DES PANJAB Des punjab E-paper
Editor-in-chief :Braham P.S Luddu, ph. 403-293-9393
ਜਿਨਸੀ ਸ਼ੋਸ਼ਣ ਦੀ ਰੋਕ ਸਬੰਧੀ ਪਾਰਲੀਮੈਂਟ ਹਿੱਲ 'ਚ ਬਿੱਲ ਪਾਸ ਕਰਨ 'ਤੇ ਸਾਰੇ ਐਮ.ਪੀਜ਼ ਨੇ ਦਿੱਤੀ ਸਹਿਮਤੀ
Date : 2018-01-30 PM 01:02:28 | views (453)

 ਫੈਡਰਲ ਪੱਧਰ ਉੱਤੇ ਕੰਮ ਵਾਲੀਆਂ ਥਾਂਵਾਂ ਉੱਤੇ ਜਿਨਸੀ ਸ਼ੋਸ਼ਣ ਨੂੰ ਰੋਕਣ ਲਈ ਬਿੱਲ ਪਾਸ ਕਰਨ ਵਾਸਤੇ ਸਾਰੇ ਐਮਪੀਜ਼ ਨੇ ਸਰਬਸੰਮਤੀ ਨਾਲ ਸਹਿਮਤੀ ਦੇ ਦਿੱਤੀ ਹੈ। ਐਮਪੀਜ਼ ਦਾ ਕਹਿਣਾ ਹੈ ਕਿ ਹੁਣ ਪਾਰਲੀਮੈਂਟ ਹਿੱਲ ਉੱਤੇ ਤਬਦੀਲੀ ਲਿਆਉਣ ਦਾ ਸਮਾਂ ਆ ਗਿਆ ਹੈ।  ਆਪਣੀ ਨਵੀਂ ਭੂਮਿਕਾ ਵਿੱਚ ਪਹਿਲੇ ਦਿਨ ਐਨਡੀਪੀ ਹਾਊਸ ਲੀਡਰ ਰੁੱਥ ਐਲਨ ਬਰੌਸਿਊ ਨੇ ਬਿੱਲ ਸੀ-65 ਸਿੱਧਾ ਕਮੇਟੀ ਨੂੰ ਭੇਜਣ ਦੀ ਇੱਛਾ ਪ੍ਰਗਟਾਈ ਤਾਂ ਉਨ੍ਹਾਂ ਨੂੰ ਆਪਣੇ ਹਾਊਸ ਆਫ ਕਾਮਨਜ਼ ਵਿਚਲੇ ਸਹਿਯੋਗੀਆਂ ਤੋਂ ਇਸ ਲਈ ਭਰਵਾਂ ਹੁੰਗਾਰਾ ਮਿਲਿਆ। ਇਸ ਬਿੱਲ ਦੇ ਸਬੰਧ ਵਿੱਚ ਮਾਮੂਲੀ ਬਹਿਸ ਵੀ ਕਰਵਾਈ ਗਈ। ਹਾਊਸ ਆਫ ਕਾਮਨਜ਼ ਵਿੱਚ ਬਰੌਸਿਊ ਨੇ ਆਖਿਆ ਕਿ ਅਸੀਂ ਪਾਰਲੀਆਮੈਂਟ ਹਿੱਲ ਉੱਤੇ ਇਸ ਤਰ੍ਹਾਂ ਦੇ ਰਿਵਾਜ ਨੂੰ ਬਦਲਣ ਲਈ ਜੋ ਕੁੱਝ ਸੰਭਵ ਹੈ ਉਹ ਕਰਾਂਗੇ।
ਐਮਪੀਜ਼ ਵੱਲੋਂ ਜਦੋਂ ਇਸ ਬਿੱਲ ਉੱਤੇ ਬਹਿਸ ਕੀਤੀ ਗਈ ਤਾਂ ਜਿਨਸੀ ਦੁਰਵਿਵਹਾਰ ਤੇ ਪਾਰਲੀਆਮੈਂਟ ਹਿੱਲ ਉੱਤੇ ਵਰਕਪਲੇਸ ਵਿਵਹਾਰ ਦੇ ਮੁੱਦੇ ਹੀ ਮੁੱਖ ਤੌਰ ਉੱਤੇ ਵਿਚਾਰੇ ਗਏ। ਇਸ ਦੌਰਾਨ ਕੰਜ਼ਰਵੇਟਿਵ ਐਮਪੀ ਮਿਸ਼ੇਲ ਰੈਂਪਲ ਨੇ ਆਖਿਆ ਕਿ ਹੁਣ ਜਦੋਂ ਇਸ ਮੁੱਦੇ ਨੂੰ ਵਿਚਾਰਿਆ ਜਾ ਰਿਹਾ ਹੈ ਤਾਂ ਉਹ ਤੇ ਹੋਰ ਐਮਪੀਜ਼ ਕੋਈ ਦੂਜਾ ਮੁੱਦਾ ਨਹੀਂ ਉਠਾ ਪਾ ਰਹੇ। ਉਨ੍ਹਾਂ ਆਖਿਆ ਕਿ ਸਾਡੇ ਨਾਲ ਹੀ ਅਜਿਹੇ ਲੋਕ ਵੀ ਕੰਮ ਕਰਦੇ ਹਨ ਜਿਹੜੇ ਇਹ ਮੰਨਦੇ ਹਨ ਕਿ ਮਾੜਾ ਵਿਵਹਾਰ ਕਰਨ ਦਾ ਉਨ੍ਹਾਂ ਨੂੰ ਹੱਕ ਹੈ, ਉਹ ਦੂਜਿਆਂ ਨੂੰ ਚੁੱਪ ਕਰਵਾਉਣ ਲਈ ਜਾਂ ਨੀਵਾਂ ਵਿਖਾਉਣ ਲਈ ਆਪਣੀ ਤਾਕਤ ਦੀ ਵਰਤੋਂ ਕਰ ਸਕਦੇ ਹਨ, ਜੋ ਕਿ ਬਹੁਤ ਹੀ ਕੋਝਾ ਹੈ।
