DES PANJAB Des punjab E-paper
Editor-in-chief :Braham P.S Luddu, ph. 403-293-9393
ਅਮਰੀਕੀ ਨਾਗਰਿਕਤਾ ਚਾਹੁੰਦੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਲਈ ਲੱਗਣਗੇ ਤੰਬੂ
Date : 2018-10-30 PM 01:32:34 | views (49)

 ਰਾਸ਼ਟਰਪਤੀ ਡੋਨਾਲਡ ਟਰੰਪ ਚਾਹੁੰਦੇ ਹਨ ਕਿ ਅਮਰੀਕਾ 'ਚ ਅਣਅਧਿਕਾਰਤ ਪ੍ਰਵਾਸੀਆਂ ਅਤੇ ਨਾੱਨ-ਸਿਟੀਜ਼ਨ (ਜਿਹੜੇ ਅਮਰੀਕੀ ਨਾਗਰਿਕ ਨਹੀਂ) ਦੇ ਘਰੀਂ ਪੈਦਾ ਹੋਣ ਵਾਲੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦਿੱਤੇ ਜਾਣ ਦਾ ਸੰਵਿਧਾਨਕ ਅਧਿਕਾਰ ਖ਼ਤਮ ਕਰ ਦਿੱਤਾ ਜਾਵੇ। ਸ੍ਰੀ ਟਰੰਪ ਨੇ ਆਪਣੀ ਇਹ ਮਨਸ਼ਾ ਇੱਕ ਤਾਜ਼ਾ ਇੰਟਰਵਿਊ ਦੌਰਾਨ ਜ਼ਾਹਿਰ ਕੀਤੀ ਹੈ। ਹੁਣ ਮੱਧਕਾਲੀ ਚੋਣਾਂ ਸਿਰ 'ਤੇ ਆ ਗਈਆਂ ਹਨ ਤੇ ਅਜਿਹੇ ਸਮੇਂ ਉਨ੍ਹਾਂ ਆਖਿਆ ਹੈ ਕਿ ਉਹ ਇਮੀਗ੍ਰੇਸ਼ਨ ਨੀਤੀਆਂ ਹੋਰ ਸਖ਼ਤ ਕਰਨ 'ਤੇ ਆਪਣਾ ਧਿਆਨ ਕੇਂਦ੍ਰਿਤ ਕਰਨਗੇ। ਦਰਅਸਲ, ਸ੍ਰੀ ਟਰੰਪ ਅਜਿਹੀਆਂ ਗੱਲਾਂ ਕਰ ਕੇ ਆਪਣੇ ਸਮਰਥਕ ਵੋਟਰਾਂ 'ਚ ਇੱਕ ਨਵੀਂ ਰੂਹ ਭਰਨੀ ਚਾਹੁੰਦੇ ਹਨ; ਤਾਂ ਜੋ ਉਹ ਵੱਧ ਤੋਂ ਵੱਧ ਰੀਪਬਲਿਕਨ ਪਾਰਟੀ ਨੂੰ ਵੋਟਾਂ ਪਾਉਣ ਤੇ ਉਨ੍ਹਾਂ ਦੀ ਪਾਰਟੀ ਦਾ ਸੰਸਦ 'ਤੇ ਕਬਜ਼ਾ ਬਣਿਆ ਰਹੇ। ਸ੍ਰੀ ਟਰੰਪ ਦੇ ਅਜਿਹੇ ਬਿਆਨ ਨਾਲ ਕੇਂਦਰੀ ਅਮਰੀਕਾ ਤੋਂ ਆਏ ਪ੍ਰਵਾਸੀਆਂ 'ਚ ਚਿੰਤਾ ਤੇ ਬੇਚੈਨੀ ਦੀ ਲਹਿਰ ਦੌੜ ਗਈ ਹੈ। ਰਾਸ਼ਟਰਪਤੀ ਹੁਣ ਮੈਕਸੀਕੋ ਨਾਲ ਲੱਗਦੀ ਆਪਣੀ ਕੌਮਾਂਤਰੀ ਸਰਹੱਦ 'ਤੇ ਹੋਰ ਵਧੇਰੇ ਸੁਰੱਖਿਆ ਬਲ ਤਾਇਨਾਤ ਕਰਨ ਬਾਰੇ ਵੀ ਵਿਚਾਰ ਕਰ ਰਹੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਵੀ ਪ੍ਰਵਾਸੀ ਹੁਣ ਅਮਰੀਕਾ 'ਚ ਪਨਾਹ ਮੰਗਣ ਦੇ ਇਰਾਦੇ ਨਾਲ ਆਇਆ ਕਰਨਗੇ, ਉਨ੍ਹਾਂ ਲਈ ਤੰਬੂ ਲਾਏ ਜਾਣਗੇ ਤੇ ਉਨ੍ਹਾਂ 'ਚ ਹੀ ਉਨ੍ਹਾਂ ਨੂੰ ਰੱਖਿਆ ਜਾਵੇਗਾ। ਹ ਵੀ ਸਪੱਸ਼ਟ ਹੈ ਕਿ ਜੇ ਕਿਤੇ ਪ੍ਰਵਾਸੀ ਪਰਿਵਾਰਾਂ ਦੇ ਘਰੀਂ ਪੈਦਾ ਹੋਣ ਵਾਲੇ ਬੱਚਿਆਂ ਲਈ ਅਮਰੀਕੀ ਨਾਗਰਿਕਤਾ ਦਾ ਸੰਵਿਧਾਨਕ ਅਧਿਕਾਰ ਖ਼ਤਮ ਕਰਨ ਦਾ ਕੋਈ ਜਤਨ ਸ੍ਰੀ ਟਰੰਪ ਨੇ ਕੀਤਾ, ਤਾਂ ਇਸ ਲਈ ਬਹੁਤ ਸਾਰੇ ਲੋਕ ਅਦਾਲਤ 'ਚ ਆਪਣੀਆਂ ਪਟੀਸ਼ਨਾਂ ਦਾਇਰ ਕਰ ਦੇਣਗੇ। ਹੁਣ ਤੱਕ ਸੰਵਿਧਾਨ ਦੀ 14ਵੀਂ ਸੋਧ ਅਮਰੀਕਾ 'ਚ ਪੈਦਾ ਹੋਣ ਵਾਲੇ ਸਾਰੇ ਬੱਚਿਆਂ ਨੂੰ ਨਾਗਰਿਕਤਾ ਦੀ ਗਰੰਟੀ ਦਿੰਦੀ ਹੈ। ਸ੍ਰੀ ਟਰੰਪ ਨੇ ਕਿਹਾ ਕਿ ਅਜਿਹੀ ਗਰੰਟੀ ਨੂੰ ਉਹ ਇੱਕ ‘ਐਗਜ਼ੀਕਿਊਟਿਵ ਆਰਡਰ' (ਕਾਰਜਕਾਰੀ ਹੁਕਮ) ਰਾਹੀਂ ਖ਼ਤਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਸਹੂਲਤ ਦੇਣ ਵਾਲਾ ਅਮਰੀਕਾ ਦੁਨੀਆ ਦਾ ਇੱਕੋ-ਇੱਕ ਦੇਸ਼ ਹੈ।    

Tags :


Des punjab
Shane e punjab
Des punjab