DES PANJAB Des punjab E-paper
Editor-in-chief :Braham P.S Luddu, ph. 403-293-9393
ਡੱਗ ਫੋਰਡ ਵਲੋਂ ਪਾਰਟੀ ਦੀ ਕਮਾਨ ਸਾਂਭਣ ਲਈ ਮੁਹਿੰਮ ਸ਼ੁਰੂ
Date : 2018-02-05 PM 12:14:06 | views (462)

 ਟੋਰਾਂਟੋ ਵਿੱਚ ਰੈਲੀ ਕਰਕੇ ਡੱਗ ਫੋਰਡ ਨੇ ਰਸਮੀ ਤੌਰ 'ਤੇ ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਕਮਾਨ ਸਾਂਭਣ ਦੀ ਆਪਣੀ ਦਾਅਵੇਦਾਰੀ ਲਈ ਮੁਹਿੰਮ ਲਾਂਚ ਕਰ ਦਿੱਤੀ।  ਇਸ ਦੌੜ ਦੀ ਪਹਿਲੀ ਮੁਹਿੰਮ ਸਬੰਧੀ ਰੈਲੀ ਵਿੱਚ ਫੋਰਡ ਨੇ ਆਪਣੇ ਪਲੇਟਫਾਰਮ ਤੋਂ ਵੀ ਲੋਕਾਂ ਨੂੰ ਜਾਣੂ ਕਰਵਾਇਆ। ਫੋਰਡ ਨੇ ਟੈਕਸਾਂ ਨੂੰ ਘੱਟ ਰੱਖਣ, ਪ੍ਰੋਵਿੰਸ ਲਈ ਹੋਰ ਕਾਰੋਬਾਰ ਨੂੰ ਆਕਰਸ਼ਿਤ ਕਰਨ, ਓਨਟਾਰੀਓ ਦਾ ਅਗਲਾ ਪ੍ਰੀਮੀਅਰ ਚੁਣੇ ਜਾਣ ਦੀ ਸੂਰਤ ਵਿੱਚ ਫੈਡਰਲ ਸਰਕਾਰ ਵੱਲੋਂ ਲਾਏ ਜਾਣ ਵਾਲੇ ਕਾਰਬਨ ਟੈਕਸ ਨੂੰ ਰੱਦ ਕਰਨ ਦਾ ਵਾਅਦਾ ਕੀਤਾ। ਆਪਣੇ ਖੁਸ਼ੀ ਵਿੱਚ ਖੀਵੇ ਹੋਏ ਸਮਰਥਕਾਂ ਵਿੱਚ ਫੋਰਡ ਨੇ ਆਖਿਆ ਕਿ ਉਹ ਅਜਿਹੀਆਂ ਨੀਤੀਆਂ ਤੇ ਟੈਕਸਾਂ ਦਾ ਸਮਰਥਨ ਕਿਸੇ ਵੀ ਹਾਲ ਨਹੀਂ ਕਰਨਗੇ ਜਿਨ੍ਹਾਂ ਨਾਲ ਆਮ ਆਦਮੀ ਦੀ ਜ਼ਿੰਦਗੀ ਹੋਰ ਮਹਿੰਗੀ ਹੋ ਜਾਵੇ।
ਸਾਬਕਾ ਟੋਰਾਂਟੋ ਸਿਟੀ ਕਾਉਂਸਲਰ ਨੇ ਮੌਜੂਦਾ ਲਿਬਰਲ ਪ੍ਰੀਮੀਅਰ ਕੈਥਲੀਨ ਵਿੰਨ ਉੱਤੇ ਜ਼ੁਬਾਨੀ ਹਮਲਾ ਕਰਦਿਆਂ ਆਖਿਆ ਕਿ ਉਸ ਦੀ ਐਨਰਜੀ ਪਾਲਿਸੀ ਤਬਾਹਕੁੰਨ ਹੈ, ਉਹ ਉਤਪਾਦਨ ਦੇ ਖੇਤਰ ਨਾਲ ਜੁੜੀਆਂ ਨੌਕਰੀਆਂ ਖਤਮ ਕਰ ਰਹੀ ਹੈ, ਟੈਕਸਾਂ ਵਿੱਚ ਵਾਧਾ ਕਰ ਰਹੀ ਹੈ ਤੇ ਉਸ ਦੇ ਰਾਜ ਵਿੱਚ ਵਸਤਾਂ ਦੀਆਂ ਕੀਮਤਾਂ ਆਸਮਾਨ ਛੋਹ ਰਹੀਆਂ ਹਨ। ਉਨ੍ਹਾਂ ਆਖਿਆ ਕਿ ਐਨੀ ਵੱਡੀ ਸਰਕਾਰ ਵੱਲੋਂ ਲਾਏ ਗਏ ਉੱਚੇ ਟੈਕਸਾਂ ਦੇ ਹੇਠ ਓਨਟਾਰੀਓ ਦੇ ਲੋਕਾਂ ਦਾ ਸਾਹ ਘੁੱਟ ਰਿਹਾ ਹੈ। ਜ਼ਿਕਰਯੋਗ ਹੈ ਕਿ ਪੀਸੀ ਪਾਰਟੀ ਦਾ ਨਵਾਂ ਆਗੂ ਚੁਣੇ ਜਾਣ ਦੇ ਮਾਮਲੇ ਨੇ ਪਿਛਲੇ ਮਹੀਨੇ ਉਸ ਸਮੇਂ ਜ਼ੋਰ ਫੜ੍ਹ ਲਿਆ ਸੀ ਜਦੋਂ ਪਿਛਲੇ ਆਗੂ ਪੈਟਰਿਕ ਬ੍ਰਾਊਨ ਨੇ ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼ਾਂ ਕਾਰਨ ਅਚਾਨਕ ਅਸਤੀਫਾ ਦੇ ਦਿੱਤਾ ਸੀ। ਬ੍ਰਾਊਨ ਵੱਲੋਂ ਇਨ੍ਹਾਂ ਦੋਸ਼ਾਂ ਤੋਂ ਲਗਾਤਾਰ ਇਨਕਾਰ ਕੀਤਾ ਜਾ ਰਿਹਾ ਹੈ। ਫੋਰਡ ਨੇ ਸੱਭ ਤੋਂ ਪਹਿਲਾਂ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਪਾਰਟੀ ਦੇ ਉੱਚ ਵਰਗ ਤੋਂ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ ਜਾਵੇ ਤੇ ਲੋਕਾਂ ਦੀ ਅਵਾਜ਼ ਬਣ ਕੇ ਉਨ੍ਹਾਂ ਦੇ ਮੁੱਦੇ ਹੱਲ ਕੀਤੇ ਜਾਣ।


Tags :


Des punjab
Shane e punjab
Des punjab