DES PANJAB Des punjab E-paper
Editor-in-chief :Braham P.S Luddu, ph. 403-293-9393
ਰੇਲ ਹਾਦਸੇ 'ਚ 59 ਮੌਤਾਂ ਤੋਂ ਬਾਅਦ ਅੰਮ੍ਰਿਤਸਰ ਆਉਣ ਜਾਣ ਵਾਲੀਆਂ 71 ਰੇਲਾਂ ਪ੍ਰਭਾਵਿਤ
Date : 2018-10-20 PM 01:49:03 | views (38)

 ਨਵੀਂ ਦਿੱਲੀ: ਅੰਮ੍ਰਿਤਸਰ ਦੇ ਜੌੜੇ ਫਾਟਕਾਂ ਕੋਲ ਸ਼ੁੱਕਰਵਾਰ ਦੇਰ ਸ਼ਾਮ ਜਲੰਧਰ ਤੋਂ ਆ ਰਹੇ ਡੀਐਮਯੂ ਦੀ ਲਪੇਟ ਵਿੱਚ ਆਉਣ ਕਾਰਨ 59 ਲੋਕਾਂ ਦੀ ਮੌਤ ਤੋਂ ਬਾਅਦ ਇਹ ਰੇਲ ਮਾਰਗ ਹਾਲੇ ਵੀ ਠੱਪ ਹੈ। ਇਸ ਹਾਦਸੇ ਤੋਂ ਬਾਅਦ ਅੰਮ੍ਰਿਤਸਰ ਆਉਣ ਵਾਲੀਆਂ 71 ਰੇਲਾਂ ਪ੍ਰਭਾਵਿਤ ਹੋਈਆਂ ਹਨ। ਹਾਦਸੇ ਵਾਲੀ ਥਾਂ ਵਾਲੇ ਫਾਟਕਾਂ 'ਤੇ ਕੁਝ ਲੋਕਾਂ ਨੇ ਭੰਨਤੋੜ ਵੀ ਕੀਤੀ ਸੀ। ਹਾਦਸੇ ਵਾਲੀ ਥਾਂ 'ਤੇ ਤਣਾਅ ਬਣੇ ਹੋਣ ਕਾਰਨ ਰੇਲ ਆਵਾਜਾਈ ਬੰਦ ਕੀਤੀ ਗਈ ਹੋਈ ਹੈ। ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਵਾਪਰੇ ਰੇਲ ਹਾਦਸੇ ਕਾਰਨ 37 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ 16 ਦਾ ਰਾਹ ਬਦਲ ਦਿੱਤਾ ਹੈ। ਉੱਤਰ ਰੇਲਵੇ ਦੇ ਬੁਲਾਰੇ ਦੀਪਕ ਕੁਮਾਰ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ 10 ਮੇਲ ਤੇ ਐਕਸਪ੍ਰੈਸ ਟ੍ਰੇਨਾਂ ਤੋਂ ਇਲਾਵਾ 27 ਪੈਸੰਜਰ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 16 ਹੋਰ ਟ੍ਰੇਨਾਂ ਨੂੰ ਹੋਰ ਰੂਟਾਂ ਰਾਹੀਂ ਚਲਾਇਆ ਜਾ ਰਿਹਾ ਹੈ। ਜਦਕਿ 18 ਟ੍ਰੇਨਾਂ ਨੂੰ ਅੱਧਵਾਟੇ ਹੀ ਰੋਕ ਕੇ ਉਨ੍ਹਾਂ ਦੀ ਯਾਤਰਾ ਸਮਾਪਤ ਕਰ ਦਿੱਤੀ ਗਈ ਹੈ। ਬੁਲਾਰੇ ਮੁਤਾਬਕ ਹਾਲਾਤ ਠੀਕ ਹੋਣ ਤਕ ਜਲਦ ਹੀ ਰੇਲ ਸੇਵਾ ਬਹਾਲ ਕਰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਰੇਲਵੇ ਨੇ ਡੀਐਮਯੂ ਨਾਲ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋ ਜਾਣ ਤੋਂ ਬਾਅਦ ਇਸ ਦੇ ਚਾਲਕ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਰੇਲ ਰਾਜ ਮੰਤਰੀ ਮਨੋਜ ਸਿਨ੍ਹਾ ਨੇ ਬੀਤੀ ਰਾਤ ਦੁਰਘਟਨਾ ਸਥਾਨ ਦੇ ਦੌਰੇ ਤੋਂ ਬਾਅਦ ਕਹਿ ਦਿੱਤਾ ਸੀ ਕਿ ਇਹ ਹਾਦਸਾ ਸਥਾਨਕ ਪ੍ਰਸ਼ਾਸਨ ਦੀ ਅਣਗਹਿਲੀ ਦਾ ਨਤੀਜਾ ਹੈ, ਰੇਲਵੇ ਦੀ ਕੋਈ ਗ਼ਲਤੀ ਨਹੀਂ ਹੈ।


Tags :


Des punjab
Shane e punjab
Des punjab