DES PANJAB Des punjab E-paper
Editor-in-chief :Braham P.S Luddu, ph. 403-293-9393
ਭਾਰਤ ਸਰਕਾਰ ਵੱਲ ਏਅਰ ਇੰਡੀਆ ਦੇ 1146 ਕਰੋੜ ਦੇ ਬਕਾਏ ਖੜ੍ਹੇ
Date : 2018-09-30 PM 12:40:29 | views (121)

 ਇਸ ਵੇਲੇ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਭਾਰਤੀ ਏਅਰਲਾਈਨਜ਼ ‘ਏਅਰ ਇੰਡੀਆ' ਦੇ ਭਾਰਤ ਸਰਕਾਰ ਵੱਲ  1,146.68 ਕਰੋੜ ਰੁਪਏ ਦੇ ਬਕਾਏ ਖੜ੍ਹੇ ਹਨ। ਇਸ ਵਿੱਚੋਂ ਸਭ ਤੋਂ ਵੱਡਾ ਹਿੱਸਾ 543.18 ਕਰੋੜ ਰੁਪਏ ਪ੍ਰਧਾਨ ਮੰਤਰੀ ਦਫ਼ਤਰ ਦਾ ਹੈ। ਬਾਕੀ ਦੀਆਂ ਵੀ ਸਾਰੀਆਂ ਬਕਾਇਆ ਰਕਮਾਂ ਵੀ ਵੀਵੀਆਈਪੀ ਲੋਕਾਂ ਵੱਲ ਖੜ੍ਹੀਆਂ ਹਨ। ਇਹ ਜਾਣਕਾਰੀ ਸੂਚਨਾ ਦੇ ਅਧਿਕਾਰ ਰਾਹੀਂ ਸੇਵਾ-ਮੁਕਤ ਕਮਾਂਡਰ ਲੋਕੇਸ਼ ਬਤਰਾ ਨੂੰ ਮਿਲੀ ਹੈ।ਭਾਰਤ ਸਰਕਾਰ ਦੀ ਏਅਰਲਾਈਨਜ਼ ਏਅਰ ਇੰਡੀਆ ਨੇ ਦੱਸਿਆ ਕਿ ਉਸ ਦਾ ਸਭ ਤੋਂ ਪੁਰਾਣਾ ਬਕਾਇਆ ਬਿਲ ਲਗਭਗ 10 ਵਰ੍ਹੇ ਪੁਰਾਣਾ ਹੈ। ਇਹ ਰਾਸ਼ਟਰਪਤੀ, ਉੱਪ-ਰਾਸ਼ਟਰਪਤੀ ਦੀਆਂ ਯਾਤਰਾਵਾਂ ਤੇ ਬਚਾਅ-ਮੁਹਿੰਮਾਂ ਦੀਆਂ ਉਡਾਣਾਂ ਨਾਲ ਸਬੰਧਤ ਹੈ।ਇਸ ਤੋਂ ਪਹਿਲਾਂ ਇਸੇ ਵਰ੍ਹੇ ਮਾਰਚ ਮਹੀਨੇ ਜਦੋਂ ਇਹੋ ਜਾਣਕਾਰੀ ਮੰਗੀ ਸੀ, ਤਦ 31 ਜਨਵਰੀ ਤੱਕ ਕੰਪਨੀ ਦਾ ਕੁੱਲ ਬਕਾਇਆ 325 ਕਰੋੜ ਰੁਪਏ ਸੀ। ਵੀਵੀਆਈਪੀ ਚਾਰਟਰਡ ਉਡਾਣਾਂ ਦੇ ਬਕਾਇਆਂ ਵਿੱਚ ਏਅਰ ਇੰਡੀਆ ਵੱਲੋਂ ਰਾਸ਼ਟਰਪਤੀ, ਉੱਪ-ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੀਆਂ ਵਿਦੇਸ਼ ਯਾਤਰਾਵਾਂ ਲਈ ਉਪਲਬਧ ਕਰਵਾਏ ਗਏ ਹਵਾਈ ਜਹਾਜ਼ਾਂ ਦਾ ਕਿਰਾਇਆ ਸ਼ਾਮਲ ਹੈ।ਇਨ੍ਹਾਂ ਬਿਲਾਂ ਦਾ ਭੁਗਤਾਨ ਰੱਖਿਆ ਮੰਤਰਾਲੇ, ਵਿਦੇਸ਼ ਮੰਤਰਾਲੇ, ਪ੍ਰਧਾਨ ਮੰਤਰੀ ਦਫ਼ਤਰ ਤੇ ਕੈਬਿਨੇਟ ਸਕੱਤਰੇਤ ਵੱਲੋਂ ਸਰਕਾਰੀ ਖ਼ਜ਼ਾਨੇ 'ਚੋਂ ਕੀਤਾ ਜਾਣਾ ਹੈ। ਭਾਰਤ ਕੰਪਟਰੋਲਰ ਤੇ ਆਡੀਟਰ ਜਨਰਲ (ਕੈਗ) ਨੇ 2016 'ਚ ਆਪਣੀ ਰਿਪੋਰਟ 'ਚ ਏਅਰ ਇੰਡੀਆ ਦੇ ਬਕਾਇਆਂ ਦਾ ਮੁੱਦਾ ਚੁੱਕਿਆ ਸੀ। ਸ੍ਰੀ ਬਤਰਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਕੁਝ ਬਿੱਲ ਤਾਂ 2006 ਤੋਂ ਬਕਾਇਆ ਖੜ੍ਹੇ ਹਨ। ਕੈਗ ਦੀ ਰਿਪੋਰਟ ਵਿੱਚ ਇਨ੍ਹਾਂ ਦੇ ਵਰਨਣ ਦੇ ਬਾਵਜੂਦ ਸਰਕਾਰ ਨੇ ਹੁਣ ਤੱਕ ਇਨ੍ਹਾਂ ਦਾ ਭੁਗਤਾਨ ਨਹੀਂ ਕੀਤਾ ਹੈ।   


Tags :


Des punjab
Shane e punjab
Des punjab