Canada

ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮਾਸਿਕ ਇਕੱਤਰਤਾ ਮਾਂ ਦਿਵਸ ਨੂੰ ਸਮਰਪਿਤ ਰਹੀ

ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮਈ ਮਹੀਨੇ ਦੀ ਇਕੱਤਰਤਾ, 20 ਮਈ ਨੂੰ, ਡਾ. ਬਲਵਿੰਦਰ ਕੌਰ ਬਰਾੜ ਅਤੇ ਸਭਾ ਦੇ ਸੀਨੀਅਰ ਮੈਂਬਰ ਬਲਜਿੰਦਰ ਗਿੱਲ ਦੀ ਪ੍ਰਧਾਨਗੀ ਵਿੱਚ, ਜੈਂਸਿਸ ਸੈਂਟਰ ਵਿੱਖੇ ਖਚਾ ਖਚ ਭਰੇ ਹਾਲ ਵਿੱਚ ਕੀਤੀ ਗਈ- ਜੋ ਮਾਂ ਦਿਵਸ ਨੂੰ ਸਮਰਪਿਤ ਰਹੀ। ਸਭਾ ਦੀ ਜਨਰਲ ਸਕੱਤਰ, ਸੁਖਜੀਤ ਸਿਮਰਨ ਦੀ ਗੈਰਹਾਜ਼ਰੀ ਕਾਰਨ, ਮੀਤ ਪ੍ਰਧਾਨ ਗੁਰਦੀਸ਼ ਕੌਰ ਗਰੇਵਾਲ ਨੇ ਮੰਚ ਸੰਚਾਲਨ ਦੀ ਸੇਵਾ ਨਿਭਾਈ। ਉਹਨਾਂ ਨਵੇਂ ਆਏ ਮੈਂਬਰਾਂ ਸਮੇਤ ਸਭ ਨੂੰ ‘ਜੀ ਆਇਆਂ’ ਕਿਹਾ ਅਤੇ- ਮਾਂ ਦਿਵਸ ਦੀ ਵਧਾਈ ਦਿੰਦਿਆਂ ਹੋਇਆਂ ਦੱਸਿਆ ਕਿ- ਅੱਜ ਅਸੀਂ ਮਾਂਵਾਂ, ਸੱਸਾਂ ਤੇ ਨੂੰਹਾਂ (ਸਾਡੇ ਪੋਤੇ ਪੋਤੀਆਂ ਦੀਆਂ ਮਾਵਾਂ) ਦਾ ਦਿਨ ਮਨਾ ਰਹੇ ਹਾਂ।

ਡਾ. ਬਲਵਿੰਦਰ ਕੌਰ ਬਰਾੜ ਨੇ ਕਿਹਾ ਕਿ- ਮਾਂ ਬੱਚੇ ਦੀ ਪਹਿਲੀ ਅਧਿਆਪਕ, ਪਹਿਲੀ ਡਾਕਟਰ, ਪਹਿਲੀ ਵਕੀਲ ਤੇ ਪਹਿਲੀ ਅਲਾਰਮ ਹੁੰਦੀ ਹੈ। ਜੋ ਸੱਟ ਮਾਂ ਦੀ ਫੂਕ ਨਾਲ ਠੀਕ ਹੋ ਜਾਂਦੀ ਸੀ- ਉਸ ਦੀ ਕੋਈ ਵੈਕਸੀਨ ਅੱਜ ਤੱਕ ਨਹੀਂ ਮਿਲੀ। ਉਹਨਾਂ ਮਾਂ ਦੀ ਮਹੱਤਤਾ ਦਰਸਾਉਂਦਿਆਂ ਕਿਹਾ ਕਿ- ਇੱਕ ਮਾਂ ਹੀ ਹੈ ਜੋ ਬੱਚੇ ਦੇ ਜਨਮ ਸਮੇਂ ਖੁਸ਼ੀ ਤੇ ਦਰਦ ਨੂੰ ਇਕੱਠਾ ਮਹਿਸੂਸ ਕਰ ਸਕਦੀ ਹੈ, ਪਰ ਅਫਸੋਸ! ਅੱਜ ਮਾਂ ਦੀ ਮਮਤਾ ਵੀ ਖਰੀਦੀ ਵੇਚੀ ਜਾ ਰਹੀ ਹੈ, ਤੇ ਔਰਤ ਦੀ ਕੁੱਖ ਦਾ ਮੁੱਲ ਵੱਟਿਆ ਜਾ ਰਿਹਾ! ‘ਅੰਮੜੀ ਅੰਮੜੀ, ਲਾਹ ਦਏ ਚਮੜੀ, ਫਿਰ ਅੰਮੜੀ ਦੀ ਅੰਮੜੀ!’ ਰਾਹੀਂ ਉਹਨਾਂ ਮਾਂ ਦੇ ਰੋਲ ਦੀ ਸ਼ਮਾਘਾ ਕੀਤੀ।

ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ- ਨਵੇਂ ਆਏ ਮੈਂਬਰਾਂ- ਮਹਿੰਦਰ ਕੌਰ, ਕੁਲਦੀਪ ਕੌਰ, ਜਸਪਾਲ ਕੌਰ ਗਿੱਲ, ਰਣਜੀਤ ਕੌਰ ਗਿੱਲ, ਸੁਰਜੀਤ ਕੌਰ ਅਤੇ ਮਨਜੀਤ ਕੌਰ ਨੇ ਆਪੋ ਆਪਣੀ ਜਾਣ ਪਛਾਣ ਕਰਾਉਣ ਉਪਰੰਤ, ਆਪੋ ਆਪਣੀ ਮਾਂ ਜਾਂ ਸੱਸ ਦੀ ਗਾਥਾ ਸਾਂਝੀ ਕੀਤੀ ਅਤੇ ਕਿਹਾ ਕਿ- ‘ਮਾਂ ਦਾ ਇੱਕ ਦਿਨ ਨਹੀਂ ਸਗੋਂ ਹਰ ਦਿਨ ਹੀ ਮਾਵਾਂ ਦਾ ਹੁੰਦਾ ਹੈ!’ ਸਰਬਜੀਤ ਉੱਪਲ ਨੇ ਸੁਖਵਿੰਦਰ ਅੰਮ੍ਰਿਤ ਦੀ ਕਵਿਤਾ, ‘ਗੀਤਾਂ ਵਾਲੀ ਕਾਪੀ’ ਸੁੰਦਰ ਅੰਦਾਜ਼ ਵਿੱਚ ਪੇਸ਼ ਕਰਕੇ, ਮਰਦ ਪ੍ਰਧਾਨ ਸਮਾਜ ਵਲੋਂ ਔਰਤ ਦੀਆਂ ਭਾਵਨਾਵਾਂ ਦੇ ਹੋ ਰਹੇ ਕਤਲ ਦੀ ਬਾਤ ਪਾਈ। ਜੋਗਿੰਦਰ ਪੁਰਬਾ ਨੇ ਮਾਂ ਤੇ ਵਿਚਾਰ ਪੇਸ਼ ਕੀਤੇ ਜਦ ਕਿ ਮੁਖਤਿਆਰ ਧਾਲੀਵਾਲ ਨੇ ਮਾਂ ਤੇ ਧੀ ਦੇ ਪਿਆਰ ਦਾ ਲੋਕ ਗੀਤ ਗਾਇਆ। ਸਭਾ ਦੀ ਖਚਾਨਚੀ ਕਿਰਨ ਕਲਸੀ ਨੇ ਮਾਂ ਬਾਰੇ ਵਿਚਾਰ ਅਤੇ ਸੱਸ ਦੇ ਰਿਸ਼ਤੇ ਤੇ ਇੱਕ ਬੋਲੀ ਪਾਈ। ਕੁਲਵੰਤ ਕੌਰ ਗਿੱਲ ਨੇ ਸੱਸ ਤੇ ਬੋਲੀਆਂ ਅਤੇ ਸਤਵਿੰਦਰ ਕੌਰ ਫਰਵਾਹਾ ਨੇ ਮਾਂ ਤੇ ਹਿੰਦੀ ਗੀਤ ਸੁਣਾਇਆ। ਗੁਰਤੇਜ ਸਿੱਧੂ ਨੇ ਗੀਤ, ‘ਰਾਤੀਂ ਰੁੱਸ ਗਿਆ ਤੂੰ ਵੇ’, ਸੁਰਿੰਦਰ ਸੰਧੂ ਨੇ ਮਾਵਾਂ ਧੀਆਂ ਦੇ ਪਿਆਰ ਦਾ ਲੋਕ ਗੀਤ, ਅਤੇ ਸੁਰਜੀਤ ਢਿੱਲੋਂ ਨੇ ਗੀਤ- ‘ਮਾਵਾਂ ਮਗਰੋਂ ਛੁੱਟ ਜਾਂਦੇ ਨੇ ਧੀਆਂ ਦੇ ਲੋਕੋ ਪੇਕੇ’ ਸੁਣਾ ਕੇ ਮਹੌਲ ਸੁਰਮਈ ਬਣਾ ਦਿੱਤਾ।

