Canada
ਪ੍ਰਧਾਨ ਮੰਤਰੀ ਟ੍ਰੂਡੋ ਵੱਲੋਂ ਕਾਮਾਗਾਟਾਮਾਰੂ ਦੁਖਾਂਤ ਦੇ 109 ਸਾਲ ਪੂਰੇ ਹੋਣ ਤੇ ਪੀੜਤਾਂ ਨੂੰ ਸ਼ਰਧਾਂਜਲੀ

ਕਾਮਾਗਾਟਾਮਾਰੂ ਦੁਖਾਂਤ ਦੇ 109 ਸਾਲ ਪੂਰੇ ਹੋਣ ਤੇ ਕੱਲ੍ਹ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਇੱਕ ਬਿਆਨ ਜਾਰੀ ਕਰਦਿਆਂ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਸਾਊਥ ਏਸ਼ੀਅਨ ਭਾਈਚਾਰੇ ਵੱਲੋਂ ਕੈਨੇਡੀਅਨ ਸਮਾਜ ਵਿਚ ਪਾਏ ਵਢਮੁੱਲੇ ਯੋਗਦਾਨ ਦਾ ਵੀ ਜ਼ਿਕਰ ਕੀਤਾ।
ਟ੍ਰੂਡੋ ਨੇ ਕਿਹਾ, “2016 ਵਿੱਚ, ਮੈਂ ਫੈਡਰਲ ਸਰਕਾਰ ਦੀ ਤਰਫ਼ੋਂ, ਹਾਊਸ ਆਫ਼ ਕਾਮਨਜ਼ ਵਿੱਚ, ਕਾਮਾਗਾਟਾਮਾਰੂ ਘਟਨਾ ਤੋਂ ਪ੍ਰਭਾਵਿਤ ਹੋਏ ਸਾਰੇ ਲੋਕਾਂ ਤੋਂ ਇੱਕ ਰਸਮੀ ਮੁਆਫ਼ੀ ਮੰਗੀ ਸੀ। ਕਾਮਾਗਾਟਾਮਾਰੂ ਦੇ ਯਾਤਰੀਆਂ ਨਾਲ ਜੋ ਵਾਪਰਿਆ, ਉਹ ਇੱਕ ਦੁਖਦਾਈ ਯਾਦ ਦਿਵਾਉਂਦਾ ਹੈ ਕਿ ਇਤਿਹਾਸਕ ਤੌਰ ‘ਤੇ, ਕੈਨੇਡਾ ਹਮੇਸ਼ਾ ਨਵੇਂ ਆਉਣ ਵਾਲੇ ਲੋਕਾਂ ਨੂੰ ਸਵੀਕਾਰ ਕਰਨ ਵਾਲਾ ਸਥਾਨ ਨਹੀਂ ਸੀ। ਪਰ ਅੱਜ, ਕਾਰਕੁੰਨਾਂ ਅਤੇ ਘੱਟ-ਗਿਣਤੀ ਭਾਈਚਾਰਿਆਂ ਦੀ ਸਖ਼ਤ ਮਿਹਨਤ ਸਦਕਾ, ਦੁਨੀਆ ਭਰ ਦੇ ਲੋਕ ਆਪਣੇ ਅਤੇ ਆਪਣੇ ਪਰਿਵਾਰਾਂ ਲਈ ਬਿਹਤਰ ਜ਼ਿੰਦਗੀ ਬਣਾਉਣ ਲਈ ਕੈਨੇਡਾ ਆਉਂਦੇ ਹਨ। ਅਸੀਂ ਹੁਣ ਆਪਣੀ ਵਿਭਿੰਨਤਾ ਨੂੰ ਸਾਡੀ ਸਭ ਤੋਂ ਵੱਡੀ ਤਾਕਤ ਮੰਨਦੇ ਹਾਂ, ਅਤੇ ਇਕੱਠੇ ਮਿਲ ਕੇ, ਅਸੀਂ ਇੱਕ ਬਿਹਤਰ ਦੇਸ਼ ਬਣਾਉਣਾ ਜਾਰੀ ਰੱਖਦੇ ਹਾਂ ਜਿੱਥੇ ਹਰ ਕੋਈ ਅਪਣੱਤ ਮਹਿਸੂਸ ਕਰਦਾ ਹੈ ਅਤੇ ਉਸ ਕੋਲ ਸਫ਼ਲ ਹੋਣ ਦਾ ਹਰ ਮੌਕਾ ਹੁੰਦਾ ਹੈ।”
ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਬਾਬਾ ਗੁਰਦਿੱਤ ਸਿੰਘ ਨੇ ਸਾਲ 1914 ਦੌਰਾਨ ਇਕ ਜਾਪਾਨੀ ਸਮੁੰਦਰੀ ਜਹਾਜ਼ ਜਿਸਦਾ ਨਾਮ ਕਾਮਾਗਾਟਾਮਾਰੂ ਸੀ, ਕਿਰਾਏ ‘ਤੇ ਲਿਆ ਸੀ। 23 ਮਈ 1914 ਨੂੰ ਇਹ ਜਹਾਜ਼ ਕਈ ਸਮੁੰਦਰ ਪਾਰ ਕਰਦਿਆਂ ਵੈਨਕੂਵਰ ਪਹੁੰਚਿਆ ਸੀ। ਇਸ ਵਿੱਚ ਵੱਡੀ ਗਿਣਤੀ ਪੰਜਾਬੀ ਮੂਲ ਦੇ ਵਿਅਕਤੀਆਂ ਦੀ ਸੀ। ਜਹਾਜ਼ ਵਿੱਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਵਿਅਕਤੀ ਸ਼ਾਮਲ ਸਨ।
ਦੋ ਮਹੀਨਿਆਂ ਬਾਅਦ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਨੂੰ ਭਾਰਤ ਵਾਪਸ ਪਰਤਣ ਲਈ ਮਜਬੂਰ ਕੀਤਾ ਗਿਆ। ਇਸ ਸਮੁੰਦਰੀ ਜਹਾਜ਼ ਨੂੰ ਨਸਲਵਾਦੀ ਕਾਨੂੰਨਾਂ ਕਾਰਨ ਕੈਨੇਡਾ ਵਿੱਚ ਏਸ਼ੀਅਨ ਪ੍ਰਵਾਸ ਨੂੰ ਘਟਾਉਣ ਦੇ ਉਦੇਸ਼ ਨਾਲ ਵਾਪਸ ਮੁੜਨ ਲਈ ਮਜਬੂਰ ਕੀਤਾ ਗਿਆ ਸੀ। ਭਾਰਤ ਵਾਪਸ ਆਉਣ ‘ਤੇ, 19 ਯਾਤਰੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।