DES PANJAB Des punjab E-paper
Editor-in-chief :Braham P.S Luddu, ph. 403-293-9393
ਭਾਰਤ ਦੀ ਵਿੰਡੀਜ਼ 'ਤੇ ਚੌਥੇ ਵਨ ਡੇ 'ਚ ਧਮਾਕੇਦਾਰ ਜਿੱਤ
Date : 2018-10-29 PM 01:34:57 | views (53)

 ਮੁੰਬਈ— ਉਪ-ਕਪਤਾਨ ਰੋਹਿਤ ਸ਼ਰਮਾ (162) ਤੇ ਅੰਬਾਤੀ ਰਾਇਡੂ (100) ਦੇ ਬਿਹਤਰੀਨ ਸੈਂਕੜਿਆਂ ਅਤੇ ਉਨ੍ਹਾਂ ਵਿਚਾਲੇ ਤੀਜੀ ਵਿਕਟ ਲਈ 211 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਵੈਸਟਇੰਡੀਜ਼ ਨੂੰ ਚੌਥੇ ਵਨ ਡੇ ਵਿਚ ਸੋਮਵਾਰ 224 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ 'ਚ 2-1 ਦੀ ਬੜ੍ਹਤ ਬਣਾ ਲਈ ਹੈ। 

ਭਾਰਤ ਨੇ 50 ਓਵਰਾਂ 'ਚ 7 ਵਿਕਟਾਂ 'ਤੇ 377 ਦੌੜਾਂ ਦਾ ਵੱਡਾ ਸਕੋਰ ਬਣਾਉਣ ਤੋਂ ਬਾਅਦ ਵਿੰਡੀਜ਼ ਨੂੰ 36.2 ਓਵਰਾਂ ਵਿਚ 153 ਦੌੜਾਂ 'ਤੇ ਢੇਰ ਕਰ ਕੇ ਕੈਰੇਬੀਆਈ ਟੀਮ ਵਿਰੁੱਧ ਆਪਣੀ ਸਭ ਤੋਂ ਵੱਡੀ ਜਿੱਤ ਹਾਸਲ ਕਰ ਲਈ। ਭਾਰਤ ਨੇ ਪਿਛਲੇ ਮੈਚ ਦੀ ਹਾਰ ਤੋਂ ਉੱਭਰਦੇ ਹੋਏ ਇਸ ਮੈਚ 'ਚ ਬੱਲੇ ਤੇ ਗੇਂਦ ਨਾਲ ਧਮਾਕੇਦਾਰ ਪ੍ਰਦਰਸ਼ਨ ਕੀਤਾ। ਵਿੰਡੀਜ਼ ਟੀਮ ਲਈ ਹਾਲਾਂਕਿ ਕਪਤਾਨ ਜੇਸਨ ਹੋਲਡਰ ਨੇ ਆਖਰੀ ਸਮੇਂ ਵਿਚ ਕੁਝ ਦਮ ਦਿਖਾਉਂਦੇ ਹੋਏ ਦੌੜਾਂ ਬਣਾਈਆਂ ਤੇ ਅੰਤ ਤਕ 54 ਦੌੜਾਂ ਦੀ ਪਾਰੀ ਖੇਡ ਕੇ ਅਜੇਤੂ ਪੈਵੇਲੀਅਨ ਪਰਤਿਆ ਪਰ ਕੇਮਰ ਰੋਚ ਨੂੰ ਕੁਲਦੀਪ ਨੇ ਆਖਰੀ ਬੱਲੇਬਾਜ਼ ਦੇ ਰੂਪ ਵਿਚ ਆਊਟ ਕਰ ਕੇ ਵਿੰਡੀਜ਼ ਪਾਰੀ ਨੂੰ ਸਮੇਟ ਦਿੱਤਾ।
ਇਸ ਮੁਕਾਬਲੇ 'ਚ ਭਾਰਤ ਨੇ ਆਪਣੇ ਇਤਿਹਾਸ ਦਾ 11ਵਾਂ ਸਭ ਤੋਂ ਵੱਡਾ ਸਕੋਰ ਬਣਾਇਆ। ਭਾਰਤ ਦਾ ਵੈਸਟਇੰਡੀਜ਼ ਵਿਰੁੱਧ ਇਹ ਦੂਜਾ ਸਭ ਤੋਂ ਵੱਡਾ ਸਕੋਰ ਸੀ। ਭਾਰਤ ਵਨ ਡੇ ਵਿਚ ਵੈਸਟਇੰਡੀਜ਼ ਵਿਰੁੱਧ ਹੀ 418 ਦੌੜਾਂ ਦੇ ਸਭ ਤੋਂ ਵੱਡੇ ਸਕੋਰ ਦਾ ਰਿਕਾਰਡ ਰੱਖਦਾ ਹੈ। ਭਾਰਤ ਨੇ ਇਸ ਸਕੋਰ ਤੋਂ ਬਾਅਦ ਵਿੰਡੀਜ਼ 'ਤੇ ਹੀ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਭਾਰਤ ਦੀ ਵਿੰਡੀਜ਼ ਵਿਰੁੱਧ ਪਿਛਲੀ ਸਭ ਤੋਂ ਵੱਡੀ ਜਿੱਤ 160 ਦੌੜਾਂ ਦੀ ਸੀ, ਜਿਹੜੀ ਉਸ ਨੇ 31 ਜਨਵਰੀ 2007 ਨੂੰ ਵਡੋਦਰਾ ਵਿਚ ਹਾਸਲ ਕੀਤੀ ਸੀ।
