DES PANJAB Des punjab E-paper
Editor-in-chief :Braham P.S Luddu, ph. 403-293-9393
ਟਰਾਂਸ ਮਾਊਨਟੇਨ ਪਾਈਪਲਾਈਨ ਪਸਾਰ ਦੇ ਹੱਕ 'ਚ ਹਨ ਬਹੁਤੇ ਕੈਨੇਡੀਅਨ
Date : 2018-05-08 AM 11:42:32 | views (472)

ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ ਨੂੰ ਲੈ ਕੇ ਚੱਲ ਰਹੇ ਵਿਵਾਦ ਸਬੰਧੀ ਨੈਨੋਜ਼ ਵੱਲੋਂ ਸਰਵੇਖਣ ਕਰਵਾਇਆ ਗਿਆ।  ਇਸ ਸਰਵੇਖਣ 'ਚ ਕੈਨੇਡੀਅਨ ਲੋਕਾਂ ਦੀ ਇਸ ਮਾਮਲੇ ਸਬੰਧੀ ਰਾਏ ਜਾਨਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਸਰਵੇਖਣ 'ਚ ਜੋ ਤੱਥ ਸਾਹਮਣੇ ਆਏ ਹਨ ਉਨ੍ਹਾਂ ਦੇ ਅਧਾਰ 'ਤੇ ਤਿੰਨਾਂ ਵਿੱਚੋਂ ਦੋ ਕੈਨੇਡੀਅਨ ਇਸ ਪ੍ਰੋਜੈਕਟ ਦਾ ਸਮੱਰਥਨ ਕਰਦੇ ਹਨ। ਪਰ ਕਈ ਕੈਨੇਡੀਅਨ ਨਹੀਂ ਚਾਹੁੰਦੇ ਕਿ ਇਸ ਦਾ ਨਿਰਮਾਣ ਟੈਕਸਦਾਤਾਵਾਂ ਦੇ ਪੈਸੇ ਨਾਲ ਹੀ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਅਲਬਰਟਾ ਤੋਂ ਲੈ ਕੇ ਬ੍ਰਿਟਿਸ਼ ਕੋਲੰਬੀਆ ਦੇ ਤੱਟੀ ਇਲਾਕੇ ਤੱਕ ਪਾਈਪਲਾਈਨ ਦੀ ਸਮਰੱਥਾ ਵਧਾਉਣ ਲਈ ਕਿੰਡਰ ਮੌਰਗਨ ਕੈਨੇਡਾ ਵੱਲੋਂ ਪਸਾਰ ਦੀ ਯੋਜਨਾ ਨੂੰ 2016 ਵਿੱਚ ਫੈਡਰਲ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ। ਪਰ ਬੀ.ਸੀ. ਦੀ ਨਿਊ ਡੈਮੋਕ੍ਰੈਟ ਸਰਕਾਰ ਤੇ ਕੁੱਝ ਫਰਸਟ ਨੈਸ਼ਨਜ਼ ਨੇ ਵਾਤਾਵਰਣ ਸਬੰਧੀ ਚਿੰਤਾਵਾਂ ਪ੍ਰਗਟਾਉਂਦਿਆਂ ਇਸ ਨੂੰ ਬੰਦ ਕਰਵਾਉਣ ਪਿਛਲੇ ਕਈ ਸਮੇਂ ਤੋਂ ਇਸ ਖਿਲਾਫ਼ ਲੜਾਈ ਵਿੱਢੀ ਹੋਈ ਹੈ। ਕੰਪਨੀ ਨੇ ਪਿਛਲੇ ਮਹੀਨੇ 7.4 ਬਿਲੀਅਨ ਡਾਲਰ ਦੇ ਗੈਰ ਜ਼ਰੂਰੀ ਖਰਚੇ ਨੂੰ ਸਸਪੈਂਡ ਕਰ ਦਿੱਤਾ ਸੀ। ਇਸ ਦੇ ਨਾਲ ਹੀ ਕੰਪਨੀ ਨੇ ਇਸ ਪ੍ਰੋਜੈਕਟ ਉੱਤੇ ਅੱਗੇ ਵਧਣ ਲਈ ਸਟੇਕਹੋਲਡਰਜ਼ ਨੂੰ 31 ਮਈ ਦੀ ਡੈੱਡਲਾਈਨ ਦੇ ਕੇ ਕਿਸੇ ਫੈਸਲੇ ਉੱਤੇ ਪਹੁੰਚਣ ਲਈ ਆਖਿਆ ਹੈ। ਨੈਨੋਜ਼ ਰਿਸਰਚ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਵਿੱਚ ਪਾਇਆ ਗਿਆ ਕਿ 67 ਫੀ ਸਦੀ ਕੈਨੇਡੀਅਨਜ਼ ਇਸ ਪ੍ਰੋਜੈਕਟ ਦੇ ਸਮਰਥਨ ਵਿੱਚ ਹਨ ਜਾਂ ਕਿਸੇ ਹੱਦ ਤੱਕ ਇਸ ਦੀ ਹਮਾਇਤ ਕਰਦੇ ਹਨ। 27 ਫੀ ਸਦੀ ਇਸ ਪ੍ਰੋਜੈਕਟ ਦੇ ਖਿਲਾਫ ਹਨ ਜਾਂ ਕਿਸੇ ਹੱਦ ਤੱਕ ਖਿਲਾਫ ਹਨ ਜਦਕਿ ਛੇ ਫੀ ਸਦੀ ਨੂੰ ਅਜੇ ਪੱਕਾ ਪਤਾ ਨਹੀਂ ਹੈ ਕਿ ਉਨ੍ਹਾਂ ਦੀ ਇਸ ਬਾਰੇ ਰਾਇ ਕੀ ਹੈ। ਪੋਲਸਟਰ ਨਿੱਕ ਨੈਨੋਜ਼ ਦਾ ਕਹਿਣਾ ਹੈ ਕਿ ਇਨ੍ਹਾਂ ਨਤੀਜਿਆਂ ਕਾਰਨ ਖੇਤਰੀ ਅਧਾਰ ਉੱਤੇ ਬਹੁਤ ਹੀ ਹੈਰਾਨੀਕੁੰਨ ਵੰਡੀ ਸਾਹਮਣੇ ਆਈ ਹੈ। ਕਿਊਬਿਕ ਤੇ ਬ੍ਰਿਟਿਸ਼ ਕੋਲੰਬੀਆ ਪਾਈਪਲਾਈਨ ਵਿਰੋਧੀ ਤਾਕਤਾਂ ਵਜੋਂ ਸਾਹਮਣੇ ਆ ਰਹੇ ਹਨ। ਪਰ ਇਸ ਦੇ ਬਾਵਜੂਦ ਇਨ੍ਹਾਂ ਪ੍ਰੋਵਿੰਸਾਂ ਵਿੱਚ ਵੀ ਬਹੁਗਿਣਤੀ ਲੋਕ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਹੱਕ ਵਿੱਚ ਹਨ। 54.9 % ਲੋਕ ਕਿਊਬਿਕ ਵਿੱਚ ਤੇ 59.1 % ਲੋਕ ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਪਾਈਪਲਾਈਨ ਦੇ ਹੱਕ ਵਿੱਚ ਹਨ। ਇਸ ਦੇ ਸੱਭ ਤੋਂ ਵੱਧ 83.6% ਸਮਰਥਕ ਪ੍ਰੇਰੀਜ਼ ਵਿੱਚ ਹਨ।


Tags :


Des punjab
Shane e punjab
Des punjab