DES PANJAB Des punjab E-paper
Editor-in-chief :Braham P.S Luddu, ph. 403-293-9393
ਅੰਮ੍ਰਿਤਸਰ ਰੇਲ ਦੁਖਾਂਤ ਦੀ ਜਾਂਚ ਵਿਸ਼ੇਸ਼ ਮੈਜਿਸਟ੍ਰੇਟ ਵੱਲੋਂ ਸ਼ੁਰੂ
Date : 2018-10-22 PM 01:55:02 | views (34)

 ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਰੇਲ ਦੁਖਾਂਤ ਦੀ ਜਾਂਚ ਵਿਸ਼ੇਸ਼ ਐਗਜ਼ੀਕਿਊਟਿਵ ਮੈਜਿਸਟ੍ਰੇਟ ਵੱਲੋਂ ਅੱਜ ਸ਼ੁਰੂ ਕਰ ਦਿੱਤੀ ਗਈ। ਚੇਤੇ ਰਹੇ ਕਿ ਸ਼ੁੱਕਰਵਾਰ ਨੂੰ ਵਾਪਰੇ ਇਸ ਰੇਲ ਹਾਦਸੇ 'ਚ 61 ਵਿਅਕਤੀ ਮਾਰੇ ਗਏ ਸਨ ਤੇ 100 ਤੋਂ ਵੱਧ ਵਿਅਕਤੀ ਜ਼ਖ਼ਮੀ ਹਨ। ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਬੀ. ਪੁਰਸ਼ਾਰਥ ਨੂੰ ਇਸ ਦੁਖਾਂਤ ਦੀ ਜਾਂਚ ਲਈ ਸਪੈਸ਼ਲ ਐਗਜ਼ੀਕਿਊਟਿਵ ਮੈਜਿਸਟ੍ਰੇਟ ਨਿਯੁਕਤ ਕੀਤਾ ਗਿਆ ਹੈ। ਅੱਜ ਸੋਮਵਾਰ ਨੂੰ ਉਨ੍ਹਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐੱਸਐੱਸ ਸ੍ਰੀਵਾਸਤਵਾ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਮਿਊਂਸਪਲ ਕਮਿਸ਼ਨਰ ਸੋਨਾਲੀ ਗਿਰੀ ਤੇ ਸੀਨੀਅਰ ਰੇਲ ਅਧਿਕਾਰੀ ਨਾਲ ਮਿਲ ਕੇ ਮੁਢਲਾ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਹੈ। ਸ੍ਰੀ ਪੁਰਸ਼ਾਰਥ ਨੇ ਦੱਸਿਆ ਕਿ ਉਹ ਇਸ ਦੁਖਾਂਤ ਵਿੱਚ ਦੁਸਹਿਰਾ ਮੇਲਾ ਕਰਵਾਉਣ ਵਾਲੇ ਆਯੋਜਕਾਂ, ਰੇਲ ਡਰਾਇਵਰ, ਅੰਮ੍ਰਿਤਸਰ ਪੁਲਿਸ ਤੇ ਸੂਬੇ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਦੀਆਂ ਭੂਮਿਕਾਵਾਂ ਦੀ ਜਾਂਚ ਕਰਨਗੇ। mnਉਨ੍ਹਾਂ ਦੱਸਿਆ ਕਿ ਆਉਂਦੀ 25 ਤੇ 29 ਅਕਤੂਬਰ ਨੂੰ ਜਨਤਕ ਸੁਣਵਾਈ ਹੋਵੇਗੀ। ਤਦ ਮ੍ਰਿਤਕਾਂ ਜਾਂ ਜ਼ਖ਼ਮੀਆਂ ਦੇ ਰਿਸ਼ਤੇਦਾਰਾਂ ਤੇ ਚਸ਼ਮਦੀਦ ਗਵਾਹਾਂ ਦੀ ਸੁਣਵਾਈ ਹੋਵੇਗੀ ਤੇ ਉਹ ਆਪੋ-ਆਪਣੇ ਬਿਆਨ ਦਰਜ ਕਰਵਾ ਸਕਣਗੇ ਤੇ ਲੋੜੀਂਦੇ ਸਬੁਤ ਵੀ ਪੇਸ਼ ਕਰ ਸਕਣਗੇ।  ਉਨ੍ਹਾਂ ਦੱਸਿਆ ਕਿ ਅਗਲੇ ਕੁਝ ਦਿਨਾਂ ਦੌਰਾਨ ਇਸ ਦੁਖਾਂਤ ਦੀ ਜਾਂਚ ਹਰ ਕੋਣ ਤੋਂ ਕੀਤੀ ਜਾਵੇਗੀ ਤੇ ਇਸ ਸਾਰੇ ਮਾਮਲੇ ਦੀ ਨਿਆਂਪੂਰਨ ਤੇ ਪਾਰਦਰਸ਼ੀ ਜਾਂਚ ਹੋਵੇਗੀ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਦੁਸਹਿਰੇ ਦੇ ਮੇਲੇ ਮੌਕੇ ਦੋ ਐੱਸਐੱਚਓਜ਼ ਤੇ ਇੱਕ ਡੀਐੱਸਪੀ ਸਮੇਤ ਕੁੱਲ 100 ਪੁਲਿਸ ਮੁਲਾਜ਼ਮ ਸੁਰੱਖਿਆ ਲਈ ਤਾਇਨਾਤ ਸਨ ਪਰ ਉਨ੍ਹਾਂ 'ਚੋਂ ਕਿਸੇ ਨੇ ਵੀ ਰੇਲ ਦੀਆਂ ਪਟੜੀਆਂ 'ਤੇ ਖੜ੍ਹੇ ਲੋਕਾਂ ਨੂੰ ਉੱਥੋਂ ਹਟਾਉਣ ਦਾ ਕੋਈ ਜਤਨ ਨਹੀਂ ਕੀਤਾ। ਜਿਸ ਮੈਦਾਨ 'ਚ ਦੁਸਹਿਰੇ ਦਾ ਮੇਲਾ ਕਰਵਾਇਆ ਜਾ ਰਿਹਾ ਸੀ, ਉੱਥੇ ਮਸਾਂ 1,000 ਲੋਕ ਹੀ ਦਾਖ਼ਲ ਹੋ ਸਕਦੇ ਹਨ ਪਰ ਉਸ ਦਿਨ ਇਕੱਠ ਲਗਭਗ 20,000 ਲੋਕਾਂ ਦਾ ਹੋ ਗਿਆ ਸੀ। ਡਾ. ਨਵਜੋਤ ਕੌਰ ਸਿੱਧੂ ਪਹਿਲਾਂ ਇਸ ਦੁਖਾਂਤ ਲਈ ਰੇਲ ਵਿਭਾਗ ਨੂੰ ਦੋਸ਼ੀ ਕਰਾਰ ਦੇ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੌੜਾ ਫਾਟਕ 'ਤੇ ਮੌਜੂਦ ਗਾਰਡ ਰੇਲ ਦੇ ਡਰਾਇਵਰ ਨੂੰ ਪਹਿਲਾਂ ਸਾਵਧਾਨ ਕਰ ਕੇ ਦੱਸ ਸਕਦਾ ਸੀ ਕਿ ਅੰਮ੍ਰਿਤਸਰ-ਜਲੰਧਰ ਪਟੜੀ 'ਤੇ ਲੋਕ ਖੜ੍ਹੇ ਹਨ।   


Tags :


Des punjab
Shane e punjab
Des punjab