Punjab

ਕਾਂਗਰਸ ਵੱਲੋਂ ਪੰਜਾਬ ਵਿੱਚ ਛੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਚੰਡੀਗੜ੍ਹ- ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਲੋਕ ਸਭਾ ਚੋਣਾਂ ਲਈ ਅੱਜ ਪੰਜਾਬ ਵਿਚ ਛੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਦੋ ਦਿਨ ਪਹਿਲਾਂ ਸਕਰੀਨਿੰਗ ਕਮੇਟੀ ਨੇ ਪਹਿਲੀ ਸੂਚੀ ਨੂੰ ਅੰਤਿਮ ਛੋਹਾਂ ਦੇਣ ਮਗਰੋਂ ਕਮੇਟੀ ਨੂੰ ਨਾਵਾਂ ਸਬੰਧੀ ਸਿਫ਼ਾਰਸ਼ ਭੇਜ ਦਿੱਤੀ ਸੀ। ਕਾਂਗਰਸ ਨੇ ਐਤਕੀਂ ਚੋਣ ਪਿੜ ਵਿਚ ਦੋ ਮੌਜੂਦਾ ਸੰਸਦ ਮੈਂਬਰਾਂ ਗੁਰਜੀਤ ਸਿੰਘ ਔਜਲਾ(ਅੰਮ੍ਰਿਤਸਰ) ਤੇ ਅਮਰ ਸਿੰਘ (ਫਤਹਿਗੜ੍ਹ ਸਾਹਿਬ) ਨੂੰ ਮੁੜ ਉਤਾਰਿਆ ਹੈ ਜਦੋਂ ਕਿ ਚਾਰ ਸੀਟਾਂ ’ਤੇ ਚਰਨਜੀਤ ਸਿੰਘ ਚੰਨੀ (ਜਲੰਧਰ ਰਾਖਵੀਂ), ਮੌਜੂਦਾ ਵਿਧਾਇਕ ਸੁਖਪਾਲ ਖਹਿਰਾ(ਸੰਗਰੂਰ), ਜੀਤਮਹਿੰਦਰ ਸਿੰਘ ਸਿੱਧੂ (ਬਠਿੰਡਾ) ਤੇ ਧਰਮਵੀਰ ਗਾਂਧੀ (ਪਟਿਆਲਾ) ਨਵੇਂ ਚਿਹਰੇ ਉਤਾਰੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਹਿਲੀ ਸੂਚੀ ਹਲੂਣਾ ਦੇਣ ਵਾਲੀ ਹੈ ਕਿਉਂਕਿ ਬਠਿੰਡਾ ਹਲਕੇ ਤੋਂ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਦਾਅਵੇਦਾਰ ਸੀ। ਕੇਂਦਰੀ ਚੋਣ ਕਮੇਟੀ ਵੱਲੋਂ ਜਾਰੀ ਸੂਚੀ ਅਨੁਸਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਜਲੰਧਰ ਤੋਂ ਉਤਾਰਿਆ ਗਿਆ ਹੈ ਜਦੋਂ ਕਿ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਅੰਮ੍ਰਿਤਸਰ ਅਤੇ ਅਮਰ ਸਿੰਘ ਨੂੰ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਅਤੇ ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਐਲਾਨਿਆ ਹੈ। ਚੰਨੀ ਪਹਿਲਾਂ ਹੀ ਜਲੰਧਰ ਤੋਂ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਚੁੱਕੇ ਹਨ। ਜਲੰਧਰ ਹਲਕੇ ਤੋਂ ਮਰਹੂਮ ਸੰਤੋਖ ਚੌਧਰੀ ਦਾ ਪਰਿਵਾਰ ਵੀ ਦਾਅਵੇਦਾਰੀ ਜਤਾ ਰਿਹਾ ਸੀ। ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਟਿਕਟ ਲੈਣ ਵਿਚ ਕਾਮਯਾਬ ਹੋਏ ਹਨ, ਜਿਨ੍ਹਾਂ ਨੇ 11 ਮਾਰਚ 2017 ਨੂੰ ਅੰਮ੍ਰਿਤਸਰ ਦੀ ਜ਼ਿਮਨੀ ਚੋਣ ਜਿੱਤੀ ਸੀ ਅਤੇ ਮੁੜ 2019 ਵਿਚ ਭਾਜਪਾ ਉਮੀਦਵਾਰ ਹਰਦੀਪ ਪੁਰੀ ਨੂੰ ਹਰਾਇਆ ਸੀ। ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਬਾਜ਼ੀ ਮਾਰ ਗਏ ਹਨ ਜੋ ਸਿਆਸਤ ਦੀ ਸ਼ੁਰੂਆਤ ਵਿਚ ਤਲਵੰਡੀ ਸਾਬੋ ਤੋਂ ਚੋਣ ਹਾਰ ਗਏ ਸਨ ਅਤੇ 2002 ਵਿਚ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਗਏ ਸਨ। ਕਾਂਗਰਸੀ ਟਿਕਟ ’ਤੇ ਉਨ੍ਹਾਂ ਨੇ 2007 ਅਤੇ 2012 ਦੀ ਚੋਣ ਜਿੱਤੀ। 2014 ਵਿਚ ਉਹ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਅਤੇ ਸਾਲ 2014 ਵਿਚ ਅਕਾਲੀ ਦਲ ਤਰਫ਼ੋਂ ਚੋਣ ਜਿੱਤੀ। ਸਿੱਧੂ ਨੇ ਪਿਛਲੇ ਸਾਲ 13 ਅਕਤੂਬਰ ਨੂੰ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਸੀ। ਕਾਂਗਰਸ ਨੇ ਮੁੱਖ ਮੰਤਰੀ ਦੇ ਹਲਕੇ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਬਣਾਇਆ ਹੈ ਜਿਸ ਨਾਲ ਸੰਗਰੂਰ ਦੀ ਸੀਟ ਦਿਲਚਸਪ ਬਣ ਗਈ ਹੈ। ਖਹਿਰਾ 2007 ਵਿਚ ਭੁਲੱਥ ਤੋਂ ਵਿਧਾਇਕ ਬਣੇ ਅਤੇ 2014 ਵਿਚ ਕਾਂਗਰਸ ਤੋਂ ਅਸਤੀਫ਼ਾ ਦੇ ਕੇ ‘ਆਪ’ ਵਿਚ ਸ਼ਾਮਲ ਹੋ ਗਏ। 2017 ਵਿਚ ‘ਆਪ’ ਟਿਕਟ ’ਤੇ ਵਿਧਾਇਕ ਬਣੇ ਅਤੇ ਵਿਰੋਧੀ ਧਿਰ ਦੇ ਨੇਤਾ ਵੀ ਰਹੇ। ਉਨ੍ਹਾਂ ਫਿਰ ‘ਆਪ’ ਨੂੰ ਅਲਵਿਦਾ ਕਿਹਾ ਅਤੇ ਪੰਜਾਬ ਏਕਤਾ ਪਾਰਟੀ ਬਣਾ ਕੇ 2019 ਵਿਚ ਬਠਿੰਡਾ ਸੰਸਦੀ ਹਲਕੇ ਤੋਂ ਚੋਣ ਲੜੀ ਸੀ। ਉਹ ਚੋਣ ਹਾਰ ਗਏ ਸਨ। ਪਟਿਆਲਾ ਹਲਕੇ ਤੋਂ ਡਾ.ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਗਈ ਹੈ ਅਤੇ ਡਾ.ਗਾਂਧੀ ਨੇ ਪਹਿਲੀ ਦਫ਼ਾ 2014 ਵਿਚ ‘ਆਪ’ ਉਮੀਦਵਾਰ ਵਜੋਂ ਚੋਣ ਜਿੱਤੀ ਸੀ ਅਤੇ 2018 ਵਿਚ ‘ਆਪ’ ਤੋਂ ਅਸਤੀਫ਼ਾ ਦੇ ਦਿੱਤਾ ਸੀ। ਫ਼ਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਦੂਸਰੀ ਵਾਰ ਚੋਣ ਮੈਦਾਨ ਵਿਚ ਉਤਾਰੇ ਗਏ ਹਨ।

Show More

Related Articles

Leave a Reply

Your email address will not be published. Required fields are marked *

Close