DES PANJAB Des punjab E-paper
Editor-in-chief :Braham P.S Luddu, ph. 403-293-9393
ਪੰਜਾਬ ਦੇ ਧਰਨਾਕਾਰੀ ਅਧਿਆਪਕਾਂ ਨੇ ਲਿਆ ਮਰਦੇ ਦਮ ਤੱਕ ਸੰਘਰਸ਼ ਦਾ ਅਹਿਦ
Date : 2018-10-30 PM 01:16:03 | views (38)

 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਬਦਲੇ ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਵੱਡੀ ਕਟੌਤੀ ਕਰ ਦਿੱਤੀ; ਜਿਸ ਕਰ ਕੇ ਅਧਿਆਪਕ ਪਿਛਲੇ 23 ਦਿਨਾਂ ਤੋਂ ਪਟਿਆਲਾ 'ਚ ਧਰਨੇ 'ਤੇ ਬੈਠੇ ਹਨ। ਇਹ ਸਾਰੇ 8,886 ਅਧਿਆਪਕ ਕੇਂਦਰ ਸਰਕਾਰ ਵੱਲੋਂ ਪ੍ਰਾਯੋਜਿਤ ਸਕੀਮਾਂ ‘ਸਰਵ ਸਿ਼ਖ਼ਸ਼ਾ ਅਭਿਆਨ' (ਐੱਸਐੱਸਏ) ਅਤੇ ‘ਰਾਸ਼ਟਰੀ ਮਾਧਿਅਮਕ ਸਿ਼ਖ਼ਸ਼ਾ ਅਭਿਆਨ' (ਰਮਸਾ) ਅਧੀਨ ਭਰਤੀ ਹੋਏ ਸਨ ਤੇ ਇਸ ਵੇਲੇ ਇਹ ਸਾਰੇ ਰੋਸ ਮੁਜ਼ਾਹਰੇ 'ਚ ਭਾਗ ਲੈ ਰਹੇ ਹਨ। ਇਨ੍ਹਾਂ ਰੋਸ ਮੁਜ਼ਾਹਰਾਕਾਰੀ ਤੇ ਧਰਨਾਕਾਰੀ ਅਧਿਆਪਕਾਂ 'ਚੋਂ ਬਹੁਤਿਆਂ ਨੂੰ ਆਪੋ-ਆਪਣੀਆਂ ਤਨਖ਼ਾਹਾਂ 'ਚ ਵੱਡੀਆਂ ਕਟੌਤੀਆਂ ਕਾਰਨ ਘਰ ਦਾ ਖ਼ਰਚਾ ਚਲਾਉਣਾ ਬਹੁਤ ਔਖਾ ਹੋ ਜਾਵੇਗਾ। ਇਸੇ ਲਈ ਉਹ ਸਰਕਾਰ ਦੇ ਇਸ ਫ਼ੈਸਲੇ ਨੂੰ ਆਪਣੇ ਲਈ ਇੱਕ ਵੱਡਾ ਸਮਾਜਕ ਤੇ ਆਰਥਿਕ ਝਟਕਾ ਮੰਨ ਰਹੇ ਹਨ। ਇਸੇ ਲਈ ਸਾਰੇ ਅਧਿਆਪਕਾਂ ਦਾ ਇਹੋ ਕਹਿਣਾ ਹੈ ਕਿ ਉਹ ਆਖ਼ਰੀ ਦਮ ਤੱਕ ਇਹ ਜੰਗ ਲੜਨਗੇ। ਅੰਮ੍ਰਿਤਸਰ ਤੋਂ ਆਏ ਗਣਿਤ ਵਿਸ਼ੇ ਦੇ ਅਧਿਆਪਕ ਅਰਜਿੰਦਰ ਸਿੰਘ ਕਲੇਰ ਨੇ ਕਿਹਾ ਕਿ ਇਹ ਉਨ੍ਹਾਂ ਦੀ ਜਿਊਂਦੇ ਰਹਿਣ ਦੀ ਜੰਗ ਵਾਂਗ ਹੈ। ਅਸੀਂ ਸਰਕਾਰ ਦੇ ਹੱਥੋਂ ਆਪਣਾ ਸ਼ੋਸ਼ਣ ਨਹੀਂ ਹੋਣ ਦੇਵਾਂਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 2009 'ਚ ਐੱਸਐੱਸਏ ਅਧੀਨ ਇੱਕ ਅਧਿਆਪਕ ਵਜੋਂ ਭਰਤੀ ਹੋਣ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਪ੍ਰਾਈਵੇਟ ਕਾਲਜ ਵਿੱਚ ਪ੍ਰਿੰਸੀਪਲ ਵਜੋਂ ਕੰਮ ਕੀਤਾ ਸੀ। ਉਹ ਗਣਿਤ ਵਿਸ਼ੇ 'ਚ ਪੀ-ਐੱਚ.