Punjab

ਬਠਿੰਡਾ ’ਚ ਆਕਰਸ਼ਣ ਦਾ ਕੇਂਦਰ ਬਣਿਆ ਸੜਕਾਂ ’ਤੇ ਦੌੜਦਾ ‘ਪਲੇਨ’, ਜਾਣੋ ਕੀ ਹੈ ਮਾਮਲਾ

ਬਠਿੰਡਾ (ਹਰਜਿੰਦਰ ਛਾਬੜਾ)-  ਤੁਸੀਂ ਆਕਾਸ਼ ’ਤੇ ਉਡਣ ਵਾਲੇ ਅਤੇ ਪਾਣੀ ਵਿਚ ਚੱਲਣ ਵਾਲੇ ਜਹਾਜ਼ ਤਾਂ ਬਹੁਤ ਦੇਖੇ ਹੋਣਗੇ ਪਰ ਬਠਿੰਡਾ ਵਿਚ ਅੱਜ ਕੱਲ੍ਹ ਸੜਕਾਂ ’ਤੇ ਦੌੜਣ ਵਾਲਾ ਜਹਾਜ਼ ਕਾਫੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਹ ਜਹਾਜ਼ ਰਾਮਾ ਮੰਡੀ ਦੇ ਕੁਲਦੀਪ ਸਿੰਘ ਹੁੰਜਨ (ਖੇਤੀ ਔਜ਼ਾਰ ਬਣਾਉਣ ਵਾਲਾ ਮਿਸਤਰੀ) ਅਤੇ ਆਰਕੀਟੈਕਟ ਰਾਮਪਾਲ ਬੇਹਨੀਵਾਲ ਨੇ ਤਿਆਰ ਕੀਤਾ ਹੈ। ਸੜਕਾਂ ’ਤੇ ਦੌੜਦੇ ਇਸ ਜਹਾਜ਼ ਦੀ ਇੰਟਰਨੈੱਟ ਮੀਡੀਆ ’ਤੇ ਕਾਫੀ ਚਰਚਾ ਹੈ। ਜਾਣਕਾਰੀ ਮਿਲਦੇ ਹੀ ਲੋਕ ਇਸ ਨੂੰ ਦੇਖਣ ਲਈ ਰਾਮਾ ਮੰਡੀ ਪਹੁੰਚਣ ਲੱਗੇ ਹਨ। ਦੋਵਾਂ ਨੇ ਜਹਾਜ਼ ਖਾਸ ਤੌਰ ’ਤੇ ਵਿਆਹ ਸਮਾਗਮ ਵਿਚ ਲਾੜੇ ਦੇ ਰਥ ਦੇ ਤੌਰ ’ਤੇ ਇਸਤੇਮਾਲ ਕਰਨ ਲਈ ਬਣਾਇਆ ਹੈ। ਇਸ ’ਤੇ ਢਾਈ ਲੱਖ ਰੁਪਏ ਦੀ ਲਾਗਤ ਆਈ ਹੈ।
ਮੂਲ ਰੂਪ ਵਿਚ ਪਿੰਡ ਗਿਆਨਾ ਦਾ ਰਹਿਣ ਵਾਲੇ 50 ਸਾਲਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਅੱਠਵੀਂ ਤਕ ਪੜਿਆ ਹੈ। 14 ਸਾਲ ਦੀ ਉਮਰ ਤੋਂ ਰਾਮਾ ਮੰਡੀ ਵਿਚ ਖੇਤੀ ਔਜ਼ਾਰ ਬਣਾ ਰਿਹਾ ਹੈ। ਆਪਣੇ ਸਾਥੀ ਰਾਮਪਾਲ ਬਹਨੀਵਾਲ ਨਾਲ ਮਿਲ ਕੇ ਹਰ ਸਮੇਂ ਕੁਝ ਨਵਾਂ ਕਰਨ ਦੀ ਸੋਚਦਾ ਰਹਿੰਦਾ ਹਾਂ। ਇਸ ਤੋਂ ਪਹਿਲਾਂ ਸਾਲ 2019 ਵਿਚ ਉਨ੍ਹਾਂ ਨੇ ਸਕ੍ਰੈਪ ਨਾਲ ਇਕ ਰੇਲਵੇ ਇੰਜਣ ਤਿਆਰ ਕੀਤਾ ਸੀ, ਜੋ ਕਿ ਰਿਫਾਇਨਰੀ ਦੀ ਟਾਊਨਸ਼ਿਪ ਵਿਚ ਸਥਾਪਤ ਕੀਤਾ ਗਿਆ ਹੈ।