ਇਸ ਤੋਂ ਪਹਿਲਾਂ ਭਾਰਤੀ ਉਪ-ਕਪਤਾਨ ਰੋਹਿਤ ਨੇ ਇਕ ਵਾਰ ਫਿਰ ਦਿਖਾਇਆ ਕਿ ਉਹ ਵੱਡੀ ਪਾਰੀ ਖੇਡਣ 'ਚ ਕਿੰਨਾ ਉਸਤਾਦ ਹੈ। ਰੋਹਿਤ ਨੇ ਸਿਰਫ 137 ਗੇਂਦਾਂ 'ਤੇ 162 ਦੌੜਾਂ ਵਿਚ 20 ਚੌਕੇ ਤੇ 4 ਛੱਕੇ ਲਾਏ। ਰਾਇਡੂ ਨੇ ਚੌਥੇ ਨੰਬਰ 'ਤੇ ਆਪਣੇ ਕਪਤਾਨ ਵਿਰਾਟ ਕੋਹਲੀ ਦੇ ਭਰੋਸੇ ਨੂੰ ਸਹੀ ਸਾਬਤ ਕਰਦਿਆਂ 81 ਗੇਂਦਾਂ 'ਤੇ 100 ਦੌੜਾਂ ਵਿਚ 8 ਚੌਕੇ ਤੇ 4 ਛੱਕੇ ਲਾਏ। ਰੋਹਿਤ ਦਾ ਵਨ ਡੇ ਵਿਚ ਇਹ 21ਵਾਂ ਤੇ ਰਾਇਡੂ ਦਾ ਤੀਜਾ ਸੈਂਕੜਾ ਹੈ।
ਸੀਰੀਜ਼ ਵਿਚ ਲਗਾਤਾਰ ਤਿੰਨ ਸੈਂਕੜੇ ਬਣਾ ਚੁੱਕਾ ਵਿਰਾਟ ਇਸ ਵਾਰ 17 ਗੇਂਦਾਂ ਵਿਚ 2 ਚੌਕਿਆਂ ਦੀ ਮਦਦ ਨਾਲ 16 ਦੌੜਾਂ ਹੀ ਬਣਾ ਕੇ ਆਊਟ ਹੋ ਗਿਆ। ਇਸ ਵਾਰ ਜਲਦ ਆਊਟ ਹੋਣ ਨਾਲ ਵਿਰਾਟ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ ਦੇ ਲਗਾਤਾਰ ਚਾਰ ਸੈਂਕੜੇ ਲਾਉਣ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਤੋਂ ਖੁੰਝ ਗਿਆ। 
ਰੋਹਿਤ ਨੇ ਲੰਬੀ ਪਾਰੀ ਖੇਡਣ ਦੀ ਆਪਣੀ ਸਮਰੱਥਾ ਨੂੰ ਇਕ ਵਾਰ ਫਿਰ ਦੁਹਰਾਇਆ ਤੇ ਰਾਇਡੂ ਨਾਲ ਦੋਹਰੇ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਰੋਹਿਤ ਨੇ 50 ਦੌੜਾਂ 60 ਗੇਂਦਾਂ ਵਿਚ, 100 ਦੌੜਾਂ 98 ਗੇਂਦਾਂ ਵਿਚ ਤੇ 150 ਦੌੜਾਂ 131 ਗੇਂਦਾਂ ਵਿਚ ਪੂਰੀਆਂ ਕੀਤੀਆ। ਰਾਇਡੂ ਨੇ 50 ਦੌੜਾਂ 51 ਗੇਂਦਾਂ ਵਿਚ ਅਤੇ 100 ਦੌੜਾਂ 80 ਗੇਂਦਾਂ ਵਿਚ ਬਣਾਈਆਂ।
ਜਦੋਂ ਲੱਗ ਰਿਹਾ ਸੀ ਕਿ ਰੋਹਿਤ ਵਨ ਡੇ ਵਿਚ ਚੌਥਾ ਦੋਹਰਾ ਸੈਂਕੜਾ ਬਣਾਉਣ ਵੱਲ ਵਧ ਰਿਹਾ ਹੈ ਤਾਂ ਉਦੋਂ ਉਹ ਐਸ਼ਲੇ ਨਰਸ ਦੀ ਗੇਂਦ 'ਤੇ ਚੰਦਰਪਾਲ ਹੇਮਰਾਜ ਨੂੰ ਕੈਚ ਦੇ ਬੈਠਾ। ਰੋਹਿਤ ਦੀ ਵਿਕਟ 44ਵੇਂ ਓਵਰ 'ਚ 312 ਦੇ ਸਕੋਰ 'ਤੇ ਡਿਗੀ। ਰਾਇਡੂ ਆਪਣਾ ਸੈਂਕੜਾ ਪੂਰਾ ਕਰਨ ਤੋਂ ਬਾਅਦ ਫੇਬੀਅਨ ਐਲਨ ਦੀ ਸਿੱਧੀ ਥ੍ਰੋਅ 'ਤੇ ਰਨ ਆਊਟ ਹੋਇਆ। ਧੋਨੀ ਨੇ 23 ਦੌੜਾਂ ਦੀ ਤੇਜ਼-ਤਰਾਰ ਪਾਰੀ ਖੇਡੀ, ਜਦਕਿ ਜਾਧਵ ਨੇ ਅਜੇਤੂ 16 ਦੌੜਾਂ ਬਣਾ ਕੇ ਭਾਰਤ ਨੂੰ 377 ਤਕ ਪਹੁੰਚਾਇਆ।

Tags :


Des punjab
Shane e punjab
Des punjab