Canada

ਵੇਜ ਸਬਸਿਡੀ ਪ੍ਰੋਗਰਾਮ ਲਈ ਯੋਗ ਹੀ ਨਹੀਂ ਸਨ ਬਹੁਤੇ ਸਬਸਿਡੀਜ਼ ਹਾਸਲ ਕਰਨ ਵਾਲੇ

ਓਟਵਾ : ਮਹਾਂਮਾਰੀ ਦੇ ਸਮੇਂ ਵੇਜ ਸਬਸਿਡੀ ਪ੍ਰੋਗਰਾਮ ਰਾਹੀਂ ਇੰਪਲੌਇਅਰਜ਼ ਨੂੰ ਵੰਡੇ ਗਏ 458 ਮਿਲੀਅਨ ਡਾਲਰ ਕੈਨੇਡਾ ਰੈਵਨਿਊ ਏਜੰਸੀ ਵੱਲੋਂ ਜਾਂ ਤਾਂ ਐਡਜਸਟ ਕਰ ਦਿੱਤੇ ਗਏ ਹਨ ਤੇ ਜਾਂ ਇਨ੍ਹਾਂ ਨੂੰ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਅਜਿਹਾ ਅੰਸ਼ਕ ਤੌਰ ਉੱਤੇ ਮੁਕੰਮਲ ਹੋਈ ਆਡਿਟਿੰਗ ਪ੍ਰਕਿਰਿਆ ਤੋਂ ਬਾਅਦ ਕੀਤਾ ਗਿਆ ਹੈ।
ਏਜੰਸੀ ਵੱਲੋੋਂ ਸੋਮਵਾਰ ਨੂੰ ਕੈਨੇਡਾ ਐਮਰਜੰਸੀ ਵੇਜ ਸਬਸਿਡੀ (ਸੀਈਡਬਲਿਊਐਸ)ਪ੍ਰੋਗਰਾਮ ਦੇ ਆਡਿਟ ਦੀਆਂ ਲੱਭਤਾਂ ਨੂੰ ਵਿਸਥਾਰਪੂਰਬਕ ਜਾਰੀ ਕੀਤਾ ਜਾਵੇਗਾ। ਇਨ੍ਹਾਂ ਲੱਭਤਾਂ ਵਿੱਚ 31 ਮਾਰਚ ਨੂ਼ੰ ਮੁੱਕੇ ਅਰਸੇ ਤੱਕ ਦਾ ਵੇਰਵਾ ਹੋਵੇਗਾ ਪਰ ਇਸ ਰਿਪੋਰਟ ਵਿੱਚ 29 ਸਤੰਬਰ ਤੱਕ ਦੇ ਅੰਕੜੇ ਅਪਡੇਟ ਕੀਤੇ ਮਿਲਣਗੇ।ਸੀਈਡਬਲਿਊਐਸ ਪ੍ਰੋਗਰਾਮ ਤਹਿਤ ਕਾਰੋਬਾਰੀਆਂ ਨੂੰ ਕੋਵਿਡ-19 ਮਹਾਂਮਾਰੀ ਦੌਰਾਨ ਆਪਣੇ ਮੁਲਾਜ਼ਮਾਂ ਨੂੰ ਬਣਾਈ ਰੱਖਣ ਲਈ 75 ਫੀ ਸਦੀ ਤੱਕ ਭੱਤਿਆਂ ਉੱਤੇ ਸਬਸਿਡੀ ਦਿੱਤੀ ਗਈ ਸੀ। ਕੁੱਲ ਮਿਲਾ ਕੇ ਇਸ ਪ੍ਰੋਗਰਾਮ ਤਹਿਤ 100 ਬਿਲੀਅਨ ਡਾਲਰ ਦੀ ਵੇਜ ਸਬਸਿਡੀ ਵੰਡੀ ਗਈ।
