DES PANJAB Des punjab E-paper
Editor-in-chief :Braham P.S Luddu, ph. 403-293-9393
ਕੇਰਲ 'ਚ ਹੋ ਰਹੀ ਲਗਾਤਾਰ ਤੇਜ਼ ਬਾਰਿਸ਼ ਦੌਰਾਨ ਜ਼ਮੀਨ ਖਿਸਕੀ, 27 ਲੋਕਾਂ ਦੀ ਮੌਤ, ਪਹਿਲੀ ਵਾਰ ਖੋਲ੍ਹੇ ਗਏ 22 ਡੈਮ ਦੇ ਗੇਟ
Date : 2018-08-10 PM 10:44:42 | views (142)
 ਕੇਰਲ 'ਚ ਬੁੱਧਵਾਰ ਤੋਂ ਹੋ ਰਹੀ ਲਗਾਤਾਰ ਤੇਜ਼ ਬਾਰਿਸ਼ ਦੌਰਾਨ ਹਾਲਾਤ ਵਿਗੜਦੇ ਜਾ ਰਹੇ ਹਨ। ਭਾਰੀ ਬਾਰਿਸ਼ ਦੇ ਕਾਰਨ ਇਡੁਕੀ ਜ਼ਿਲੇ ਅਤੇ ਉੱਤਰੀ ਹਿੱਸੇ 'ਚ ਕਈ ਜਗ੍ਹਾ 'ਤੇ ਜ਼ਮੀਨ ਖਿਸਕੀ, ਜਿਸ 'ਚ 27 ਲੋਕਾਂ ਦੀ ਮੌਤ ਹੋ ਗਈ ਹੈ। ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਹਾਲਾਤ ਦਾ ਜਾਇਜ਼ਾ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਅਤੇ ਰਾਸ਼ਟਰੀ ਆਫਤ ਪ੍ਰਤੀਕਿਰਿਆ ਫੋਰਸ ਨੂੰ ਇਡੁਕੀ, ਕੋਝੀਕੋਡ, ਵਾਇਨਾਡ ਅਤੇ ਮਲਮਪੁਰਮ ਜ਼ਿਲਿਆਂ ਦੇ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਮੁਹਿੰਮ 'ਚ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਇਕ ਸਮੀਖਿਆ ਬੈਠਕ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹ ਦੇ ਹਾਲਾਤ ਕਾਫੀ ਭਿਆਨਕ ਹਨ ਅਤੇ ਸੂਬੇ ਦੇ ਇਤਿਹਾਸ 'ਚ ਪਹਿਲੀ ਵਾਰ 24 ਬੰਨ੍ਹਾਂ ਨੂੰ ਇਕੋ ਵਾਰ ਖੋਲ੍ਹਿਆ ਗਿਆ ਹੈ, ਜਦੋਂ ਉਨ੍ਹਾਂ 'ਚ ਜਲ ਪੱਧਰ ਹੱਦ ਤੋਂ ਵੱਧ ਪਹੁੰਚ ਗਿਆ। ਇਡੁਕੀ ਜਲਪੱਧਰ ਦੇ ਚੇਰੂਥੋਨੀ ਬੰਨ੍ਹ ਨੂੰ 26 ਸਾਲਾਂ ਬਾਅਦ ਖੋਲ੍ਹਿਆ ਗਿਆ ਹੈ।
ਕੇਰਲ ਦੇ ਸੈਰ ਸਪਾਟਾ ਮੰਤਰੀ ਕਦਮਪਾਲੀ ਸੁਰੇਂਦਰਨ ਨੇ ਫੋਨ ਕਰਕੇ ਮੁੰਨਾਰ ਦੇ ਰਿਜ਼ਾਰਟ 'ਚ ਫਸੇ ਸੈਲਾਨੀਆਂ ਦਾ ਹਾਲ ਜਾਣਿਆ ਹੈ। ਦੱਸਣਾ ਚਾਹੁੰਦੇ ਹਾਂ ਕਿ ਸੈਲਾਨੀਆਂ 'ਚ ਦੋ ਅਮਰੀਕੀ, ਸੱਤ ਸਿੰਘਾਪੁਰੀ, ਪੰਜ ਓਮਾਨੀ, ਸੱਤ ਸਾਊਦੀ ਅਰੇਬੀਅਨ ਅਤੇ ਤਿੰਨ ਰੂਸੀ ਨਾਗਰਿਕ ਸ਼ਾਮਲ ਹਨ, ਮੰਤਰੀ ਨੇ ਦੱਸਿਆ ਕਿ ਸਾਰੇ ਸੁਰੱਖਿਅਤ ਹਨ।
ਇਡੁਕੀ ਡੈਮ ਦੇ ਸਾਰੇ 5 ਗੇਟ ਖੋਲ੍ਹ ਦਿੱਤੇ ਗਏ ਹਨ। ਤਾਜ਼ਾ ਜਾਣਕਾਰੀ ਦੇ ਮੁਤਾਬਕ, ਚੇਰੂਥੋਨੀ ਸ਼ਹਿਰ ਨੂੰ ਖਾਲੀ ਕਰਵਾ ਲਿਆ ਗਿਆ ਹੈ। ਨਾਰਥ ਅਤੇ ਸਾਊਥ ਇਡੁਕੀ ਜ਼ਿਲੇ ਨੂੰ ਜੋੜਨ ਵਾਲਾ ਬ੍ਰਿਜ ਪਾਣੀ 'ਚ ਡੁੱਬ ਗਿਆ ਹੈ।
ਇਸ ਦੌਰਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰੀ ਬਾਰਿਸ਼ ਨਾਲ ਪ੍ਰਭਾਵਿਤ ਕੇਰਲ ਨੂੰ ਕੇਂਦਰ ਵੱਲੋਂ ਹਰ ਜ਼ਰੂਰੀ ਮਦਦ ਪ੍ਰਦਾਨ ਕੀਤੀ ਜਾਵੇਗੀ। ਲੋਕਸਭਾ 'ਚ ਜ਼ੀਰੋ ਕਾਲ ਦੌਰਾਨ ਕੇਰਲ ਨਾਲ ਸੰਬੰਧ ਰੱਖਣ ਵਾਲੇ ਮੈਂਬਰਾਂ ਨੇ ਬਾਰਿਸ਼ ਨਾਲ ਹੋਏ ਜਾਨਮਾਲ ਦਾ ਮੁੱਦਾ ਚੁੱਕਿਆ ਅਤੇ ਕੇਂਦਰ ਸਰਕਾਰ ਨੂੰ ਵਿਸ਼ੇਸ਼ ਵਿੱਤੀ ਮਦਦ ਦੀ ਮੰਗ ਕੀਤੀ ਹੈ।

Tags :


Des punjab
Shane e punjab
Des punjab