Canada

ਕੈਨੇਡਾ: ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਸ਼ੀਅਰ ਨੇ ਕੈਨੇਡੀਅਨਾਂ ਨੂੰ ਕੀਤਾ ਗੁੰਮਰਾਹ : ਟਰੂਡੋ

ਓਟਵਾ, ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਖਿਲਾਫ ਕਾਨੂੰਨੀ ਕਾਰਵਾਈ ਦੀ ਧਮਕੀ ਦੇਣ ਦੇ ਆਪਣੇ ਫੈਸਲੇ ਦਾ ਪੱਖ ਪੂਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਕੈਨੇਡੀਅਨਾਂ ਨੂੰ ਗੁੰਮਰਾਹ ਕਰਨ ਦੇ ਨਤੀਜੇ ਤਾਂ ਭੁਗਤਣੇ ਹੀ ਪੈਣਗੇ। ਟਰੂਡੋ ਦਾ ਮੰਨਣਾ ਹੈ ਕਿ ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਸ਼ੀਅਰ ਨੇ ਕੈਨੇਡੀਅਨਾਂ ਨੂੰ ਗੁੰਮਰਾਹ ਕੀਤਾ ਹੈ। ਮੰਗਲਵਾਰ ਸਵੇਰੇ ਕੈਬਨਿਟ ਮੀਟਿੰਗ ਉੱਤੇ ਜਾਂਦਿਆਂ ਟਰੂਡੋ ਨੇ ਆਖਿਆ ਕਿ ਜਦੋਂ ਸਿਆਸਤਦਾਨ ਸੱਚਾਈ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਚਾਹੁੰਦੇ ਹਨ ਤੇ ਕੈਨੇਡੀਅਨਾਂ ਲਈ ਹਕੀਕਤ ਨਾਲ ਛੇੜਛਾੜ ਕਰਦੇ ਹਨ ਤਾਂ ਉਸ ਦੇ ਥੋੜ੍ਹੇ ਚਿਰ ਲਈ ਤੇ ਲੰਮੇਂ ਸਮੇਂ ਲਈ ਨਤੀਜੇ ਵੀ ਭੁਗਤਣੇ ਪੈਂਦੇ ਹਨ। ਅਸੀਂ ਇਸ ਤਰ੍ਹਾਂ ਦੀ ਹਰਕਤ ਬਰਦਾਸ਼ਤ ਨਹੀਂ ਕਰ ਸਕਦੇ। ਇਸ ਕਾਨੂੰਨੀ ਕਾਰਵਾਈ ਦੀ ਗੱਲ ਪਿਛਲੇ ਵੀਕੈਂਡ ਉਦੋਂ ਸਾਹਮਣੇ ਆਈ ਜਦੋਂ ਪ੍ਰੈੱਸ ਕਾਨਫਰੰਸ ਕਰਕੇ ਸ਼ੀਅਰ ਨੇ ਪ੍ਰਧਾਨ ਮੰਤਰੀ ਦੇ ਵਕੀਲ ਵੱਲੋਂ ਇਸ ਕਾਨੂੰਨੀ ਕਾਰਵਾਈ ਸਬੰਧੀ ਭੇਜੀ ਚਿੱਠੀ ਦੀਆਂ ਕਾਪੀਆਂ ਵੰਡੀਆਂ।
ਜਿਸ ਦਿਨ ਜੋਡੀ ਵਿਲਸਨ ਰੇਅਬੋਲਡ ਨੇ ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਵਾਧੂ ਸਬੂਤ ਤੇ ਆਡੀਓ ਰਿਕਾਰਡਿੰਗ ਪੇਸ਼ ਕਰਨ ਸਬੰਧੀ ਬਿਆਨ ਦਿੱਤਾ ਸੀ ਉਸ ਦਿਨ ਸ਼ੀਅਰ ਨੇ ਵੀ ਇੱਕ ਬਿਆਨ ਦਿੱਤਾ ਸੀ ਜਿਸ ਕਾਰਨ ਟਰੂਡੋ ਦੇ ਵਕੀਲ ਵੱਲੋਂ ਵਿਰੋਧੀ ਧਿਰ ਦੇ ਆਗੂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੀ ਚੇਤਾਵਨੀ ਦਿੰਦੀ ਚਿੱਠੀ ਮਿਲੀ ਸੀ। ਉਸ ਸਮੇਂ ਆਪਣੇ ਬਿਆਨ ਵਿੱਚ ਸ਼ੀਅਰ ਨੇ ਆਖਿਆ ਸੀ ਕਿ ਰੇਅਬੋਲਡ ਵੱਲੋਂ ਪੇਸ਼ ਸਬੂਤ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਟਰੂਡੋ ਨੇ ਨਾ ਸਿਰਫ ਸਿਆਸੀ ਦਖਲਅੰਦਾਜ਼ੀ ਕੀਤੀ ਸਗੋਂ ਇਸ ਸਬੰਧੀ ਪੂਰੀ ਮੁਹਿੰਮ ਵੀ ਚਲਾਈ। ਸ਼ੀਅਰ ਨੇ ਇਹ ਵੀ ਆਖਿਆ ਸੀ ਕਿ ਇਹ ਭ੍ਰਿਸ਼ਟਾਚਾਰ ਦੇ ਉੱਤੋਂ ਦੀ ਭ੍ਰਿਸ਼ਟਾਚਾਰ ਤੋਂ ਇਲਾਵਾ ਕੁੱਝ ਨਹੀਂ ਹੈ।
ਸ਼ੀਅਰ ਇਹ ਵੀ ਆਖ ਚੁੱਕੇ ਹਨ ਕਿ ਉਹ ਆਪਣੇ ਬਿਆਨ ਉੱਤੇ ਕਾਇਮ ਹਨ ਤੇ ਟਰੂਡੋ ਦਾ ਅਦਾਲਤ ਵਿੱਚ ਸਾਹਮਣਾ ਕਰਨ ਲਈ ਤਿਆਰ ਹਨ। ਅਦਾਲਤ ਵਿੱਚ ਸ਼ੀਅਰ ਨੂੰ ਸੰਹੁ ਚੁੱਕ ਕੇ ਗਵਾਹੀ ਦੇਣੀ ਹੋਵੇਗੀ ਤੇ ਇਸ ਦੀ ਲੰਮੇਂ ਸਮੇਂ ਤੋਂ ਕੰਜ਼ਰਵੇਟਿਵਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਟਰੂਡੋ ਦਾ ਕਹਿਣਾ ਹੈ ਕਿ ਜੇ ਸ਼ੀਅਰ ਆਪਣਾ ਬਿਆਨ ਵਾਪਿਸ ਲੈ ਲੈਂਦੇ ਹਨ ਤੇ ਉਨ੍ਹਾਂ ਨੂੰ ਤਸੱਲੀ ਹੋ ਜਾਂਦੀ ਹੈ ਤਾਂ ਉਹ ਇਸ ਕਾਨੂੰਨੀ ਕਾਰਵਾਈ ਦਾ ਵਿਚਾਰ ਛੱਡ ਸਕਦੇ ਹਨ।

Show More

Related Articles

Leave a Reply

Your email address will not be published. Required fields are marked *

Close