ਪਿਛਲੇ ਸਾਲ ਆਡੀਟਰ ਜਨਰਲ ਕੈਰਨ ਹੋਗਨ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਵਿੱਚ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਹਜ਼ਾਰਾਂ ਕਾਰੋਬਾਰੀਆਂ, ਜਿਨ੍ਹਾਂ ਨੇ ਵੇਜ ਸਬਸਿਡੀਜ਼ ਹਾਸਲ ਕੀਤੀਆਂ, ਉਹ ਇਸ ਪ੍ਰੋਗਰਾਮ ਲਈ ਯੋਗ ਹੀ ਨਹੀਂ ਸਨ। ਅਜਿਹੇ ਕਾਰੋਬਾਰੀਆਂ ਵੱਲੋਂ ਫਾਈਲ ਕੀਤੀ ਗਈ ਜੀਐਸਟੀ ਤੇ ਐਚਐਸਟੀ ਵਿੱਚ ਉਨ੍ਹਾਂ ਦੀ ਆਮਦਨ ਵਿੱਚ ਕੋਈ ਵੀ ਕਮੀ ਦਰਜ ਨਹੀਂ ਕੀਤੀ ਗਈ, ਜਿਸ ਸਦਕਾ ਉਹ ਇਸ ਪ੍ਰੋਗਰਾਮ ਲਈ ਕੁਆਲੀਫਾਈ ਕਰ ਸਕਦੇ ਸਨ।ਬਹੁਤੀ ਐਡਜਸਟਮੈਂਟ ਕੈਲਕੂਲੇਸ਼ਨ ਵਿੱਚ ਗਲਤੀਆਂ ਹੋਣ ਕਾਰਨ ਤੇ ਦਸਤਾਵੇਜ਼ਾਂ ਦੀ ਘਾਟ ਕਾਰਨ ਕਰਨੀ ਪਈ।
ਮਾਰਚ ਦੇ ਅੰਤ ਤੱਕ ਕੀਤੇ ਗਈ 5·53 ਬਿਲੀਅਨ ਡਾਲਰ ਦੇ ਆਡਿਟਸ ਵਿੱਚੋਂ 325 ਮਿਲੀਅਨ ਡਾਲਰ ਦੇ ਕਲੇਮਜ਼ ਜਾਂ ਤਾਂ ਖ਼ਤਮ ਕਰ ਦਿੱਤੇ ਗਏ ਜਾਂ ਉਨ੍ਹਾਂ ਤੋਂ ਇਨਕਾਰ ਕਰ ਦਿੱਤਾ ਗਿਆ। ਆਡੀਟਰ ਜਨਰਲ ਨੇ ਇਹ ਵੀ ਪਾਇਆ ਕਿ 134·5 ਮਿਲੀਅਨ ਡਾਲਰ ਦੇ ਕਲੇਮਜ਼ ਨੂੰ ਜਾਂ ਤਾਂ ਐਡਜਸਟ ਕਰਨ ਦੀ ਲੋੜ ਸੀ ਤੇ ਜਾਂ ਉਨ੍ਹਾਂ ਨੂੰ ਮਨ੍ਹਾਂ ਕਰਨ ਦੀ ਲੋੜ ਸੀ। ਸਤੰਬਰ ਦੇ ਅੰਤ ਤੱਕ ਜਿਨ੍ਹਾਂ ਕਲੇਮਜ਼ ਨੂੰ ਐਡਜਸਟ ਕੀਤਾ ਗਿਆ ਜਾਂ ਜਿਨ੍ਹਾਂ ਨੂੰ ਮਨ੍ਹਾਂ ਕਰ ਦਿੱਤਾ ਗਿਆ ਉਨ੍ਹਾਂ ਦਾ ਮੁੱਲ 458 ਮਿਲੀਅਨ ਡਾਲਰ ਤੱਕ ਪਹੁੰਚ ਗਿਆ।

Show More

Related Articles

Leave a Reply

Your email address will not be published. Required fields are marked *

Close