
ਭਾਰਤੀ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਓਲੰਪਿਕ ਚੈਂਪੀਅਨ ਨੀਰਜ ਚੋਪੜਾ ਵਿਸ਼ਵ ਅਥਲੈਟਿਕਸ ਵੱਲੋਂ ਜਾਰੀ ਤਾਜ਼ਾ ਪੁਰਸ਼ ਜੈਵਲਿਨ ਥਰੋਅ ਰੈਂਕਿੰਗ ਵਿੱਚ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਦੁਨੀਆ ਦਾ ਨੰਬਰ ਇੱਕ ਖਿਡਾਰੀ ਬਣ ਗਿਆ ਹੈ।
ਨੀਰਜ ਚੋਪੜਾ 1,455 ਅੰਕ ਲੈ ਕੇ ਟੌਪ ‘ਤੇ ਰਿਹਾ। ਉਹ ਗ੍ਰੇਨਾਡਾ ਦੇ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ (1,433) ਤੋਂ 22 ਅੰਕ ਅੱਗੇ ਰਿਹਾ। ਟੋਕੀਓ ਓਲੰਪਿਕ ‘ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਚੈੱਕ ਗਣਰਾਜ ਦੇ ਜੈਕਬ ਵਡਲੇਜਚ 1416 ਅੰਕਾਂ ਨਾਲ ਤੀਜੇ ਸਥਾਨ ‘ਤੇ ਰਿਹਾ। ਇਸ ਭਾਰਤੀ ਸਟਾਰ ਨੇ ਪਹਿਲੀ ਵਾਰ ਇਹ ਰੈਂਕਿੰਗ ਹਾਸਲ ਕਰਕੇ ਇਤਿਹਾਸ ਰਚਿਆ ਹੈ।
ਟੋਕਿਓ ਓਲੰਪਿਕਸ ਵਿੱਚ ਭਾਰਤ ਨੂੰ ਗੋਲਡ ਮੈਡਲ ਦਿਵਾਉਣ ਵਾਲਾ 25 ਸਾਲਾਂ ਚੋਪੜਾ ਪਿਛਲੇ ਸਾਲ 30 ਅਗਸਤ ਨੂੰ ਵਿਸ਼ਵ ਰੈਂਕਿੰਗ ਵਿੱਚ ਦੂਜੇ ਸਥਾਨ ‘ਤੇ ਪਹੁੰਚ ਗਿਆ ਸੀ, ਪਰ ਉਸ ਮਗਰੋਂ ਪੀਟਰਸ ਨੂੰ ਪਛਾੜ ਨਹੀਂ ਸਕਿਆ ਸੀ। ਪਿਛਲੇ ਸਾਲ ਸਤੰਬਰ ਵਿੱਚ ਨੀਰਜ ਚੋਪੜਾ ਨੇ ਜਿਊਰਿਖ ਵਿੱਚ ਡਾਇਮੰਡ ਲੀਗ 2022 ਦਾ ਫਾਈਨਲ ਜਿੱਤਿਆ ਸੀ। ਇਹ ਮਾਣਮੱਤੀ ਟ੍ਰਾਫੀ ਜਿੱਤਣ ਵਾਲਾ ਉਹ ਪਹਿਲਾ ਭਾਰਤੀ ਸੀ।
ਇਸ ਤੋਂ ਇਲਾਵਾ ਉਸਨੇ 5 ਮਈ ਨੂੰ 88.67 ਮੀਟਰ ਦੇ ਥਰੋਅ ਨਾਲ ਸੀਜ਼ਨ-ਓਪਨਿੰਗ ਦੋਹਾ ਡਾਇਮੰਡ ਲੀਗ ਦਾ ਖਿਤਾਬ ਜਿੱਤਿਆ। ਨੀਰਜ ਚੋਪੜਾ ਦੇ ਇਸ ਸਮੇਂ 1,455 ਅੰਕ ਹਨ, ਜੋ ਕਿ ਮੌਜੂਦਾ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਤੋਂ 22 ਵੱਧ ਹਨ। ਇਸ ਨਾਲ ਨੀਰਜ ਨੇ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੂੰ ਪਿੱਛੇ ਛੱਡ ਦਿੱਤਾ। ਐਂਡਰਸਨ ਦੇ ਇਸ ਵੇਲੇ 1433 ਅੰਕ ਹਨ। ਪਾਕਿਸਤਾਨ ਦਾ ਅਰਸ਼ਦ ਨਦੀਮ ਵੀ ਟਾਪ-5 ਰੈਂਕਿੰਗ ‘ਚ ਸ਼ਾਮਲ ਹੈ।