DES PANJAB Des punjab E-paper
Editor-in-chief :Braham P.S Luddu, ph. 403-293-9393
ਸਮੁੰਦਰੀ ਤੂਫਾਨ 'ਤਿਤਲੀ' ਦਾ ਕਹਿਰ, ਆਂਧਰਾ 'ਚ 8 ਮੌਤਾਂ, ਓਡਿਸ਼ਾ 'ਚ ਵੀ ਤਬਾਹੀ
Date : 2018-10-11 PM 01:43:52 | views (47)

 ਅਮਰਾਵਤੀ/ਭੁਵਨੇਸ਼ਵਰ ,  ਸਮੁੰਦਰੀ ਤੂਫਾਨ 'ਤਿਤਲੀ' ਕਾਰਨ ਵੀਰਵਾਰ ਆਂਧਰਾ ਪ੍ਰਦੇਸ਼ 'ਚ ਜਾਨ ਤੇ ਮਾਲ ਦਾ ਨੁਕਸਾਨ ਹੋਇਆ। ਆਂਧਰਾ 'ਚ 8 ਵਿਅਕਤੀਆਂ ਦੀ ਮੌਤ ਹੋ ਗਈ। ਓਡਿਸ਼ਾ 'ਚ ਵੀ ਭਾਰੀ ਤਬਾਹੀ ਮਚੀ। ਖੁਸ਼ਕਿਸਮਤੀ ਨਾਲ ਇਸ ਸੂਬੇ 'ਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਬੇ ਦੇ ਗਜ਼ਪਤੀ ਅਤੇ ਗੰਜਮ ਜ਼ਿਲਿਆਂ 'ਚ ਆਮ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਇਥੇ ਰੁੱਖ ਅਤੇ ਬਿਜਲੀ ਦੇ ਖੰਭੇ ਉਖੜ ਗਏ। ਝੌਪੜੀਆਂ ਉਡ ਗਈਆਂ। 3 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਕਈ ਖੇਤਰਾਂ 'ਚ 140 ਤੋਂ ਲੈ ਕੇ 165 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ।

2 ਹਜ਼ਾਰ ਤੋਂ ਵੱਧ ਖੰਭੇ ਉਖੜੇ
ਤੇਜ਼ ਹਵਾਵਾਂ ਚੱਲਣ ਕਾਰਨ ਓਡਿਸ਼ਾ 'ਚ 2000 ਤੋਂ ਵੱਧ ਬਿਜਲੀ ਦੇ ਖੰਭੇ ਉਖੜ ਗਏ। ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੂਲਮ ਜ਼ਿਲੇ 'ਚ ਭਾਰੀ ਮੀਂਹ ਪਿਆ। ਕਈ ਥਾਈਂ 2 ਸੈਂਟੀਮੀਟਰ ਤੋਂ 26 ਸੈਂਟੀਮੀਟਰ ਤੱਕ ਵਰਖਾ ਹੋਈ। ਸੜਕਾਂ 'ਤੇ ਰੁੱਖ ਡਿੱਗਣ ਕਾਰਨ ਆਵਾਜਾਈ ਉਥਲ-ਪੁਥਲ ਹੋ ਗਈ। ਦੋਵਾਂ ਸੂਬਿਆਂ ਦੇ ਟਰਾਂਸਪੋਰਟ ਨਿਗਮ ਨੇ ਆਪਣੀਆਂ ਬੱਸਾਂ ਨਹੀਂ ਚਲਾਈਆਂ।
ਸਕੂਲ-ਕਾਲਜ ਬੰਦ
ਓਡਿਸ਼ਾ ਸਰਕਾਰ ਨੇ ਸਮੁੰਦਰੀ ਤੂਫਾਨ ਨੂੰ ਧਿਆਨ 'ਚ ਰੱਖਦਿਆਂ 12 ਅਕਤੂਬਰ ਨੂੰ ਵੀ ਸੂਬੇ 'ਚ ਸਕੂਲ-ਕਾਲਜ ਬੰਦ ਰੱਖਣ ਦਾ ਹੁਕਮ ਦਿੱਤਾ ਹੈ। ਵੀਰਵਾਰ ਵੀ ਵਿੱਦਿਅਕ ਅਦਾਰੇ ਬੰਦ ਰਹੇ ਸਨ।
 

Tags :


Des punjab
Shane e punjab
Des punjab