ਗੁਰਜੀਤ ਕੌਰ ਵੈਦਵਾਨ ਨੇ ਮਾਵਾਂ ਦੀਆਂ ਦੁਆਵਾਂ ਤੋਂ ਵਾਂਝੇ ਹੋ ਰਹੇ ਬੱਚਿਆਂ ਦੀ ਗੱਲ ਕਰਦਿਆਂ ਕਿਹਾ ਕਿ- ‘ਨਿੱਕੇ ਹੁੰਦੇ ਕਹਿੰਦੇ ਸੀ- ਮਾਂ ਮੇਰੀ ਐ, ਮਾਂ ਮੇਰੀ ਐ! ਵੱਡੇ ਹੋਏ ਤਾਂ ਕਹਿਣ ਲੱਗੇ- ਮਾਂ ਤੇਰੀ ਐ, ਮਾਂ ਤੇਰੀ ਐ!’ ਗੁਰਿੰਦਰ ਸੰਧੂ ਨੇ ਆਪਣੀ ਮਾਂ ਦੀਆਂ ਨਸੀਹਤਾਂ ਜਿਵੇਂ– ‘ਜਰਿਆ ਤੇ ਧਰਿਆ ਹੀ ਕੰਮ ਆਉਂਦਾ ਹੈ’ ਆਦਿ ਨੂੰ ਯਾਦ ਕੀਤਾ। ਸੁਖਵਿੰਦਰ ਕੌਰ ਬਾਠ ਨੇ ਜੀਵਨ ਦੇ ਬਿਖੜੇ ਪੈਂਡੇ ਵਿੱਚ, ਸੱਸ ਵਲੋਂ ਮਿਲੇ ਪਿਆਰ ਤੇ ਸਹਾਰੇ ਦੀ ਗੱਲ ਕੀਤੀ। ਹਰਦੇਵ ਬਰਾੜ ਨੇ ਆਪਣੀ ਮਾਂ ਦੇ ਅੰਤਲੇ ਪੜਾਅ ਤੇ ਆਪਣੇ ਵਲੋਂ ਕੀਤੀ ਸੇਵਾ ਦੀ ਬਾਤ ਪਾਈ। ਸੁਰਿੰਦਰਜੀਤ ਵਿਰਦੀ ਨੇ ਕਿਹਾ ਕਿ- ‘ਇੱਕ ਮਾਂ ਹੀ ਹੈ ਜਿਸ ਨੂੰ ਸੱਤ ਸਮੁੰਦਰ ਪਾਰ ਬੈਠੀ ਨੂੰ ਵੀ ਧੀਆਂ ਪੁੱਤਾਂ ਦੇ ਦਰਦ ਮਹਿਸੂਸ ਹੋ ਜਾਂਦੇ ਹਨ!’ ਮਹਿੰਦਰਪਾਲ ਕੌਰ ਨੇ ਬਲਜਿੰਦਰ ਗਿੱਲ ਮੈਡਮ ਦੇ ਹਰ ਰੋਜ਼ ਆਉਂਦੇ ‘ਗੁੱਡ ਮੌਰਨਿੰਗ’ ਦੇ ਸਨੇਹ ਭਰੇ ਸੁਨੇਹਿਆਂ ਲਈ ਉਹਨਾਂ ਦਾ ਧੰਨਵਾਦ ਕੀਤਾ। ਨੌਵੇਂ ਦਹਾਕੇ ਵਿੱਚ ਪਹੁੰਚੇ ਮੈਡਮ ਬਲਜਿੰਦਰ ਗਿੱਲ ਨੇ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ, ਸਭ ਮੈਂਬਰਾਂ ਨੂੰ ਆਪਣੀ ਸਿਹਤ ਵੱਲ ਧਿਆਨ ਦੇਣ ਤੇ ਚੜ੍ਹਦੀ ਕਲਾ ‘ਚ ਰਹਿਣ ਦੀ ਸਲਾਹ ਦਿੱਤੀ। ਗੁਰਦੀਸ਼ ਕੌਰ ਗਰੇਵਾਲ ਨੇ ਕਿਹਾ ਕਿ- ‘ਰੱਬ ਹਰ ਥਾਂ ਨਹੀਂ ਪਹੁੰਚ ਸਕਦਾ, ਇਸੇ ਲਈ ਉਸ ਨੇ ਮਾਂ ਦੀ ਸਿਰਜਣਾ ਕੀਤੀ! ਸਾਡੀਆਂ ਤੁਰ ਗਈਆਂ ਮਾਵਾਂ ਵੀ ਕਿਧਰੇ ਨਹੀਂ ਗਈਆਂ- ਸਾਡੀ ਸ਼ਖਸੀਅਤ ਵਿੱਚੋਂ ਸਾਡੀਆਂ ਮਾਵਾਂ ਹੀ ਬੋਲ ਰਹੀਆਂ ਹਨ। ਉਹਨਾਂ ਇਸ ਸੰਦਰਭ ਵਿੱਚ ਆਪਣੇ ਲਿਖੇ ਕੁੱਝ ਸ਼ਿਅਰ ਅਤੇ ਇੱਕ ਗੀਤ- ‘ਮਾਂ ਮੇਰੀ ਦਾ ਏਡਾ ਜੇਰਾ’ ਸੁਣਾ ਕੇ ਮਾਂ ਦੀਆਂ ਕੀਤੀਆਂ ਕੁਬਾਨੀਆਂ ਨੂੰ ਸਿਜਦਾ ਕੀਤਾ।

