DES PANJAB Des punjab E-paper
Editor-in-chief :Braham P.S Luddu, ph. 403-293-9393
‘ਖ਼ਾਲਿਸਤਾਨੀ' ਜਰਮਨ ਸਿੰਘ ਵੱਲੋਂ ਲੁਕਾ ਕੇ ਰੱਖਿਆ ਅਸਲਾ ਸਮਾਣਾ ਨੇੜਿਓਂ ਬਰਾਮਦ
Date : 2018-10-23 PM 01:14:07 | views (66)

 ਪੰਜਾਬ ਪੁਲਿਸ ਨੇ ਅੱਜ ਉਸ ਕਥਿਤ ਖ਼ਾਲਿਸਤਾਨੀ ਜਰਮਨ ਸਿੰਘ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ ਬੀਤੇ ਦਿਨੀਂ ਰਾਜਸਥਾਨ ਦੇ ਬੀਕਾਨੇਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਰਮਨ ਸਿੰਘ 'ਤੇ ਦੋਸ਼ ਹੈ ਕਿ ਉਸ ਨੇ ਰੈਲੀਆਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਤਲ ਕਰਨ ਦੀ ਸਾਜਿ਼ਸ਼ ਰਚੀ ਸੀ ਪਰ ਸਫ਼ਲ ਨਹੀਂ ਹੋ ਸਕਿਆ। ਅੱਜ ਫੜੇ ਗਏ ਮੁਲਜ਼ਮ ਦੀ ਸ਼ਨਾਖ਼ਤ ਈਸ਼ਵਰ ਸਿੰਘ (22) ਵਜੋਂ ਹੋਈ ਹੈ, ਜੋ ਮੋਹਾਲੀ ਲਾਗਲੇ ਪਿੰਡ ਬਲੌਂਗੀ ਦਾ ਵਸਨੀਕ ਹੈ ਤੇ ਆਈਟੀ ਗ੍ਰੈਜੂਏਟ ਹੈ ਅਤੇ ਮੋਹਾਲੀ 'ਚ ਟੈਕਸੀ ਵੀ ਚਲਾਉਂਦਾ ਰਿਹਾ ਹੈ। ਈਸ਼ਵਰ ਸਿੰਘ ਤੇ ਜਰਮਨ ਸਿੰਘ ਪਿਛਲੇ ਚਾਰ ਵਰ੍ਹਿਆਂ ਤੋਂ ਇੱਕ-ਦੂਜੇ ਦੇ ਸੰਪਰਕ 'ਚ ਸਨ। ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਵਸਨੀਕ ਜਰਮਨ ਸਿੰਘ (22) ਨੇ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਪਟਿਆਲਾ ਜਿ਼ਲ੍ਹੇ ਦੀ ਸਮਾਣਾ ਸਬ-ਡਿਵੀਜ਼ਨ ਦੇ ਪਿੰਡ ਬਿਜਲਪੁਰ 'ਚ ਭਾਖੜਾ ਨਹਿਰ ਲਾਗੇ ਇੱਕ ਰਾਈਫ਼ਲ ਤੇ ਤਿੰਨ ਪਿਸਤੌਲਾਂ ਸੁੱਟ ਦਿੱਤੀਆਂ ਸਨ। ਬੀਤੀ 17 ਅਕਤੂਬਰ ਨੂੰ ਉਹ ਇਸ ਪਿੰਡ ਆਇਆ ਸੀ, ਜਿੱਥੇ ਉਸ ਦੇ ਨਾਨਕੇ ਹਨ। ਮੰਗਲਵਾਰ ਨੂੰ ਜਰਮਨ ਨੂੰ ਪਟਿਆਲਾ ਦੀ ਇੱਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਉਸ ਦਾ 28 ਅਕਤੂਬਰ ਤੱਕ ਪੁਲਿਸ ਰਿਮਾਂਡ ਦੇ ਦਿੱਤਾ ਗਿਆ, ਜਦ ਕਿ ਈਸ਼ਵਰ ਸਿੰਘ ਦਾ ਪੁਲਿਸ ਰਿਮਾਂਡ 26 ਅਕਤੂਬਰ ਤੱਕ ਰਹੇਗਾ। ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਤੋਂ ਫ਼ਰਾਰ ਹੋਣ ਤੋਂ ਬਾਅਦ ਜਰਮਨ ਸਿੰਘ ਨੇ ਈਸ਼ਵਰ ਸਿੰਘ ਨਾਲ ਸੰਪਰਕ ਕੀਤਾ ਸੀ ਤੇ ਉਸੇ ਨੇ ਪੰਜਾਬ 'ਚ ਉਸ ਨੂੰ ਰਹਿਣ ਦੀ ਥਾਂ ਮੁਹੱਈਆ ਕਰਵਾਈ ਸੀ ਤੇ ਉਸ ਤੋਂ ਬਾਅਦ ਉਹ ਰਾਜਸਥਾਨ ਚਲਾ ਗਿਆ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਜਰਮਨ ਸਿੰਘ ਨੇ ਕਈ ਗੁੰਮਰਾਹਕੁੰਨ ਬਿਆਨ ਦਿੱਤੇ ਸਨ। ਉਸ ਨੇ ਹਥਿਆਰ ਲੁਕਾਉਣ ਤੇ ਪੰਜਾਬ 'ਚ ਰਹਿੰਦੇ ਆਪਣੇ ਸੰਪਰਕ ਦੇ ਵਿਅਕਤੀਆਂ ਬਾਰੇ ਪਹਿਲਾਂ ਗ਼ਲਤ ਜਾਣਕਾਰੀ ਵੀ ਦਿੱਤੀ ਸੀ, ਤਾਂ ਜੋ ਪੁਲਿਸ ਐਂਵੇਂ ਉਲਝੀ ਰਹੇ। ਐੱਸਐੱਸਪੀ ਨੇ ਦੱਸਿਆ ਕਿ ਉਸ ਦੇ ਰਿਮਾਂਡ ਦੌਰਾਨ ਹਥਿਆਰ ਬਰਾਮਦ ਕਰਨ ਲਈ ਜਾਂਚ ਅਧਿਕਾਰੀ ਉਸ ਨੂੰ ਉੱਤਰ ਪ੍ਰਦੇਸ਼ ਤੇ ਰਾਜਸਥਾਨ ਵੀ ਲੈ ਕੇ ਗਏ ਸਨ ਪਰ ਉਸ ਵੱਲੋਂ ਦਿੱਤੀ ਸਾਰੀ ਜਾਣਕਾਰੀ ਗ਼ਲਤ ਸੀ। ਹਥਿਆਰ ਆਖ਼ਰ ਬਿਜਲਪੁਰ ਪਿੰ਼ਡ ਤੋਂ ਮਿਲੇ। ਉਹ ਵੱਖੋ-ਵੱਖਰੇ ਹਥਿਆਰ ਚਲਾਉਣ ਦੀ ਸਿਖਲਾਈ ਇੰਟਰਨੈੱਟ ਤੋਂ ਲੈਂਦੇ ਰਹੇ ਸਨ। ਇਸ ਸਾਰੇ ਮਾਮਲੇ ਦੀ ਜਾਂਚ ਦੀ ਅਗਵਾਈ ਕਰ ਰਹੇ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਹਥਿਆਰਾਂ ਵਿੱਚ .315 ਰਾਈਫ਼ਲ, .32 ਪਿਸਤੌਲ ਤੇ ਦੋ .315 ਪਿਸਤੌਲਾਂ ਹਨ। ਇਸ ਦੌਰਾਨ ਜਰਮਨ ਸਿੰਘ ਤੋਂ ਪੁੱਛਗਿੱਛ ਦੌਰਾਨ ਪੰਜਾਬ ਪੁਲਿਸ ਨੂੰ ਅਜਿਹਾ ਕੋਈ ਸਬੂਤ ਜਾਂ ਸੁਰਾਗ਼ ਨਹੀਂ ਮਿਲ ਸਕਿਆ, ਜਿਸ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੋਵੇ ਕਿ ਜਰਮਨ ਸਿੰਘ ਨੇ ਕਥਿਤ ਤੌਰ 'ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣ ਦੀ ਸਾਜਿ਼ਸ਼ ਰਚੀ ਸੀ। ਪਰ ਹਾਲੇ ਪੁਲਿਸ ਉੱਤਰ ਪ੍ਰਦੇਸ਼ ਪੁਲਿਸ ਦੇ ਇਸ ਦਾਅਵੇ ਨੂੰ ਰੱਦ ਵੀ ਨਹੀਂ ਕਰ ਰਹੀ। 


Tags :


Des punjab
Shane e punjab
Des punjab