National
ਚੀਨ ਨੇ ਅਰੁਣਾਚਲ ’ਤੇ ਮੁੜ ਦਾਅਵਾ ਕੀਤਾ, ਭਾਰਤ ਨੇ ਨਕਾਰਿਆ
ਚੀਨ ਨੇ ਭਾਰਤ ਦੇ ਉਤਰ-ਪੂਰਬੀ ਸੂਬੇ ਅਰੁਣਾਚਲ ਪ੍ਰਦੇਸ਼ ਦੀਆਂ 15 ਹੋਰ ਥਾਵਾਂ ਦਾ ਨਾਂ ਆਪਣੇ ਪੱਧਰ ਉਤੇ ਬਦਲ ਦੇਣ ਨੂੰ ਜਾਇਜ਼ ਦੱਸਦਿਆਂ ਦਾਅਵਾ ਕੀਤਾ ਹੈ ਕਿ ਤਿੱਬਤ ਦਾ ਇਹ ਦੱਖਣੀ ਹਿੱਸਾ ਉਸ ਦਾ ‘ਪ੍ਰਾਚੀਨ ਕਾਲ ਤੋਂ ਅਟੁੱਟ ਅੰਗ’ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਵੀਰਵਾਰ ਅਰੁਣਾਚਲ ਦੀਆਂ 15 ਥਾਵਾਂ ਦਾ ਨਾਂ ਚੀਨ ਵੱਲੋਂ ਬਦਲੇ ਜਾਣ ਉਤੇ ਸਖ਼ਤ ਇਤਰਾਜ਼ ਜਤਾਉਂਦਿਆਂ ਇਸ ਨੂੰ ਰੱਦ ਕਰ ਦਿੱਤਾ ਸੀ। ਭਾਰਤ ਨੇ ਕਿਹਾ ਸੀ ਕਿ ਅਰੁਣਾਚਲ ਹਮੇਸ਼ਾ ਭਾਰਤ ਦਾ ਅਟੁੱਟ ਹਿੱਸਾ ਰਿਹਾ ਹੈ ਤੇ ਰਹੇਗਾ ਅਤੇ ਨਾਂ ਘੜ-ਘੜ ਕੇ ਰੱਖਣ ਨਾਲ ਸੱਚ ਬਦਲ ਨਹੀਂ ਜਾਵੇਗਾ। ਚੀਨ ਦੇ ਨਾਗਰਿਕ ਮਾਮਲਿਆਂ ਬਾਰੇ ਮੰਤਰਾਲੇ ਨੇ ਆਪਣੇ ਪੱਧਰ ਉਤੇ ਅਰੁਣਾਚਲ ਦੀਆਂ 15 ਥਾਵਾਂ ਦੇ ਨਾਂ ਬਦਲ ਦਿੱਤੇ ਸਨ ਤੇ ਸੂਬੇ ਨੂੰ ਇਹ ਦੱਖਣੀ ਤਿੱਬਤ ਦੱਸਦਾ ਹੈ। ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗ਼ਚੀ ਨੇ ਕਿਹਾ, ਅਸੀਂ ਅਜਿਹਾ ਪਹਿਲਾਂ ਵੀ ਦੇਖਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਚੀਨ ਨੇ ਇਸ ਤਰ੍ਹਾਂ ਅਰੁਣਾਚਲ ਪ੍ਰਦੇਸ਼ ਦੀਆਂ ਥਾਵਾਂ ਦਾ ਨਾਂ ਬਦਲਣ ਦੀ ਕੋਸ਼ਿਸ਼ ਕੀਤੀ ਹੈ।