ਵੱਡੀ ਗਿਣਤੀ ਵਿੱਚ ਪਹੁੰਚੀਆਂ ਭੈਣਾਂ ਨੇ ਆਪਣੀ ਮਾਂ ਦੇ ਨਾਲ ਨਾਲ, ਆਪਣੀ ‘ਸੱਸ ਮਾਂ’ ਦੇ ਪਿਆਰ ਦੇ ਨਿੱਜੀ ਤਜਰਬੇ ਵੀ ਸਾਂਝੇ ਕੀਤੇ ਜਦ ਕਿ ਬਹੁਤੇ ਮੈਂਬਰਾਂ ਨੇ ਵਧੀਆ ਸਰੋਤੇ ਹੋਣ ਦਾ ਸਬੂਤ ਦਿੱਤਾ। ਅੰਤ ਤੇ ਸਭਾ ਦੇ ਪ੍ਰਧਾਨ ਡਾ. ਬਲਵਿੰਦਰ ਕੌਰ ਬਰਾੜ ਨੇ ਸਭ ਦਾ ਧੰਨਵਾਦ ਕੀਤਾ ਤੇ 3 ਜੂਨ ਨੂੰ ਜਾ ਰਹੇ ਟੂਰ ਅਤੇ 17 ਜੂਨ ਨੂੰ ਹੋਣ ਵਾਲੀ ਅਗਲੀ ਮੀਟਿੰਗ ਦੀ ਸੂਚਨਾ ਦਿੱਤੀ। ਬਰੇਕ ਸਮੇਂ ਸਭ ਨੇ ਚਾਹ ਤੇ ਸਨੈਕਸ ਦਾ ਅਨੰਦ ਮਾਣਿਆਂ। ਵਧੇਰੇ ਜਾਣਕਾਰੀ ਲਈ- ਡਾ. ਬਲਵਿੰਦਰ ਕੌਰ ਬਰਾੜ 403 590 9629 ਜਾਂ ਗੁਰਦੀਸ਼ ਕੌਰ ਗਰੇਵਾਲ ਨਾਲ 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਰਿਪੋਰਟ ਕਰਤਾ-
ਗੁਰਦੀਸ਼ ਕੌਰ ਗਰੇਵਾਲ
ਸੰਪਰਕ: +1 403 404 1450

Show More

Related Articles

Leave a Reply

Your email address will not be published. Required fields are marked *

Close