DES PANJAB Des punjab E-paper
Editor-in-chief :Braham P.S Luddu, ph. 403-293-9393
ਕੈਲੀਫ਼ੋਰਨੀਆ 'ਚ ਪਹਾੜ ਤੋਂ ਡਿੱਗ ਕੇ ਭਾਰਤੀ-ਜੋੜੀ ਦੀ ਮੌਤ
Date : 2018-10-30 PM 01:30:46 | views (44)

 ਅਮਰੀਕੀ ਸੂਬੇ ਕੈਲੀਫ਼ੋਰਨੀਆ 'ਚ ਯੋਸਮਾਈਟ ਨੈਸ਼ਨਲ ਪਾਰਕ 'ਚ ਇੱਕ ਪਹਾੜੀ ਦੀ ਟੀਸੀ ਤੋਂ ਹੇਠਾਂ ਖੱਡ ਵਿੱਚ ਡਿੱਗ ਕੇ ਭਾਰਤੀ ਮੂਲ ਦੀ ਇੱਕ ਜੋੜੀ ਦੀ ਮੌਤ ਹੋ ਗਈ ਹੈ। ਇਹ ਦੋਵੇਂ ਪਤੀ-ਪਤਨੀ ਅਮਰੀਕਾ 'ਚ ਹੀ ਕੰਮ ਕਰ ਰਹੇ ਸਨ। ਪਾਰਕ 'ਚ ਕੰਮ ਕਰਦੇ ਰੇਂਜਰਾਂ ਨੇ 29 ਸਾਲਾ ਵਿਸ਼ਨੂੰ ਵਿਸ਼ਵਨਾਥ ਤੇ 30 ਸਾਲਾ ਮੀਨਾਕਸ਼ੀ ਮੂਰਤੀ ਦੀਆਂ ਲਾਸ਼ਾਂ 800 ਫ਼ੁੱਟ ਹੇਠਾਂ ਟਾਫ਼ਟ ਪੁਆਇੰਟ ਤੋਂ ਬਰਾਮਦ ਕੀਤੀਆਂ। ਜਿੱਥੋਂ ਵਿਸ਼ਨੂੰ ਤੇ ਮੀਨਾਕਸ਼ੀ ਹੇਠਾਂ ਡਿੱਗੇ ਹਨ, ਉੱਥੇ ਕੋਈ ਰੇਲਿੰਗ ਨਹੀਂ ਹੈ। ਸ੍ਰੀ ਵਿਸ਼ਨੂੰ ਪਿੱਛੇ ਜਿਹੇ ਨਿਊ ਯਾਰਕ ਤੋਂ ਸੈਨ ਹੋਜ਼ੇ (ਕੈਲੀਫ਼ੋਰਨੀਆ) ਆ ਕੇ ਵੱਸ ਗਏ ਸਨ ਕਿਉਂਕਿ ਉਨ੍ਹਾਂ ਨੂੰ ‘ਸਿਸਕੋ ਸਿਸਟਮਜ਼ ਇਨਕ.' ਵਿੱਚ ਸਿਸਟਮਜ਼ ਇੰਜੀਨੀਅਰ ਦੀ ਨੌਕਰੀ ਮਿਲ ਗਈ ਸੀ। ਨੈਸ਼ਨਲ ਪਾਰਕ ਦੇ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ ਪਰ ਇਸ ਨੂੰ ਮੁਕੰਮਲ ਹੋਣ 'ਚ ਕਈ ਹਫ਼ਤੇ ਲੱਗ ਸਕਦੇ ਹਨ। ਇਸ ਜੋੜੀ ਨੇ ਭਾਰਤੀ ਸੂਬੇ ਕੇਰਲ ਦੇ ਸ਼ਹਿਰ ਚੇਂਗਾਨੂਰ ਦੇ ਕਾਲਜ ਤੋਂ ਕੰਪਿਊਟਰ ਸਾਇੰਸ ਵਿੱਚ ਇੰਜੀਨੀਅਰਿੰਗ ਕੀਤੀ ਸੀ। ਇਸ ਜੋੜੀ ਨੂੰ ਯਾਤਰਾ, ਖ਼ਾਸ ਕਰ ਕੇ ਪਹਾੜਾਂ ਦੀ, ਕਰਨ ਦਾ ਬਹੁਤ ਸ਼ੋਕ ਸੀ। ਮੀਨਾਕਸ਼ੀ ਤਾਂ ਹੈਰੀ ਪੌਟਰ ਦੀ ਪ੍ਰਸ਼ੰਸਕ ਸੀ ਤੇ ਆਪਣੇ ਵਾਲਾਂ ਨੂੰ ਗੁਲਾਬੀ ਰੰਗਤ ਦੇ ਕੇ ਰੱਖਦੀ ਸੀ। ਉਸ ਨੇ ਬਹੁਤ ਵਾਰ ਫ਼ੇਸਬੁੱਕ ਅਤੇ ਸੋਸ਼ਲ ਮੀਡੀਆ ਦੇ ਹੋਰ ਸਾਧਨਾਂ ਰਾਹੀਂ ਆਮ ਲੋਕਾਂ ਨੂੰ ਉੱਚੀਆਂ ਇਮਾਰਤਾਂ ਤੇ ਪਹਾੜੀਆਂ 'ਤੇ ਸੈਲਫ਼ੀਆਂ ਖਿੱਚਣ ਤੋਂ ਵਰਜਿਆ ਸੀ ਤੇ ਅਜਿਹੇ ਸਥਾਨਾਂ 'ਤੇ ਖ਼ਾਸ ਖਿ਼ਆਲ ਰੱਖਣ ਦੀ ਹੀ ਸਲਾਹ ਦਿੱਤੀ ਸੀ।ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਆਖ਼ਰ ਇਹ ਵਿਆਹੁਤਾ ਭਾਰਤੀ ਜੋੜੀ ਪਹਾੜੀ ਤੋਂ ਹੇਠਾਂ ਕਿਵੇਂ ਡਿੱਗੀ। ਇੱਕ ਦੋਸਤ ਨੇ ਦੱਸਿਆ ਕਿ ਉਹ ਸੜਕ ਰਸਤੇ ਨਿਊ ਯਾਰਕ ਜਾ ਰਹੇ ਸਨ ਅਤੇ ਜਾਂਦੇ ਸਮੇਂ ਰਾਹ 'ਚ ਕੈਲੀਫ਼ੋਰਨੀਆ ਦੇ ਕੁਝ ਪ੍ਰਸਿੱਧ ਸਥਾਨਾਂ ਦੀ ਸੈਰ ਦਾ ਆਨੰਦ ਵੀ ਮਾਣ ਰਹੇ ਸਨ।   


Tags :


Des punjab
Shane e punjab
Des punjab