DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ : ਪੰਜਾਬੀਆਂ ਨੇ ਭਖਾਇਆ ਚੋਣ ਮੈਦਾਨ, ਪੰਜਾਬੀਆਂ ਸਮੇਤ ਕਈ ਭਾਰਤੀ ਵੀ ਆਪਣੀ ਕਿਸਮਤ ਅਜਮਾਉਣ ਲਈ ਤਿਆਰ
Date : 2018-09-28 PM 02:51:19 | views (67)

 ਟੋਰਾਂਟੋ— ਕੈਨੇਡਾ 'ਚ ਚੋਣ ਮੈਦਾਨ ਭਖਿਆ ਹੋਇਆ ਹੈ ਅਤੇ ਪੰਜਾਬੀਆਂ ਸਮੇਤ ਕਈ ਭਾਰਤੀ ਵੀ ਆਪਣੀ ਕਿਸਮਤ ਅਜਮਾਉਣ ਲਈ ਤਿਆਰ ਹਨ। ਸਰੀ 'ਚ 20 ਅਕਤੂਬਰ ਅਤੇ ਬਰੈਂਪਟਨ 'ਚ 22 ਅਕਤੂਬਰ ਨੂੰ ਚੋਣਾਂ ਹੋਣੀਆਂ ਹਨ। ਕਿਹਾ ਜਾ ਰਿਹਾ ਹੈ ਕਿ ਸ਼ਾਇਦ ਬਰੈਂਪਟਨ ਨੂੰ ਇਸ ਵਾਰ ਪਹਿਲਾ ਸਿੱਖ ਮੇਅਰ ਮਿਲ ਸਕਦਾ ਹੈ। ਇਸ ਅਹੁਦੇ ਲਈ ਸਿੱਖ ਭਾਈਚਾਰੇ ਨਾਲ ਸਬੰਧਤ ਬਲਜੀਤ ਸਿੰਘ ਉਰਫ ਬਲ ਗੋਸਲ ਖੜ੍ਹੇ ਹਨ ,ਉੱਥੇ ਹੀ ਵਿਨੋਦ ਕੁਮਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇੱਥੋਂ ਦੀਆਂ ਨਗਰ ਕੌਂਸਲ ਚੋਣਾਂ 'ਚ ਕੁਝ ਦਿਨ ਹੀ ਰਹਿ ਗਏ ਹਨ ਅਤੇ ਹਰ ਉਮੀਦਵਾਰ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕੋਸ਼ਿਸ਼ਾਂ ਕਰ ਰਿਹਾ ਹੈ। ਸਰੀ, ਬਰੈਂਪਟਨ ਅਤੇ ਮਿਸੀਸਾਗਾ ਸ਼ਹਿਰਾਂ ਵਿੱਚ ਦੋ ਦਰਜਨ ਤੋਂ ਵੱਧ ਪੰਜਾਬੀ ਉਮੀਦਵਾਰ ਮੇਅਰ, ਕੌਂਸਲਰ, ਖੇਤਰੀ ਕੌਂਸਲਰ, ਸਕੂਲ ਟਰੱਸਟੀ ਬਣਨ ਦੀ ਦੌੜ ਵਿੱਚ ਹਨ। ਸ਼ਹਿਰਾਂ 'ਚ ਥਾਂ-ਥਾਂ ਉਮੀਦਵਾਰਾਂ ਦੇ ਬੋਰਡ ਲੱਗੇ ਹਨ ਤਾਂ ਜੋ ਲੋਕਾਂ ਦਾ ਧਿਆਨ ਉਨ੍ਹਾਂ ਵੱਲ ਵਧੇ। ਟੋਰਾਂਟੋ ਕੌਂਸਲ ਦੇ ਕੁੱਲ 2 ਵਾਰਡਾਂ 'ਚ 214 ਉਮੀਦਵਾਰ ਕੌਂਸਲਰ ਦੇ ਅਹੁਦੇ ਲਈ ਅਤੇ ਮੇਅਰ ਦੀ ਕੁਰਸੀ ਲਈ 35 ਉਮੀਦਵਾਰ ਮੁਕਾਬਲੇ 'ਚ ਹਨ। ਲਗਭਗ 6 ਲੱਖ ਦੀ ਆਬਾਦੀ ਵਾਲਾ ਬਰੈਂਪਟਨ ਸ਼ਹਿਰ ਪੰਜਾਬੀਆਂ ਦਾ ਗੜ੍ਹ ਹੈ ਅਤੇ ਇੱਥੇ ਬਣਾਏ 5 ਵਾਰਡਾਂ ਲਈ ਕੁੱਲ 43 ਕੌਂਸਲਰ ਅਤੇ 28 ਖੇਤਰੀ ਕੌਂਸਲਰ ਤੇ 41 ਸਕੂਲ ਟਰੱਸਟੀ ਉਮੀਦਵਾਰ ਮੈਦਾਨ 'ਚ ਹਨ ਜਿਨ੍ਹਾਂ 'ਚੋਂ 31 ਪੰਜਾਬੀ ਹਨ, ਇਨ੍ਹਾਂ 'ਚੋਂ ਕਈ ਥਾਵਾਂ 'ਤੇ ਤਾਂ ਪੰਜਾਬੀ ਹੀ ਪੰਜਾਬੀਆਂ ਖਿਲਾਫ ਵੋਟ ਲੜ ਰਹੇ ਹਨ। ਮਿਸੀਸਾਗਾ ਦੇ 11 ਵਾਰਡਾਂ 'ਚ 70 ਕੌਂਸਲਰ ਅਤੇ 46 ਟਰੱਸਟੀ ਮੈਦਾਨ 'ਚ ਹਨ। ਮੇਅਰ ਲਈ 8 ਲੋਕ ਖੜ੍ਹੇ ਹਨ। ਸਵਾ ਕਰੋੜ ਤੋਂ ਵੱਧ ਆਬਾਦੀ ਵਾਲੇ ਓਂਟਾਰੀਓ ਸੂਬੇ 'ਚ 444 ਨਗਰ ਕੌਂਸਲਾਂ ਹਨ। ਬਰੈਂਪਟਨ 'ਚ ਹਰਪ੍ਰੀਤ ਹੰਸਰਾ, ਹਰਕੀਰਤ ਸਿੰਘ, ਨਿਸ਼ੀ ਸਿੱਧੂ, ਕਰਨਜੀਤ ਪੰਧੇਰ, ਹਰਨੇਕ ਰਾਏ, ਗੁਰਪ੍ਰੀਤ ਕੌਰ ਬੈਂਸ, ਪ੍ਰਭਜੋਤ ਗਰੇਵਾਲ, ਮੋਕਸ਼ੀ ਵਿਰਕ, ਹਰਵੀਨ ਧਾਲੀਵਾਲ, ਵਿੱਕੀ ਢਿੱਲੋਂ, ਸਤਪਾਲ ਜੌਹਲ, ਹਰਜੋਤ ਗਿੱਲ ਤੇ ਗੁਰਪ੍ਰੀਤ ਢਿੱਲੋਂ ਆਦਿ ਮੈਦਾਨ 'ਚ ਹਨ। ਵਾਰਡ 9-10 'ਚ ਖੇਤਰੀ ਕੌਂਸਲਰ ਲਈ ਮੌਜੂਦਾ ਕੌਂਸਲਰ ਗੁਰਪ੍ਰੀਤ ਢਿੱਲੋਂ ਅਤੇ ਸਾਬਕਾ ਕੌਂਸਲਰ ਵਿੱਕੀ ਢਿੱਲੋਂ ਵਿਚਾਲੇ ਮੁਕਾਬਲਾ ਹੈ। ਇਸ ਵਾਰ ਦਾ ਮੁਕਾਬਲਾ ਦੇਖਣ ਵਾਲਾ ਹੋਵੇਗਾ। ਫਿਲਹਾਲ ਪ੍ਰਚਾਰ ਜ਼ੋਰਾਂ 'ਤੇ ਚੱਲ ਰਿਹਾ ਹੈ ਅਤੇ ਫੈਸਲਾ ਵੋਟਰਾਂ ਦੇ ਹੱਥ ਹੈ।


Tags :


Des punjab
Shane e punjab
Des punjab