Canada

ਐਨਡੀਪੀ ਦਾ ਮੁੱਖ ਏਜੰਡਾ ਘੁੰਮੇਗਾ ਕਲਾਈਮੇਟ ਚੇਂਜ ਦੁਆਲੇ : ਜਗਮੀਤ ਸਿੰਘ

ਓਟਵਾ, ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਅਗਲੇ ਇੱਕ ਦਹਾਕੇ ਦੇ ਅੰਦਰ ਉਨ੍ਹਾਂ ਦੀ ਪਾਰਟੀ ਕੈਨੇਡਾ ਵਿੱਚ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਅੱਧਾ ਘਟਾ ਦੇਵਗੀ। ਇਸ ਵਾਰੀ ਫੈਡਰਲ ਚੋਣਾਂ ਦੇ ਮੱਦੇਨਜ਼ਰ ਐਨਡੀਪੀ ਦਾ ਮੁੱਖ ਏਜੰਡਾ ਕਲਾਈਮੇਟ ਚੇਂਜ ਦੇ ਦੁਆਲੇ ਹੀ ਘੁੰਮੇਗਾ।
ਇਹ ਵੀ ਪਤਾ ਲੱਗਿਆ ਹੈ ਕਿ ਐਨਡੀਪੀ ਵੱਲੋਂ ਆਪਣੇ ਪਲੇਟਫਾਰਮ ਦਾ ਨਾਂ ਹੀ ਕਲਾਈਮੇਟ ਚੇਂਜ ਏਜੰਡਾ ਰੱਖਿਆ ਜਾਵੇਗਾ। ਇਹ ਤਹੱਈਆ ਅੱਜ ਹਾਊਸ ਆਫ ਕਾਮਨਜ਼ ਵਿੱਚ ਪੇਸ਼ ਕੀਤੇ ਜਾਣ ਵਾਲੇ ਐਨਡੀਪੀ ਦੇ ਮਤੇ ਵਿੱਚ ਹੋਣ ਦੀ ਸੰਭਾਵਨਾ ਹੈ। ਇਸ ਮਤੇ ਵਿੱਚ ਐਨੀਡੀਪੀ ਦੇ ਅੱਠ ਅਹਿਮ ਨੁਕਤੇ ਦਰਜ ਕੀਤੇ ਹੋਣ ਦੀ ਉਮੀਦ ਹੈ। ਇਸ ਮਤੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਐਨਵਾਇਰਮੈਂਟ ਤੇ ਕਲਾਈਮੇਟ ਐਮਰਜੰਸੀ ਐਲਾਨਣ ਲਈ ਵੀ ਆਖਿਆ ਜਾਵੇਗਾ। ਇਸ ਤੋਂ ਇਲਾਵਾ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਹੋਰ ਜਿ਼ਆਦਾ ਘੱਟ ਕਰਨ, ਫੌਸਿਲ ਫਿਊਲ ਇੰਡਸਟਰੀ ਨੂੰ ਦਿੱਤੀ ਜਾਣ ਵਾਲੀ ਸਰਕਾਰੀ ਮਦਦ ਨੂੰ ਖ਼ਤਮ ਕਰਨ ਤੋਂ ਇਲਾਵਾ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ ਨੂੰ ਰੱਦ ਕਰਨ ਦਾ ਵਾਅਦਾ ਵੀ ਕੀਤਾ ਜਾਵੇਗਾ।
ਇੱਕ ਇੰਟਰਵਿਊ ਵਿੱਚ ਜਗਮੀਤ ਸਿੰਘ ਨੇ ਆਖਿਆ ਕਿ ਅਸੀਂ ਉਹੀ ਗੱਲ ਆਖਣੀ ਚਾਹੁੰਦੇ ਹਾਂ ਜੋ ਲੋਕ ਮਹਿਸੂਸ ਕਰ ਰਹੇ ਹਨ। ਜਗਮੀਤ ਸਿੰਘ ਨੇ ਆਖਿਆ ਕਿ ਅਰਜੇਂਸੀ ਤੋਂ ਉਨ੍ਹਾਂ ਦਾ ਮਤਲਬ ਕੈਨੇਡੀਅਨ ਆਇਲ ਸੈਕਟਰ ਦਾ ਹੌਲੀ ਹੌਲੀ ਅੰਤ ਹੋਣਾ ਹੈ। ਉਨ੍ਹਾਂ ਆਖਿਆ ਕਿ ਭਾਵੇਂ ਕਿਸੇ ਨੂੰ ਇਹ ਚੰਗ ਲੱਗੇ ਜਾਂ ਨਾ ਪਰ ਹਕੀਕਤ ਇਹੋ ਹੈ ਤੇ ਇਹ ਸੱਭ ਸੱਚ ਹੋਣ ਵਾਲਾ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਮਤਾ ਵੈਨਕੂਵਰ ਆਈਲੈਂਡ ਵਿੱਚ ਇੱਕ ਹਫਤੇ ਪਹਿਲਾਂ ਹੋਈਆਂ ਜਿ਼ਮਨੀ ਚੋਣਾਂ ਵਿੱਚ ਗ੍ਰੀਨ ਪਾਰਟੀ ਦੇ ਜਿੱਤਣ ਤੋਂ ਬਾਅਦ ਆ ਰਿਹਾ ਹੈ। ਜਗਮੀਤ ਸਿੰਘ ਸਮੇਤ ਕਈ ਹੋਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਵੋਟਰਜ਼ ਦਾ ਸਪਸ਼ਟ ਸੁਨੇਹਾ ਹੈ ਕਿ ਕਲਾਈਮੇਟ ਚੇਂਜ ਨੂੰ ਹੋਰ ਗੰਭੀਰਤਾ ਨਾਲ ਲਿਆ ਜਾਵੇ। ਪਰ ਜਗਮੀਤ ਸਿੰਘ ਨੇ ਇਹ ਗੱਲ ਜੋ਼ਰ ਦੇ ਕੇ ਆਖੀ ਕਿ ਉਨ੍ਹਾਂ ਦਾ ਇਰਾਦਾ ਗ੍ਰੀਨ ਪਾਰਟੀ ਦੇ ਸਮਰਥਕਾਂ ਨੂੰ ਮਾਤ ਪਾਉਣਾ ਨਹੀਂ ਹੈ। ਪਰ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਜਿਹੜੀ ਪਾਰਟੀ ਕਲਾਈਮੇਟ ਚੇਂਜ ਦੀ ਗੱਲ ਇਸ ਵਾਰੀ ਨਹੀਂ ਕਰੇਗੀ ਉਸ ਨੂੰ ਨੁਕਸਾਨ ਸਹਿਣਾ ਪੈ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close