ਇਸ ਵਾਰ ਉਨ੍ਹਾਂ ਨੇ ਸੜਕ ’ਤੇ ਚੱਲਣ ਵਾਲੇ ਜਹਾਜ਼ ਬਾਰੇ ਸੋਚਿਆ। ਇਸ ਲਈ ਉਨ੍ਹਾਂ ਦੇ ਦਿਮਾਗ ਵਿਚ ਸਭ ਤੋਂ ਪਹਿਲਾਂ ਮਾਰੂਤੀ ਕਾਰ ਦਾ ਇੰਜਣ ਇਸਤੇਮਾਲ ਕਰਨ ਦਾ ਵਿਚਾਰ ਆਇਆ। ਬੱਸ ਫਿਰ ਕੀ ਸੀ, ਕਰੀਬ ਇਕ ਮਹੀਨੇ ਵਿਚ ਉਨ੍ਹਾਂ ਨੇ ਲੜਾਕੂ ਜਹਾਜ਼ ਦੀ ਸ਼ਕਲ ਵਿਚ ਇਹ ਜਹਾਜ਼ ਤਿਆਰ ਕਰ ਦਿੱਤਾ। ਇਹ ਜਹਾਜ਼ ਵਿਆਹਾਂ ਵਿਚ ਰਥ ਦੇ ਤੌਰ ’ਤੇ ਇਸਤੇਮਾਲ ਕਰਨ ਲਈ ਬਣਾਇਆ ਹੈ। ਇਹ ਜਹਾਜ਼ ਕਰੀਬ 35 ਕਿਲੋਮੀਟਰ ਦੀ ਸਪੀਡ ਨਾਲ ਚਲਾਇਆ ਜਾ ਸਕਦਾ ਹੈ।
ਸੜਕਾਂ ’ਤੇ ਦੌੜਣ ਵਾਲਾ ਇਹ ਜਹਾਜ਼ ਨੌਂ ਫੁੱਟ ਚੌੜਾ ਹੈ ਅਤੇ 18 ਫੁੱਟ ਲੰਬਾ ਹੈ। ਇਸ ਵਿਚ ਸਿਰਫ਼ ਮਾਰੂਤੀ ਕਾਰ ਦਾ ਇੰਜਣ ਅਤੇ ਗੇਅਰ ਵਰਤੇ ਗਏ ਹਨ ਜਦਕਿ ਚੇਸੀ ਉਨ੍ਹਾਂ ਨੇ ਨਵੀਂ ਤਿਆਰ ਕੀਤੀ ਹੈ। ਇਸ ਵਿਚ ਚਾਰ ਟਾਇਰ ਲਾਏ ਗਏ ਹਨ। ਅਗਲੇ ਦੋ ਟਾਇਰ ਛੋਟੇ ਹਨ ਜਦਕਿ ਪਿਛਲੇ ਦੋਵੇਂ ਟਾਇਰ ਵੱਡੇ ਹਨ। ਇਸ ਨੂੰ ਬਣਾਉਣ ਲਈ ਕੁੱਲ ਢਾਈ ਲੱਖ ਰੁਪਏ ਦਾ ਖਰਚ ਆਇਆ ਹੈ। ਇਸ ਨੂੰ ਤਿਆਰ ਕੀਤੇ ਅਜੇ ਕੁਝ ਦਿਨ ਹੀ ਹੋਏ ਹਨ। ਲੋਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close