DES PANJAB Des punjab E-paper
Editor-in-chief :Braham P.S Luddu, ph. 403-293-9393
...ਜਦ 99.30% ਪੈਸਾ ਵਾਪਸ ਆ ਗਿਆ ਹੈ ਤਾਂ ਨੋਟਬੰਦੀ ਦਾ ਫਾਇਦਾ ਕੀ ਹੋਇਆ?
Date : 2018-08-29 AM 11:36:39 | views (80)

 ਨਵੀਂ ਦਿੱਲੀ: ਨੋਟਬੰਦੀ ਬਾਰੇ ਅੱਜ ਭਾਰਤੀ ਕੇਂਦਰੀ ਰਿਜ਼ਰਵ ਬੈਂਕ ਨੇ ਵੱਡੀ ਜਾਣਕਾਰੀ ਦਿੱਤੀ ਹੈ। ਰਿਜ਼ਰਵ ਬੈਂਕ ਦੀ ਸਾਲਾਨਾ ਰਿਪੋਰਟ ਮੁਤਾਬਕ ਨੋਟਬੰਦੀ ਦੌਰਾਨ 15 ਲੱਖ 44 ਹਜ਼ਾਰ ਕਰੋੜ ਰੁਪਏ ਦੇ ਨੋਟ ਬੰਦ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 15 ਲੱਖ 31 ਹਜ਼ਾਰ ਕਰੋੜ ਵਾਪਸ ਆਏ ਹਨ। ਸਿਰਫ਼ 13 ਹਜ਼ਾਰ ਕਰੋੜ ਰੁਪਏ ਹੀ ਸਿਸਟਮ ਤੋਂ ਬਾਹਰ ਪਾਇਆ ਗਿਆ। ਆਰਬੀਆਈ ਵੱਲੋਂ ਅੰਤਮ ਅੰਕੜੇ ਜਾਰੀ ਹੋਣ ਤੋਂ ਬਾਅਦ ਹੁਣ ਵਿਰੋਧੀ ਸਵਾਲ ਚੁੱਕ ਰਹੇ ਹਨ ਕਿ ਜਦ 99.30% ਪੈਸਾ ਵਾਪਸ ਆ ਗਿਆ ਹੈ ਤਾਂ ਨੋਟਬੰਦੀ ਦਾ ਫਾਇਦਾ ਕੀ ਹੋਇਆ।ਵਿਰੋਧੀ ਸਵਾਲ ਚੁੱਕ ਰਹੇ ਹਨ ਕਿ ਪੀਐਮ ਮੋਦੀ ਨੇ ਕਿਹਾ ਸੀ ਕਿ ਇਸ ਨਾਲ ਸਿਸਟਮ ਵਿੱਚੋਂ ਕਾਲਾ ਧਨ ਬਾਹਰ ਹੋ ਜਾਵੇਗਾ, ਹੁਣ ਸਾਫ਼ ਹੈ ਕਿ ਨੋਟਬੰਦੀ ਫੇਲ੍ਹ ਸਾਬਤ ਹੋਈ ਹੈ। ਕਾਂਗਰਸ ਦੇ ਬੁਲਾਰੇ ਸੰਜੇ ਝਾਅ ਨੇ 'ਏਬੀਪੀ ਨਿਊਜ਼' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਰੁਣ ਸ਼ੌਰੀ ਸਹੀ ਸਨ ਕਿ ਨੋਟਬੰਦੀ ਤੋਂ ਵੱਡਾ ਆਰਥਕ ਘਪਲਾ ਭਾਰਤ ਦੇ ਇਤਿਹਾਸ ਵਿੱਚ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ, ਇਸ ਲਈ ਉਨ੍ਹਾਂ ਆਪਣਾ ਕਾਲਾਧਨ ਸਫੈਦ ਕਰਵਾ ਲਿਆ। ਝਾਅ ਨੇ ਕਿਹਾ ਕਿ ਨੋਟਬੰਦੀ ਦੌਰਾਨ ਬੈਂਕਾਂ ਦੀਆਂ ਲੰਮੀਆਂ ਕਤਾਰਾਂ ਵਿੱਚ ਖੜ੍ਹੇ 140 ਲੋਕਾਂ ਦੀ ਮੌਤ ਹੋਈ, ਜਿਸ ਦਾ ਕੋਈ ਅਫ਼ਸੋਸ ਨਹੀਂ ਜਤਾ ਰਿਹਾ।ਕਾਂਗਰਸ ਦੇ ਇਲਜ਼ਾਮਾਂ 'ਤੇ ਜਵਾਬ ਦਿੰਦਿਆਂ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਜ਼ਫ਼ਰ ਇਸਲਾਮ ਨੇ ਕਿਹਾ ਕਿ ਨੋਟਬੰਦੀ ਦਾ ਮਤਲਬ ਸਹੀ ਤਰੀਕੇ ਨਾਲ ਨਹੀਂ ਸਮਝਿਆ ਗਿਆ। ਉਨ੍ਹਾਂ ਕਿਹਾ ਕਿ ਨੋਟਬੰਦੀ ਲਾਗੂ ਕਰਨ ਸਮੇਂ ਇਹ ਨਹੀਂ ਸੀ ਕਿਹਾ ਗਿਆ ਕਿ ਨੋਟ ਨਹੀਂ ਆਉਣਗੇ, ਬਲਕਿ ਇਹ ਕਿਹਾ ਗਿਆ ਸੀ ਕਿ ਲੋਕਾਂ ਨੂੰ ਦੱਸਣਾ ਪਵੇਗਾ ਕਿ ਨੋਟ ਕਿੱਥੋਂ ਆਏ ਤੇ ਇਨ੍ਹਾਂ ਬਾਰੇ ਸਾਰਾ ਹਿਸਾਬ-ਕਿਤਾਬ ਦੇਣਾ ਪਵੇਗਾ।ਉਨ੍ਹਾਂ ਕਿਹਾ ਸਾਰਾ ਹਿਸਾਬ-ਕਿਤਾਬ ਚੱਲ ਰਿਹਾ ਹੈ, ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ 8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਤ ਅੱਠ ਵਜੇ ਵੀਡੀਓ ਸੰਦੇਸ਼ ਰਾਹੀਂ 500 ਤੇ 1000 ਰੁਪਏ ਦੇ ਪੁਰਾਣੀ ਕਰੰਸੀ ਵਾਲੇ ਨੋਟ ਬੰਦ ਕਰਨ ਬਾਰੇ ਐਲਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਕੇਂਦਰ ਸਰਕਾਰ ਅੱਜ ਤਕ ਨੋਟਬੰਦੀ ਦੇ ਸਹੀ ਫਾਇਦੇ ਦੱਸਣ ਵਿੱਚ ਬਹੁਤੀ ਸਫਲ ਨਹੀਂ ਹੋਈ।


Tags :


Des punjab
Shane e punjab
Des punjab