 'ਤੇ 8ਵੇਂ ਸਥਾਨ 'ਤੇ ਹੈ। ਰਾਸ਼ਿਦ ਨੇ ਸ਼੍ਰੀਲੰਕਾ ਵਿਰੁੱਧ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਖਰੀ ਤਿੰਨ ਵਨ ਡੇ ਲਈ ਭਾਰਤੀ-11 'ਚ ਪਰਤੇ ਜਸਪ੍ਰੀਤ ਬੁਮਰਾਹ ਨੇ 841 ਦੀ ਆਪਣੀ ਸਰਵਸ੍ਰੇਸ਼ਠ ਰੇਟਿੰਗ ਨਾਲ ਗੇਂਦਬਾਜ਼ਾਂ ਵਿਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ। ਭਾਰਤੀ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ 723 ਦੀ ਸਰਵਸ੍ਰੇਸ਼ਠ ਰੇਟਿੰਗ ਨਾਲ ਤੀਜੇ ਸਥਾਨ 'ਤੇ ਹੈ।ਇਸ ਵਿਚਾਲੇ ਭਾਰਤੀ ਓਪਨਰ ਸ਼ਿਖਰ ਧਵਨ ਨੂੰ ਚਾਰ ਸਥਾਨ ਦਾ ਨੁਕਸਾਨ ਚੁੱਕਣਾ ਪਿਆ ਹੈ ਤੇ ਹੁਣ ਉਹ ਨੌਵੇਂ ਸਥਾਨ 'ਤੇ ਖਿਸਕ ਗਿਆ ਹੈ। ਸ਼ਿਖਰ ਦਾ ਸੀਰੀਜ਼ ਵਿਚ ਬੈਸਟ ਸਕੋਰ ਹੀ 38 ਦੌੜਾਂ ਰਿਹਾ। ਅੰਬਾਤੀ ਰਾਇਡੂ ਨੇ ਚੌਥੇ ਵਨ ਡੇ ਵਿਚ ਆਪਣੇ ਸੈਂਕੜੇ ਦੀ ਬਦੌਲਤ 24 ਸਥਾਨਾਂ ਦੀ ਲੰਬੀ ਛਲਾਂਗ ਲਾਈ ਹੈ ਤੇ ਉਹ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ 553 ਦੀ ਰੇਟਿੰਗ 'ਤੇ ਪਹੁੰਚਿਆ ਹੈ। ਵਿਰਾਟ ਤੇ ਰੋਹਿਤ ਤੋਂ ਬਾਅਦ ਤੀਜੇ ਸਥਾਨ 'ਤੇ ਇੰਗਲੈਂਡ ਦਾ ਜੋ ਰੂਟ ਹੈ, ਜਿਸ ਦੇ 807 ਰੇਟਿੰਗ ਅੰਕ ਹਨ। ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵੈਸਟਇੰਡੀਜ਼ ਦੇ ਸ਼ਾਈ ਹੋਪ ਤੇ ਸ਼ਿਮਰੋਨ ਹੈੱਟਮਾਇਰ ਨੇ ਆਪਣੀ ਰੈਂਕਿੰਗ ਵਿਚ ਸ਼ਲਾਘਾਯੋਗ ਸੁਧਾਰ ਕੀਤਾ ਹੈ। ਹੋਪ 22 ਸਥਾਨਾਂ ਦੀ ਛਲਾਂਗ ਨਾਲ 25ਵੇਂ ਤੇ ਹੈੱਟਮਾਇਰ 31 ਸਥਾਨਾਂ ਦੀ ਛਲਾਂਗ ਨਾਲ 26ਵੇਂ ਨੰਬਰ 'ਤੇ ਪਹੁੰਚਿਆ ਹੈ।

Tags :


Des punjab
Shane e punjab
Des punjab