DES PANJAB Des punjab E-paper
Editor-in-chief :Braham P.S Luddu, ph. 403-293-9393
ਕੈਲਗਿਰੀ: ਗੁਰ: ਦਸ਼ਮੇਸ਼ ਕਲਚਰ ਸੈਂਟਰ ਕੈਲਗਿਰੀ ਵਿਖੇ ਗੁਰਬਾਣੀ ਬੇਅਦਬੀ ਦਾ ਮਾਮਲਾ , ਗਿਆਨੀ ਗੁਰਬਚਨ ਸਿੰਘ ਨੇ ਦੋਸ਼ੀ ਪ੍ਰਧਾਨ ਲਈ ਵਰਤਿਆ ਸ਼ਬਦ 'ਲਾਹਣਤ'
Date : 2018-09-21 PM 03:19:12 | views (1870)

ਕੈਲਗਿਰੀ,  ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਿਰੀ ਕਨੇਡਾ ਵਿਖੇ ਗੁਰਬਾਣੀ ਅਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੀ ਬੇਅਦਬੀ ਦੇ ਮਾਮਲੇ ਤੇ ਗਿਆਨੀ ਗੁਰਬਚਨ ਸਿੰਘ ਨੇ ਦੋਸ਼ੀ ਗੁਰਦੁਆਰਾ ਪ੍ਰਧਾਨ ਲਈ 'ਲਾਹਣਤ' ਸ਼ਬਦ ਦੀ ਵਰਤੋਂ ਕਰਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ ।ਇਸਦੇ ਨਾਲ ਹੀ ਗੁ:ਪ੍ਰਧਾਨ ਖਿਲਾਫ ਕਾਨੁੰਨੀ ਕਾਰਵਾਈ ਲਈ ਸੰਗਤਾਂ ਨੂੰ ਪ੍ਰੇਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਅਕਾਲ ਤਖਤ ਹਮੇਸ਼ਾਂ ਸੰਗਤਾਂ ਦੇ ਨਾਲ ਖੜਾ ਹੈ।ਉਪਰੋਕਤ ਮਾਮਲੇ ਵਿੱਚ ਅਕਾਲ ਤਖਤ ਸਾਹਿਬ ਦੇ ਲੈਟਰ ਪੈਡ ਤੇ ਜਾਰੀ ਬਿਆਨ ਵਿੱਚ ਗਿਆਨੀ ਗੁਰਬਚਨ ਸਿੰਘ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ 'ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਿਰੀ ਕਨੇਡਾ ਵਿਖੇ ਗੁਰਬਾਣੀ ਅਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਨਾਲ ਸਿੱਖ ਸੰਗਤਾਂ ਦੇ ਮਨ੍ਹਾਂ ਨੂੰ ਭਾਰੀ ਠੇਸ ਪਹੁੰਚੀ ਹੈ।ਇਹ ਕਿੰਨ੍ਹੀ ਘਿਨੋਣੀ ਹਰਕਤ ਹੈ ਕਿ ਗੁਰਬਾਣੀ ਅਤੇ ਧਾਰਮਿਕ ਲਿਟਰੇਚਰ ਨੂੰ ਕੂੜ੍ਹਾ ਕਰਕੱਟ ਸੁੱਟਣ ਵਾਲੇ ਕੂੜ੍ਹਾ ਦਾਨ ਵਿਚ ਸੁੱਟਿਆ ਗਿਆ।ਜਦੋਂ ਸੰਗਤਾਂ ਇਸ ਗੱਲ ਦੀ ਜਾਣਕਾਰੀ ਗੁਰਦੁਆਰੇ ਦੇ ਪ੍ਰਧਾਨ ਰਣਬੀਰ ਸਿੰਘ ਪਰਮਾਰ ਨੂੰ ਦੇਣ ਲਈ ਪਹੁੰਚੀਆਂ ਤਾਂ ਪ੍ਰਧਾਨ ਨੇ ਸਿੱਖ ਸੰਗਤਾਂ ਉੱਪਰ ਵੀ ਆਪਣੇ ਗੁੰਡਿਆਂ ਕੋਲੋਂ ਹਮਲਾ ਕਰਵਾਇਆ'।