International

ਹੈਤੀ ਦੇ ਰਾਸ਼ਟਰਪਤੀ ਦਾ ਘਰ ਵਿੱਚ ਵੜ ਕੇ ਕਤਲ

ਪੋਰਟ ਓ ਪ੍ਰਿੰਸ (ਹੈਤੀ)- ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਇਸੇ (53) ਦੀ ਨਿੱਜੀ ਰਿਹਾਇਸ਼ ੳੇਤੇ ਹਮਲਾ ਕਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਹੈ।
ਦੇਸ਼ ਦੇ ਅੰਤ੍ਰਿਮ ਪ੍ਰਧਾਨ ਮੰਤਰੀ ਨੇ ਕੱਲ੍ਹ ਇੱਕ ਬਿਆਨ ਰਾਹੀਂ ਇਸ ਨੂੰ ਇੱਕ ਨਫਰਤੀ, ਅਣਮਨੁੱਖੀ ਅਤੇ ਵਹਿਸ਼ੀ ਕਾਰਵਾਈ ਕਰਾਰ ਦਿੱਤਾ। ਰਾਸ਼ਟਰਪਤੀ ਮੋਇਸੇ ਦੀ ਹੱਤਿਆ ਪਰਸੋਂ ਰਾਤ ਕੀਤੇ ਹਮਲੇ ਦੌਰਾਨ ਹੋਈ ਸੀ। ਅੰਤ੍ਰਿਮ ਪ੍ਰਧਾਨ ਮੰਤਰੀ ਕਲਾਊਡ ਜੋਸਫ ਨੇ ਦੱਸਿਆ ਕਿ ਹਮਲੇ ਵਿੱਚ ਜ਼ਖਮੀ ਰਾਸ਼ਟਰਪਤੀ ਦੀ ਪਤਨੀ ਮਾਰਟਿਨ ਮੋਇਸੇ ਹਸਪਤਾਲ ਵਿੱਚ ਦਾਖਲ ਹਨ। ਜੋਸਫ ਦੇ ਦਫਤਰ ਵੱਲੋਂ ਜਾਰੀ ਬਿਆਨ ਮੁਤਾਬਕ ‘ਦੇਸ਼ ਦੀ ਸੁਰੱਖਿਆ ਸਥਿਤੀ ਹੈਤੀ ਦੀ ਨੈਸ਼ਨਲ ਪੁਲਸ ਅਤੇ ਹੈਤੀ ਦੀਆਂ ਹਥਿਆਰਬੰਦ ਫੌਜਾਂ ਦੇ ਕਾਬੂ ਹੇਠ ਹੈ। ਜੋਸਫ ਨੇ ਇਸ ਨਫਰਤੀ ਅਤੇ ਘਿਨਾਉਣੀ ਕਾਰਵਾਈ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰ ਸਪੈਨਿਸ਼ ਭਾਸ਼ਾ ਬੋਲ ਰਹੇ ਸਨ, ਪਰ ਉਨ੍ਹਾਂ ਨੇ ਹੋਰ ਜਾਣਕਾਰੀ ਨਹੀਂ ਦਿੱਤੀ। ਵਰਨਣ ਯੋਗ ਹੈ ਕਿ 1 ਕਰੋੜ ਦਸ ਲੱਖ ਦੀ ਆਬਾਦੀ ਵਾਲੇ ਦੇਸ਼ ਵਿੱਚ ਮੋਇਸੇ ਦੇ ਸ਼ਾਸਨ ਦੌਰਾਨ ਅਸਥਿਰਤਾ ਲਗਾਤਾਰ ਵਧਦੀ ਰਹੀ ਸੀ। ਹੈਤੀ ਦੀਆਂ ਆਰਥਿਕ, ਰਾਜਨੀਤਕ ਅਤੇ ਸਮਾਜਕ ਸਮੱਸਿਆਵਾਂ ਵਧ ਰਹੀਆਂ ਸਨ ਅਤੇ ਰਾਜਧਾਨੀ ਪੋਰਟ ਓ ਪ੍ਰਿੰਸ ਵਿੱਚ ਗਿਰੋਹਾਂ ਦੀ ਹਿੰਸਾ ਲਗਾਤਾਰ ਵਧ ਰਹੀ ਸੀ। ਦੇਸ਼ ਵਿੱਚ ਚੋਣਾਂ ਨਾ ਹੋਣ ਅਤੇ ਪਾਰਲੀਮੈਂਟ ਭੰਗ ਹੋਣ ਕਾਰਨ ਅਦਾਲਤੀ ਹੁਕਮਾਂ ਦੇ ਆਧਾਰ ਉਤੇ ਮੋਇਸੇ ਦੋ ਸਾਲਾਂ ਤੋਂ ਸ਼ਾਸਨ ਕਰ ਰਹੇ ਸਨ। ਪਿਛੇ ਜਿਹੇ ਹੀ ਵਿਰੋਧੀ ਨੇਤਾਵਾਂ ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਅਤੇ ਆਖਿਆ ਸੀ ਕਿ ਕਾਨੂੰਨੀ ਲਿਹਾਜ਼ ਨਾਲ ਮੋਇਸੇ ਦਾ ਕਾਰਜਕਾਲ 2021 ‘ਚ ਖਤਮ ਹੋ ਗਿਆ ਸੀ।

Show More

Related Articles

Leave a Reply

Your email address will not be published. Required fields are marked *

Close