DES PANJAB Des punjab E-paper
Editor-in-chief :Braham P.S Luddu, ph. 403-293-9393
ਪ੍ਰਧਾਨ ਮੰਤਰੀ ਟਰੂਡੋ ਨੇ ਅਮਰੀਕਾ ਨੂੰ ਦਿੱਤੀ ਜੁਆਬੀ ਕਾਰਵਾਈ ਦੀ ਧਮਕੀ
Date : 2018-06-02 PM 02:05:01 | views (422)
ਅਮਰੀਕਾ ਵਲੋਂ ਕੈਨੇਡਾ, ਯੂਰਪੀ ਸੰਘ ਤੇ ਮੈਕਸੀਕੋ ਤੋਂ ਦਰਾਮਦ ਹੋਏ ਸਟੀਲ ਤੇ ਐਲੂਮੀਨੀਅਮ 'ਤੇ ਟੈਕਸ ਲਾਉਣ ਦਾ ਐਲਾਨ ਕੀਤਾ ਗਿਆ ਹੈ, ਜਿਸ ਤੋਂ ਬਾਅਦ ਅਮਰੀਕਾ ਤੇ ਕੈਨੇਡਾ ਦੇ ਵਿਚਾਲੇ ਟ੍ਰੇਡ ਵਾਰ ਛਿੜ ਗਈ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਸਿੱਧੇ ਸ਼ਬਦਾਂ 'ਚ ਧਮਕੀ ਦਿੰਦਿਆਂ ਇਕ ਤੋਂ ਬਾਅਦ ਇਕ ਟਵੀਟ ਕੀਤੇ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਇਸ ਧੱਕੇ ਨੂੰ ਕਦੇ ਵੀ ਸਵਿਕਾਰ ਨਹੀਂ ਕੀਤਾ ਜਾ ਸਕਦਾ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਪਹਿਲਾ ਟਵੀਟ ਕਰਦਿਆਂ ਕਿਹਾ ਕਿ ਕੈਨੇਡੀਅਨ ਸਟੀਲ ਤੇ ਐਲੂਮੀਨੀਅਮ 'ਤੇ ਅਮਰੀਕੀ ਟੈਰਿਫ ਅਸਵਿਕਾਰਯੋਗ ਹੈ। ਜਿਵੇਂ ਕਿ ਅਸੀਂ ਕਿਹਾ ਹੈ, ਅਸੀਂ ਹਮੇਸ਼ਾ ਹੀ ਆਪਣੇ ਕਾਮਿਆਂ ਨਾਲ ਖੜ੍ਹੇ ਹਾਂ ਤੇ ਅਸੀਂ ਆਪਣੇ ਉਦਯੋਗ 'ਤੇ ਕੀਤੇ ਇਸ ਹਮਲੇ ਦਾ ਜਵਾਬ ਦੇਵਾਂਗੇ।  ਆਪਣੇ ਦੂਜੇ ਟਵੀਟ 'ਚ ਟਰੂਡੋ ਨੇ ਲਿਖਿਆ ਕਿ ਕੈਨੇਡਾ ਵੀ ਅਮਰੀਕਾ ਤੋਂ ਸਟੀਲ, ਐਲੂਮੀਨੀਅਮ ਤੇ ਹੋਰਾਂ ਉਤਪਾਦਾਂ ਦੀ ਦਰਾਮਦ 'ਤੇ ਟੈਕਸ ਲਾਵੇਗਾ। ਹਰ ਡਾਲਰ 'ਤੇ ਟੈਕਸ ਲਾਇਆ ਜਾਵੇਗਾ।ਇਹ ਪ੍ਰਤੀਕਰਮ ਸਿਰਫ ਅਮਰੀਕਾ ਤੋਂ ਦਰਾਮਦ ਹੋਣ ਵਾਲੀਆਂ ਵਸਤੂਆਂ 'ਤੇ ਲਾਗੂ ਹੋਵੇਗਾ ਤੇ 1 ਜੁਲਾਈ ਤੋਂ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਇਹ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਅਮਰੀਕਾ ਆਪਣਾ ਫੈਸਲਾ ਵਾਪਸ ਨਹੀਂ ਲੈ ਲੈਂਦਾ। ਕੈਨੇਡਾ ਨਾਫਟਾ ਦੇ ਚੈਪਟਰ 20 ਅਧੀਨ ਤੇ ਡਬਲਿਊ.ਟੀ.ਓ. 'ਚ ਇਸ ਗੈਰਕਾਨੂੰਨੀ ਵਤੀਰੇ ਨੂੰ ਚੁਣੌਤੀ ਦੇਵੇਗਾ। ਇਸ ਲਈ ਕੌਮੀ ਸੁਰੱਖਿਆ ਖਤਰੇ ਦਾ ਹਵਾਲਾ ਦੇਣਾ ਹਾਸੋਹੀਣਾ ਹੈ। ਅਸੀਂ ਕੈਨੇਡੀਅਨ ਵਰਕਰਾਂ ਤੇ ਕਾਰੋਬਾਰੀਆਂ ਲਈ ਖੜ੍ਹੇ ਰਹਾਂਗੇ। ਟਰੂਡੋ ਨੇ ਕਿਹਾ ਕਿ ਅਮਰੀਕਨ ਸਾਡੇ ਭਾਈਵਾਲ, ਦੋਸਤ ਤੇ ਸਹਿਯੋਗੀ ਬਣੇ ਰਹਿਣਗੇ। ਇਹ ਅਮਰੀਕੀ ਲੋਕਾਂ ਬਾਰੇ ਨਹੀਂ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਾਰਚ 'ਚ ਸਟੀਲ 'ਤੇ 25 ਫੀਸਦੀ ਤੇ ਐਲੂਮੀਨੀਅਮ 'ਤੇ 10 ਫੀਸਦੀ ਦਰਾਮਦ ਟੈਰਿਫ ਲਾਉਣ ਦਾ ਐਲਾਨ ਕੀਤਾ ਸੀ। ਟਰੰਪ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਇਹ ਕਦਮ ਚੁੱਕਿਆ ਸੀ। ਉਨ੍ਹਾਂ ਨੇ 30 ਅਪ੍ਰੈਲ ਨੂੰ ਕੈਨੇਡਾ, ਮੈਕਸੀਕੋ ਤੇ ਯੂਰਪੀ ਸੰਘ ਤੋਂ ਆਉਣ ਵਾਲੇ ਸਟੀਲ ਤੇ ਐਲੂਮੀਨੀਅਮ 'ਤੇ ਟੈਰਿਫ ਦੀ ਅਸਥਾਈ ਛੋਟ ਦੀ ਲਿਮਟ ਨੂੰ 31 ਮਈ ਤੱਕ ਵਧਾ ਦਿੱਤਾ ਸੀ।

Tags :
Most Viewed News


Des punjab
Shane e punjab
Des punjab