ਗਿਆਨੀ ਗੁਰਬਚਨ ਸਿੰਘ ਨੇ ਅੱਗੇ ਕਿਹਾ ਹੈ ਕਿ 'ਕਿੰਨ੍ਹੀ ਸ਼ਰਮ ਦੀ ਗੱਲ ਹੈ ਕਿ ਇੱਕ ਗੁਰਦੁਆਰੇ ਦਾ ਪ੍ਰਧਾਨ ਗੁਰਬਾਣੀ ਦੀ ਬੇਅਦਬੀ ਕਰਵਾ ਕੇ ਸੰਗਤਾਂ ਨੂੰ ਕਹਿੰਦਾ ਹੈ ਕਿ ਬੇਅਦਬੀ ਮੈਂ ਕਰਵਾਈ ਹੈ ਤੁਸੀਂ ਜੋ ਮਰਜ਼ੀ ਕਰਨਾ ਹੈ ਕਰ ਲਵੋ? ਲੱਖ ਲਾਹਨਤ ਹੈ ਇਸ ਤਰ੍ਹਾਂ ਦੇ ਪ੍ਰਧਾਨ ਦੇ'।ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਅਜਿਹੇ ਆਦਮੀ ਨੂੰ ਗੁਰਦੁਆਰਾ ਸਾਹਿਬ ਜੀ ਦੀ ਪ੍ਰਧਾਨਗੀ ਤੇ ਨਹੀਂ ਰਹਿਣਾ ਚਾਹੀਦਾ।ਸਿੱਖ ਸੰਗਤਾਂ ਇਸ ਦਾ ਡੱਟ ਕੇ ਵਿਰੋਧ ਕਰਨ ਅਤੇ ਕਨੇਡਾ ਦੀ ਸਰਕਾਰ ਪਾਸੋਂ ਇਸ ਪੁਰ ਕਾਨੂੰਨੀ ਕਾਰਵਾਈ ਕਰਵਾ ਕੇ ਸਜ੍ਹਾ ਦਿਵਾਉਣ।ਸ੍ਰੀ ਅਕਾਲ ਤਖ਼ਤ ਸਾਹਿਬ ਅਜਿਹੇ ਮੁੱਦੇ ਪੁਰ ਸੰਗਤਾਂ ਦੇ ਨਾਲ ਖੜਾ ਹੈ।ਉਨ੍ਹਾਂ ਸੰਗਤਾਂ ਨੂੰ ਕਿਹਾ ਕਿ ਇਸ ਤਰ੍ਹਾਂ ਦੇ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ ਇਹ ਕਿਸੇ ਏਜੰਸੀ ਦੇ ਖਰੀਦੇ ਹੋਏ ਲੋਕ ਹੁੰਦੇ ਹਨ।ਇਸ ਲਈ ਪ੍ਰਧਾਨ ਨੂੰ ਸੰਗਤਾਂ ਵੱਲੋਂ ਤੁਰੰਤ ਪ੍ਰਧਾਨਗੀ ਤੋਂ ਖਾਰਜ ਕਰ ਦਿੱਤਾ ਜਾਵੇ।ਅਜਿਹੇ ਮਨਮੱਤੀ ਲੋਕਾਂ ਤੋਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਸੁਚੇਤ ਰਹਿਣ।
ਜਿਕਰ ਕਰਨਾ ਬਣਦਾ ਹੈ ਕਿ ਗੁਰਬਾਣੀ ਦੀ ਬੇਅਦਬੀ ਦੇ ਮਾਮਲੇ ਵਿੱਚ ਗਿਆਨੀ ਗੁਰਬਚਨ ਸਿੰਘ ਦਾ ਅਜੇਹੀ ਸਖਤ ਸ਼ਬਦਾਵਲੀ ਵਾਲਾ ਬਿਆਨ ਪਹਿਲੀ ਵਾਰ ਸਾਹਮਣੇ ਆਇਆ ਹੈ ।ਹਾਲਾਂਕਿ ਗਿਆਨੀ ਜੀ ਨੇ ਸਾਲ 2015 ਵਿੱਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਵਾਲਿਆਂ ਤੇ ਬਰਗਾੜੀ ਵਿਖੇ ਬੇਅਦਬੀ ਕਰਨ ਵਾਲਿਆਂ ਖਿਲਾਫ ਅਜੇਹੀ ਸ਼ਬਦਾਵਲੀ ਤਾਂ ਕੀ ਉਨ੍ਹਾਂ ਦੀ ਜਗ ਜਾਹਿਰ ਪੁਸ਼ਤਪਨਾਹੀ ਕਰਨ ਵਾਲਿਆਂ ਪ੍ਰਤੀ ਵੀ ਕੁਝ ਬੋਲਣਾ ਜਰੂਰੀ ਨਹੀ ਸਮਝਿਆ।ਇਹ ਬਿਆਨ ਗਿਆਨੀ ਗੁਰਬਚਨ ਸਿੰਘ ਦੇ ਨਿੱਜੀ ਸਹਾਇਕ ਭੁਪਿੰਦਰ ਸਿੰਘ ਵਲੋਂ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਲੁਧਿਆਣਾ ਤੋਂ ਛਪਦੇ ਪੰਜਾਬੀ ਅਖਬਾਰ ਰੋਜਾਨਾ ਪਹਿਰੇਦਾਰ ਵਿਚ 21 ਸਤੰਬਰ ਨੂੰ ਇਹ ਪ੍ਰਕਾਸ਼ਤ ਕੀਤੀ ਗਈ। ਜਿਸ ਦੇ ਹਵਾਲੇ ਨਾਲ ਅਸੀਂ ਇਹ ਖਬਰ ਲਗਾ ਰਹੇ ਹਾਂ।


Tags :


Des punjab
Shane e punjab
Des punjab