DES PANJAB Des punjab E-paper
Editor-in-chief :Braham P.S Luddu, ph. 403-293-9393
ਅਕਾਲੀ ਦਲ 14 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗੇਗਾ ਮਾਫ਼ੀ
Date : 2018-10-30 PM 01:06:36 | views (69)

 ਸ਼੍ਰੋਮਣੀ ਅਕਾਲੀ ਦਲ ਪਹਿਲਾਂ ‘ਅਣਜਾਣੇ 'ਚ ਹੋਈਆਂ ਭੁੱਲਾਂ' (ਬਿਨਾ ਕਿਸੇ ਸੋਚੀ-ਸਮਝੀ ਯੋਜਨਾ ਅਧੀਨ ਹੋਈਆਂ ਗ਼ਲਤੀਆਂ) ਬਖ਼ਸ਼ਵਾਉਣ ਲਈ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਵੇਂ ਪੇਸ਼ ਹੋਣ ਦੀ ਯੋਜਨਾ ਉਲੀਕ ਰਿਹਾ ਹੈ। ਦਰਅਸਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੂੰ ਡੂੰਘੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪੰਥਕ ਹਲਕਿਆਂ 'ਚ ਉਸ ਦਾ ਜ਼ੋਰਦਾਰ ਵਿਰੋਧ ਹੋ ਰਿਹਾ ਹੈ; ਜਦ ਕਿ ਇਨ੍ਹਾਂ ਹੀ ਹਲਕਿਆਂ 'ਚ ਅਕਾਲੀ ਦਲ ਦਾ ਮੁਧੱਖ ਆਧਾਰ ਹੈ। ਸੂਤਰਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਵੇਂ ਪੇਸ਼ ਹੋ ਕੇ ਮਾਫ਼ੀ ਮੰਗਣ ਲਈ ਅਕਾਲੀ ਦਲ ਲੀਡਰਸਿ਼ਪ ਵੱਲੋਂ ਪਾਰਟੀ ਦਾ ਸਥਾਪਨਾ ਦਿਵਸ 14 ਦਸੰਬਰ ਦਾ ਦਿਨ ਚੁਣਿਆ ਗਿਆ ਹੈ। ਉਸ ਦਿਨ ਪਾਰਟੀ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਹੋਰ ਆਗੂ ਵੱਡੇ ਬਾਦਲ ਹੁਰਾਂ ਨਾਲ ਮਿਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੁੱਜਣਗੇ। ਇਸੇ ਲਈ ਹੁਣ ਸੀਨੀਅਰ ਬਾਦਲ ਲਗਾਤਾਰ ਸਾਰੇ ਆਗੂਆਂ ਨਾਲ ਮੁਲਾਕਾਤ ਕਰ ਕੇ ਇਸ ਮੁੱਦੇ 'ਤੇ ਆਮ-ਸਹਿਮਤੀ ਕਾਇਮ ਕਰ ਰਹੇ ਹਨ; ਤਾਂ ਜੋ ਬਾਅਦ 'ਚ ਕੋਈ ਅਸੰਤੁਸ਼ਟੀ ਨਾ ਰਹੇ। ਸਾਲ 2015 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਅਕਾਲੀ ਦਲ ਦੇ ਸਮਰਥਨ ਦਾ ਆਧਾਰ ਵੱਡੇ ਪੱਧਰ 'ਤੇ ਘਟਿਆ ਹੈ। ਉਦੋਂ ਅਕਾਲੀ-ਭਾਜਪਾ ਗੱਠਜੋੜ ਦੀ ਹੀ ਸਰਕਾਰ ਸੀ, ਜਦੋਂ ਬਰਗਾੜੀ ਤੇ ਕੋਟਕਪੂਰਾ ਵਿਖੇ ਸਿੱਖ ਰੋਸ ਮੁਜ਼ਾਹਰਾਕਾਰੀਆਂ 'ਤੇ ਪੰਜਾਬ ਪੁਲਿਸ ਨੇ ਗੋਲੀਬਾਰੀ ਕਰ ਦਿੱਤੀ ਸੀ। ਇਸੇ ਲਈ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਸਿਰਫ਼ 15 ਸੀਟਾਂ ਹੀ ਜਿੱਤ ਸਕਿਆ ਤੇ ਉਸ ਦੇ ਪੰਥਕ ਆਧਾਰ ਨੂੰ ਵੱਡਾ ਖੋਰਾ ਲੱਗ ਗਿਆ। ਹੁਣ ਬਰਗਾੜੀ 'ਚ ਬੇਅਦਬੀ ਅਤੇ ਉਸ ਤੋਂ ਬਾਅਦ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਵਿਰੁੱਧ ਬੀਤੀ 1 ਜੂਨ ਤੋਂ ਚੱਲ ਰਹੇ ਰੋਸ ਧਰਨੇ ਨੂੰ ਲਗਾਤਾਰ ਵੱਡਾ ਸਮਰਥਨ ਮਿਲਦਾ ਜਾ ਰਿਹਾ ਹੈ; ਜਿਸ ਕਾਰਨ ਅਕਾਲੀ ਦਲ ਦਾ ਫਿ਼ਕਰਮੰਦ ਹੋਣਾ ਸੁਭਾਵਕ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਕਾਇਮ ਕੀਤੇ ਗਏ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਬੇਅਦਬੀ ਤੇ ਉਸ ਤੋਂ ਬਾਅਦ ਬਰਗਾੜੀ ਤੇ ਕੋਟਕਪੂਰਾ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਲਈ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੀ ਲੀਡਰਸਿ਼ਪ ਨੂੰ ‘ਦੋਸ਼ੀ ਮੰਨਿਆ ਸੀ।' ਇਸੇ ਕਾਰਨ ਇਸ ਪਾਰਟੀ ਲਈ ਹਾਲਾਤ ਹੋਰ ਵੀ ਗੁੰਝਲਦਾਰ ਹੁੰਦੇ ਚਲੇ ਗਏ। ਪੰਜਾਬ ਦੀ ਮਾਝਾ ਪੱਟੀ ਦੇ ਟਕਸਾਲੀ ਅਕਾਲੀ ਆਗੂ - ਰਣਜੀਤ ਸਿੰਘ ਬ੍ਰਹਮਪੁਰਾ (ਲੋਕ ਸਭਾ ਮੈਂਬਰ), ਸਾਬਕਾ ਐੱਮਪੀ ਰਤਨ ਸਿੰਘ ਅਜਨਾਲਾ ਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਪਿੱਛੇ ਜਿਹੇ ਅਕਾਲੀ ਲੀਡਰਸਿ਼ਪ ਪ੍ਰਤੀ ਅਸੰਤੁਸ਼ਟੀ ਦਾ ਪ੍ਰਗਟਾਵਾ ਕਰ ਚੁੱਕੇ ਹਨ। ਫਿਰ ਪਾਰਟੀ 'ਚ ਸੀਨੀਆਰਤਾ ਦੇ ਮਾਮਲੇ 'ਚ ਦੂਜੇ ਨੰਬਰ ਦੇ ਆਗੂ ਸਮਝੇ ਜਾਂਦੇ ਸੁਖਦੇਵ ਸਿੰਘ ਢੀਂਡਸਾ ਰੋਸ ਵਜੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਹਨ ਤੇ ਇਸ ਵੇਲੇ ਉਹ ਕਿਸੇ ਨੂੰ ਬਹੁਤਾ ਮਿਲ ਵੀ ਨਹੀਂ ਰਹੇ। ਦੋਵੇਂ ਬਾਦਲਾਂ ਨੇ ਪਾਰਟੀ 'ਚ ਹਲਾਤ ਸੁਖਾਵੇਂ ਕਰਨ ਦੇ ਡਾਢੇ ਜਤਨ ਪਰ ਕੋਈ ਫ਼ਾਇਦਾ ਨਾ ਹੋਇਆ। ਚਾਰੇ ਨਾਰਾਜ਼ ਅਕਾਲੀ ਆਗੂ ਆਪਣੀਆਂ ‘ਪਿਛਲੀਆਂ ਭੁੱਲਾਂ' ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਵੇਂ ਪੇਸ਼ ਹੋ ਚੁੱਕੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭੁੱਲ ਬਖ਼ਸ਼ਵਾਉਣ ਦੇ ਮੁੱਦੇ 'ਤੇ ਅਕਾਲੀ ਆਗੂ ਆਪਸ ਵਿੱਚ ਵੰਡੇ ਹੋਏ ਹਨ ਕਿਉਂਕਿ ਕਈ ਆਗੂਆਂ ਨੂੰ ਜਾਪਦਾ ਹੈ ਕਿ ‘ਭੁੱਲ ਬਖ਼ਸ਼ਵਾਉਣ ਦਾ ਮਤਲਬ ਤਾਂ ਇਹੋ ਹੋਵੇਗਾ ਕਿ ਆਪਣੀ ਭੂਮਿਕਾ ਨੂੰ ਪ੍ਰਵਾਨ ਕਰ ਲੈਣਾ।' ਇੱਕ ਅਕਾਲੀ ਆਗੂ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਕਿਹਾ,‘ਹੁਣ ਸਾਡੀ ਪਾਰਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਵੇਂ ਪੇਸ਼ ਹੋਣ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਸਿੱਖ ਧਰਮ ਵਿੱਚ ਗ਼ਲਤੀ ਮੰਨਣਾ ਤੇ ਮੁਆਫ਼ੀ ਮੰਗਣ ਦਾ ਇੱਕ ਅਰਥ ਹੈ। ਹਾਲਾਤ ਸਾਡੇ ਹੱਕ 'ਚ ਨਹੀਂ ਹੋ ਰਹੇ; ਭਾਵੇਂ ਪਹਿਲਾਂ ਅਕਾਲੀ ਦਲ ਦੀ ਕਦੇ ਕੋਈ ਭੂਮਿਕਾ ਨਹੀਂ ਰਹੀ ਪਰ ਕਿਉਂਕਿ ਸਰਕਾਰ ਅਕਾਲੀਆਂ ਾਦੀ ਸੀ, ਇਸ ਲਈ ਦੋਸ਼ਾਂ ਨੂੰ ਕਬੂਲ ਕਰਨਾ ਹੀ ਪਵੇਗਾ।' ਹੁਣ ਇਸ ਮਾਮਲੇ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇਹ ਮਾਮਲਾ ਪੇਸ਼ ਕਿਵੇਂ ਕੀਤਾ ਜਾਵੇਗਾ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਗਿਆਨੀ ਗੁਰਬਚਨ ਸਿੰਘ ਨੂੰ ਬਦਲ ਕੇ ਉਨ੍ਹਾਂ ਦੀ ਥਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਐਕਟਿੰਗ ਜੱਥੇਦਾਰ ਬਣਾਉਣਾ ਵੀ ਉਸੇ ਰਣਨੀਤੀ ਦਾ ਹਿੱਸਾ ਹੈ ਕਿਉਂਕਿ ਪਾਰਟੀ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਵੇਂ ਪੇਸ਼ ਹੋ ਕੇ ਮੁਆਫ਼ੀ ਮੰਗਣ ਦਾ ਮਨ ਬਣਾ ਚੁੱਕੀ ਹੈ। ਜੇ ਪਾਰਟੀ ਗਿਆਨੀ ਗੁਰਬਚਨ ਸਿੰਘ ਹੁਰਾਂ ਸਾਹਵੇਂ ਹੀ ਪੇਸ਼ ਹੁੰਦੀ, ਤਾਂ ਫਿਰ ਮੁਆਫ਼ੀ ਦਾ ਕੋਈ ਮਤਲਬ ਹੀ ਨਹੀਂ ਸੀ ਰਹਿਣਾ ਕਿਉਂਕਿ ਉਨ੍ਹਾਂ ਨੇ ਹੀ ਤਾਂ ਸਾਲ 2015 'ਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪਹਿਲਾਂ ਮਾਫ਼ ਕੀਤਾ ਸੀ ਤੇ ਫਿਰ ਦਬਾਅ ਪੈਣ ਤੋਂ ਬਾਅਦ ਉਹ ਫ਼ੈਸਲਾ ਵਾਪਸ ਵੀ ਲੈ ਲਿਆ ਸੀ।   


Tags :
Most Viewed News


Des punjab
Shane e punjab
Des punjab