Entertainment

ਯੂਕੇ: ਡਰਾਈਵਰ ਭਾਈਚਾਰੇ ਦੀ ਅਸਲ ਤਸਵੀਰ ਹੈ ਗਾਇਕ ਨਿਰਮਲ ਸਿੱਧੂ ਦਾ ਗੀਤ ‘ਉੱਡਦੇ ਪੰਜਾਬੀ’

ਡਰਾਈਵਰਾਂ ਦੀ ਮਿਹਨਤ ਨੂੰ ਸਲਾਮ ਵਰਗਾ ਹੈ ਗੀਤ- ਨਿਰਮਲ ਸਿੱਧੂ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬੀ ਸੰਗੀਤ ਜਗਤ ਵਿੱਚ ਤਨਦੇਹੀ ਨਾਲ ਸਰਗਰਮ ਗਾਇਕਾਂ ਦੀ ਗੱਲ ਕਰੀਏ ਤਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਟਹਿਣਾ ਤੋਂ ਸਫਰ ਸ਼ੁਰੂ ਕਰਕੇ ਦੁਨੀਆਂ ਭਰ ਵਿੱਚ ਮਕਬੂਲੀਅਤ ਹਾਸਲ ਕਰਨ ਵਾਲੇ ਮਾਣਮੱਤੇ ਗਾਇਕ ਤੇ ਸੰਗੀਤਕਾਰ ਨਿਰਮਲ ਸਿੱਧੂ ਦਾ ਜ਼ਿਕਰ ਆਪ ਮੁਹਾਰੇ ਹੁੰਦਾ ਹੈ। ਸੰਗੀਤ ਨਾਲ ਇੱਕਮਿੱਕਤਾ ਦਾ ਪ੍ਰਤਾਪ ਹੈ ਕਿ ਨਿਰਮਲ ਸਿੱਧੂ ਦੇ ਮੂੰਹੋਂ ਨਿੱਕਲੇ ਬੋਲ ਰਸਮਈ ਤਰੰਗਾਂ ਹੋ ਨਿੱਬੜਦੇ ਹਨ। ਸਮੇਂ ਸਮੇਂ
‘ਤੇ ਸਮਾਜ ਦੀ ਨਬਜ਼ ਪਛਾਣਦੇ ਗੀਤ ਉਹਨਾਂ ਵੱਲੋਂ ਸ੍ਰੋਤਿਆਂ ਦੀ ਝੋਲੀ ਪਾਏ ਜਾਂਦੇ ਹਨ। ਹਾਲ ਹੀ ਵਿੱਚ ਉਹਨਾਂ ਡਰਾਈਵਰ ਭਾਈਚਾਰੇ ਦੀ ਅਸਲ ਤਸਵੀਰ ਪੇਸ਼ ਕਰਦਾ ਗੀਤ “ਉੱਡਦੇ ਪੰਜਾਬੀ” ਰਾਹੀਂ ਵੱਖਰੀ ਤੇ ਉਚੇਰੀ ਉਡਾਣ ਭਰੀ ਹੈ। ਬਾਬੇ ਨਾਨਕ ਦੇ ਕਿਰਤ ਦੇ ਸਿਧਾਂਤ ਨੂੰ ਲੜ ਬੰਨ੍ਹ ਕੇ ਦੁਨੀਆਂ ਭਰ ਵਿੱਚ ਕਿਰਤ ਕਰ ਰਹੇ ਡਰਾਈਵਰਾਂ ਦੀ ਜ਼ਿੰਦਗੀ, ਖੁਸ਼ਦਿਲੀ, ਮਿਹਨਤ ਤੇ ਇਮਾਨਦਾਰੀ ਨੂੰ ਨੇੜਿਉਂ ਦਿਖਾਉਣ ਦੀ ਸਫਲ ਕੋਸ਼ਿਸ਼ ਬਣ ਗਿਆ ਹੈ ਗੀਤ “ਉੱਡਦੇ ਪੰਜਾਬੀ”। ਇਸ ਗੀਤ ਨੂੰ ਡਰਾਈਵਰ ਭਾਈਚਾਰੇ ਵੱਲੋਂ ਮਿਲ ਰਹੇ ਅਥਾਹ ਪਿਆਰ ਦੀ ਬਦੌਲਤ ਹੀ ਇਹ ਗੀਤ 1 ਦਿਨ ਵਿੱਚ 1 ਮਿਲੀਅਨ ਲੋਕਾਂ ਵੱਲੋਂ ਸੁਣਿਆ ਜਾ ਚੁੱਕਾ ਹੈ।
ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਵਿਸ਼ਵ ਪ੍ਰਸਿੱਧ ਗਾਇਕ, ਸੰਗੀਤਕਾਰ ਤੇ ਕੰਪੋਜਰ ਨਿਰਮਲ ਸਿੱਧੂ ਨੇ ਦੱਸਿਆ ਕਿ ਇਸ ਗੀਤ ਨੂੰ ਲਿੱਧੜ ਰਿਕਾਰਡਜ਼ ਅਤੇ ਹਰਪ੍ਰੀਤ ਸਿੰਘ ਵੱਲੋਂ ਬਹੁਤ ਹੀ ਸਨੇਹ ਨਾਲ ਪੰਜਾਬੀਆਂ ਦੀ ਝੋਲੀ ਪਾਇਆ ਗਿਆ ਹੈ। ਇਸ ਗੀਤ ਨੂੰ ਸ਼ਬਦਾਂ ਦੀ ਗਾਨੀ ‘ਚ ਬੱਬੂ ਬਰਾੜ ਘੁੜਿਆਣਾ ਨੇ ਪ੍ਰੋਇਆ ਹੈ। ਸੰਗੀਤ ਤੇ ਤਰਜ਼ ਉਹਨਾਂ ਨੇ ਖੁਦ ਹੀ ਤਿਆਰ ਕੀਤੀ ਹੈ। ਉਹਨਾਂ ਕਿਹਾ ਕਿ ਹਰ ਮੁਲਕ ਦੀ ਤਰੱਕੀ ਵਿੱਚ ਡਰਾਈਵਰ ਭਾਈਚਾਰੇ ਦਾ ਅਥਾਹ ਯੋਗਦਾਨ ਹੈ ਪਰ ਅਫ਼ਸੋਸ ਕਿ ਗੀਤਾਂ ਜਾਂ ਗੱਲਾਂ ਰਾਹੀਂ ਡਰਾਈਵਰਾਂ ਦੇ ਕਿਰਦਾਰ ਦੀ ਗਲਤ ਬਿਆਨੀ ਕੀਤੀ ਗਈ ਹੈ। ਉਹਨਾਂ ਸਮੂਹ ਪੰਜਾਬੀਆਂ ਨੂੰ ਬੇਨਤੀ ਕੀਤੀ ਕਿ ਇਹ ਗੀਤ ਪੱਠਿਆਂ ਵਾਲੇ ਗੱਡੇ ਦੇ ‘ਡਰਾਈਵਰ’ ਤੋਂ ਲੈ ਕੇ ਜਹਾਜ ਦੇ ‘ਡਰਾਈਵਰ’ ਤੱਕ ਹਰ ਓਸ ਮਿਹਨਤਕਸ਼ ਪੰਜਾਬੀ ਨੂੰ ਸਲਾਮ ਹੈ। ਇਸ ਗੀਤ ਨੂੰ ਸੁਣ ਕੇ ਮਾਣ ਮਹਿਸੂਸ ਕਰੋਗੇ, ਹੱਲਾਸ਼ੇਰੀ ਹੀ ਦਿਓਗੇ।

Show More

Related Articles

Leave a Reply

Your email address will not be published. Required fields are marked *

Close