ਇਸ ਪ੍ਰਸਤਾਵਿਤ ਬਿੱਲ ਤਹਿਤ ਵਰਕਰਜ਼ ਤੇ ਉਨ੍ਹਾਂ ਦੇ ਇੰਪਲਾਇਰਜ਼ ਨੂੰ ਧੱਕੇਸ਼ਾਹੀ, ਤੰਗ ਪਰੇਸ਼ਾਨ ਕੀਤੇ ਜਾਣ ਤੇ ਜਿਨਸੀ ਦੁਰਵਿਵਹਾਰ ਲਈ ਕੀ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ ਇਸ ਬਾਰੇ ਸਪਸ਼ਟ ਤੌਰ ਉੱਤੇ ਦੱਸਿਆ ਜਾਵੇਗਾ। ਨਵੰਬਰ ਵਿੱਚ ਇਹ ਬਿੱਲ ਪੇਸ਼ ਕਰਨ ਵਾਲੀ ਮਨਿਸਟਰ ਆਫ ਇੰਪਲਾਇਮੈਂਟ, ਵਰਕਫੋਰਸ ਡਿਵੈਲਪਮੈਂਟ ਐਂਡ ਲੇਬਰ ਪੈਟੀ ਹਾਜਦੂ ਨੇ ਆਖਿਆ ਕਿ ਇਸ ਸਮੇਂ ਫੈਡਰਲ ਪੱਧਰ ਉੱਤੇ ਨਿਯੰਤਰਿਤ ਕੰਮ ਵਾਲੀਆਂ ਥਾਂਵਾਂ ਉੱਤੇ ਇਸ ਤਰ੍ਹਾਂ ਦੇ ਦੁਰਵਿਵਹਾਰ ਤੇ ਹਿੰਸਾ ਨੂੰ ਰੋਕਣ ਲਈ ਜਿਹੜੇ ਨਿਯਮ ਕਾਨੂੰਨ ਹਨ ਉਹ ਕਾਫੀ ਨਹੀਂ ਹਨ। ਇਸ ਲਈ ਸਾਨੂੰ ਇਨ੍ਹਾਂ ਨੂੰ ਹੋਰ ਬਿਹਤਰ ਕਰਨ ਦੀ ਲੋੜ ਹੈ।
ਪ੍ਰਸਤਾਵਿਤ ਨਿਯਮਾਂ ਤਹਿਤ ਸਖਤ ਪ੍ਰਾਈਵੇਸੀ ਨਿਯਮ ਲਾਗੂ ਕੀਤੇ ਜਾਣਗੇ ਤਾਂ ਕਿ ਇਸ ਤਰ੍ਹਾਂ ਦੀ ਘਟਨਾ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਖੱਜਲ ਖੁਆਰੀ ਤੇ ਹਿੰਸਾ ਤੋਂ ਬਚਾਇਆ ਜਾ ਸਕੇ। ਇੱਕ ਵਾਰੀ ਇਹ ਬਿੱਲ ਪਾਸ ਹੋ ਜਾਣ ਉੱਤੇ, ਜੇ ਕੋਈ ਵਿਅਕਤੀ ਇਹ ਸਮਝਦਾ ਹੈ ਕਿ ਉਸ ਦੇ ਵਿਵਾਦ ਨੂੰ ਸਹੀ ਢੰਗ ਨਾਲ ਨਹੀਂ ਸੁਲਝਾਇਆ ਗਿਆ ਤਾਂ ਉਹ ਫੈਡਰਲ ਲੇਬਰ ਮੰਤਰੀ ਕੋਲ ਸ਼ਿਕਾਇਤ ਕਰ ਸਕੇਗਾ। ਜੋ ਅੱਗੋਂ ਜਾਂਚ ਦਾ ਮੁਆਇਨਾ ਕਰ ਸਕਣਗੇ ਤੇ ਇੰਪਲਾਇਰਜ਼ ਉੱਤੇ ਪਾਬੰਦੀਆਂ ਵੀ ਲਾ ਸਕਣਗੇ। ਇਹ ਨਵਾਂ ਬਿੱਲ ਫੈਡਰਲ ਪੱਧਰ ਉੱਤੇ ਨਿਯੰਤਰਿਤ ਕੀਤੀਆਂ ਜਾਣ ਵਾਲੀਆਂ ਕੰਮ ਵਾਲੀਆਂ ਥਾਂਵਾਂ, ਜਿਵੇਂ ਕਿ ਬੈਂਕਾਂ, ਟੈਲੀਕਮਿਊਨਿਕੇਸ਼ਨਜ਼ ਅਤੇ ਟਰਾਂਸਪੋਰਟ ਇੰਡਸਟਰੀਜ਼ ਆਦਿ ਉੱਤੇ ਲਾਗੂ ਹੋਵੇਗਾ।

 


Tags :


Des punjab
Shane e punjab
Des punjab