ਡੀ. ਹਨ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਖੇਤਰ 'ਚ ਕਿਉਂਕਿ ਸਦਾ ਅਸੁਰੱਖਿਆ ਬਣੀ ਰਹਿੰਦੀ ਹੈ, ਇਸੇ ਲਈ ਉਨ੍ਹਾਂ ਨੇ ਸਰਕਾਰੀ ਨੌਕਰੀ ਨੂੰ ਚੁਣਿਆ ਸੀ ਪਰ ਹੁਣ ਉਨ੍ਹਾਂ ਨੇ 15,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦੇਣ ਦਾ ਐਲਾਨ ਕਰ ਦਿੱਤਾ ਹੈ; ਜਦ ਕਿ ਕਾਲਜ ਪ੍ਰਿੰਸੀਪਲ ਵਜੋਂ ਹੀ ਉਹ ਉਦੋਂ ਹੀ 25,000 ਰੁਪਏ ਲੈ ਰਹੇ ਸਨ। ਸ੍ਰੀ ਕਲੇਰ ਨੇ ਦੱਸਿਆ ਕਿ ਉਨ੍ਹਾਂ ਨੇ 15 ਲੱਖ ਰੁਪਏ ਹੋਮ-ਲੋਨ ਲਿਆ ਹੈ, ਜਿਸ ਦੀ 20,000 ਰੁਪਏ ਮਾਸਿਕ ਕਿਸ਼ਤ ਕੱਟਦੀ ਹੈ ਤੇ 6,000 ਰੁਪਏ ਕਾਰ ਦੀ ਕਿਸ਼ਤ ਵੱਖਰੀ ਜਾਂਦੀ ਹੈ। ਸੰਗਰੂਰ ਜਿ਼ਲ੍ਹੇ ਦੇ ਮੂਣਕ ਸਕੂਲ ਦੀ ਅਧਿਆਪਕਾ ਹਰਪ੍ਰੀਤ ਕੌਰ ਵੀ ਸਿੱਖਿਆ ਵਿਸ਼ੇ 'ਚ ਪੀ-ਐੱਚ.ਡੀ. ਹਨ। ਉਹ ਇੱਕ ਪ੍ਰਾਈਵੇਟ ਕਾਲਜ ਦੇ ਪ੍ਰਿੰਸੀਪਲ ਵਜੋਂ 52,000 ਰੁਪਏ ਲੈ ਰਹੇ ਸਨ, ਜਦੋਂ ਉਨ੍ਹਾਂ ਸੂਬਾ ਸਰਕਾਰ ਦੀ 6,000 ਰੁਪਏ ਪ੍ਰਤੀ ਮਹੀਨਾ ਦੀ ਸਕੀਮ ਵਿੱਚ ਅਧਿਆਪਕ ਵਜੋਂ ਭਰਤੀ ਹੋਣ ਦਾ ਫ਼ੈਸਲਾ ਲਿਆ ਸੀ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਅਧਿਆਪਕਾਂ ਨਾਲ ਸਰਕਾਰ ਇੰਨਾ ਮਾੜਾ ਵਿਵਹਾਰ ਕਰੇਗੀ, ਤਾਂ ਉਹ ਆਪਣੀ ਕਾਲਜ ਦੀ ਨੌਕਰੀ ਕਦੇ ਨਾ ਛੱਡਦੇ। ਸਰਕਾਰ ਨੇ ਕੁਆਲੀਫ਼ਾਈਡ ਅਧਿਆਪਕਾਂ ਨੂੰ ਸੜਕਾਂ 'ਤੇ ਬੈਠਣ ਲਈ ਮਜਬੂਰ ਕਰ ਦਿੱਤਾ ਹੈ। ਬਠਿੰਡਾ ਸਕੂਲ ਦੇ ਅਧਿਆਪਕ ਹਰਜੀਤ ਸਿੰਘ ਜੀਦਾ (39) ਮੁਤਾਬਕ ਸਕੂਲਾਂ 'ਚ ਪੜ੍ਹਾਉਣਾ ਉਨ੍ਹਾਂ ਦਾ ਜਿਵੇਂ ਇੱਕ ਜਨੂੰਨ ਸੀ। ਉਨ੍ਹਾਂ ਰਾਜਨੀਤੀ ਵਿਗਿਆਨ ਵਿਸ਼ੇ 'ਚ ਲੈਕਚਰਾਰ ਵਜੋਂ ਕੰਮ ਕਰਨ ਦਾ ਅੱਠ ਵਰ੍ਹਿਆਂ ਦਾ ਤਜਰਬਾ ਹੈ। ਨਾਭਾ ਦੇ ਸ੍ਰੀਮਤੀ ਨਨਿਤਾ (38) ਨੇ ਵੀ ਕਿਹਾ ਕਿ ਉਹ ਸਰਕਾਰ ਸਾਹਵੇਂ ਇੰਝ ਆਤਮਸਮਰਪਣ ਨਹੀਂ ਕਰ ਸਕਦੇ ਤੇ ਉਹ ਆਪਣੇ ਆਖ਼ਰੀ ਦਮ ਤੱਕ ਆਪਣੇ ਅਧਿਕਾਰਾਂ ਲਈ ਲੜਨਗੇ। 


Tags :


Des punjab
Shane e punjab
Des punjab