Punjab

ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬੀ ਫ਼ਿਲਮ ‘ਸ਼ੂਟਰ’ ’ਤੇ ਪਾਬੰਦੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ਿਲਮ ‘ਸ਼ੂਟਰ’ ’ਤੇ ਪਾਬੰਦੀ ਲਾ ਦਿੱਤੀ ਹੈ। ਇਹ ਫ਼ਿਲਮ ਖ਼ਤਰਨਾਕ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਤੇ ਉਸ ਵੱਲੋਂ ਕੀਤੇ ਅਪਰਾਧਾਂ ’ਤੇ ਆਧਾਰਤ ਹੈ। ਸਰਕਾਰੀ ਪ੍ਰੈੱਸ ਨੋਟ ’ਚ ਦੱਸਿਆ ਇਹੋ ਜਾ ਰਿਹਾ ਹੈ ਕਿ ਇਹ ਫ਼ਿਲਮ ਕਥਿਤ ਤੌਰ ’ਤੇ ਹਿੰਸਾ, ਘਿਨਾਉਣੇ ਅਪਰਾਧਾਂ, ਫਿਰੌਤੀਆਂ ਵਸੂਲਣ, ਧਮਕੀਆਂ ਤੇ ਦੇਣ ਤੇ ਲੋਕਾਂ ਨੂੰ ਐਂਵੇਂ ਡਰਾਉਣ–ਧਮਕਾਉਣ ਨੂੰ ਹੱਲਾਸ਼ੇਰੀ ਦਿੰਦੀ ਹੈ।ਮੁੱਖ ਮੰਤਰੀ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਫ਼ਿਲਮ ਦੇ ਨਿਰਮਾਤਾਵਾਂ ’ਚੋਂ ਇੱਕ ਕੇ.ਵੀ. ਢਿਲੋਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਸੰਭਾਵਨਾ ਬਾਰੇ ਵਿਚਾਰ ਕਰਨ ਕਿਉਂਕਿ ਇਸ ਨਿਰਮਾਤਾ ਨੇ ਪਿਛਲੇ ਸਾਲ ਲਿਖਤੀ ਰੂਪ ਵਿੱਚ ਇਹ ਵਾਅਦਾ ਕੀਤਾ ਸੀ ਕਿ ਹੁਣ ਉਹ ਇਹ ਫ਼ਿਲਮ ਨਹੀਂ ਬਣਾਉਣਗੇ।ਪਹਿਲਾਂ ਇਸ ਫ਼ਿਲਮ ਦਾ ਨਾਂਅ ‘ਸੁੱਖਾ ਕਾਹਲਵਾਂ’ ਰੱਖਿਆ ਗਿਆ ਸੀ। ਮੁੱਖ ਮੰਤਰੀ ਨੇ ਡੀਜੀਪੀ ਨੂੰ ਇਹ ਵੀ ਆਖਿਆ ਹੈ ਕਿ ਅਜਿਹੀ ਫ਼ਿਲਮ ਤਿਆਰ ਕਰਨ ਪਿੱਛੇ ਪ੍ਰੋਮੋਟਰਾਂ, ਡਾਇਰੈਕਟਰਾਂ ਤੇ ਫ਼ਿਲਮ ਦੇ ਅਦਾਕਾਰਾਂ ਦੀ ਭੂਮਿਕਾ ਦੀ ਵੀ ਨਿੱਠ ਕੇ ਜਾਂਚ ਕੀਤੀ ਜਾਵੇ।ਇੱਕ ਅਧਿਕਾਰਤ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਅਜਿਹੀ ਕੋਈ ਫ਼ਿਲਮ, ਗੀਤ ਆਦਿ ਨਹੀਂ ਚੱਲਣ ਦੇਵੇਗੀ, ਜੋ ਸੂਬੇ ’ਚ ਹਿੰਸਾ, ਗੈਂਗਸਟਰਪੁਣਾ ਜਾਂ ਅਪਰਾਧ ਨੂੰ ਹੱਲਾਸ਼ੇਰੀ ਦਿੰਦੀ ਹੋਵੇ। ਸਰਕਾਰੀ ਪ੍ਰੈੱਸ ਨੋਟ ’ਚ ਦੋਸ਼ ਲਾਇਆ ਗਿਆ ਹੈ ਕਿ ਪੰਜਾਬ ’ਚ ਜ਼ਿਆਦਾਤਰ ਗੈਂਗਸਟਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤਾਂ ਦੀ ਸ਼ਹਿ ਕਾਰਨ ਪ੍ਰਫ਼ੁੱਲਤ ਹੋ ਗਏ ਸਨ।ਸਰਕਾਰੀ ਤੌਰ ’ਤੇ ਜਾਰੀ ਕੀਤੇ ਗਏ ਪ੍ਰੈੱਸ ਨੋਟ ’ਚ ਦਾਅਵਾ ਕੀਤਾ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਅੰਦਰ ਸੂਬੇ ’ਚ ਕਾਨੂੰਨ ਤੇ ਵਿਵਸਥਾ ਨੂੰ ਬਹਾਲ ਕੀਤਾ ਹੈ। ‘ਪਿਛਲੀ ਸ਼੍ਰੋਮਣੀ ਅਕਾਲੀ ਦਲ–ਭਾਜਪਾ ਸਰਕਾਰ ਵੇਲੇ ਕਾਨੂੰਨ ਤੇ ਵਿਵਸਥਾ ਦੀ ਹਾਲਤ ਬਹੁਤ ਮਾੜੀ ਹੋ ਗਈ ਸੀ।’ਮੁੱਖ ਮੰਤਰੀ ਨੇ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਪੰਜਾਬ ਦੇ ਅਮਨ ਤੇ ਫਿਰਕੂ ਏਕਤਾ ਨੂੰ ਭੰਗ ਕਰਨ ਵਾਲੀ ਕਿਸੇ ਚੀਜ਼ ਦੀ ਇਜਾਜ਼ਤ ਨਾ ਦਿੱਤੀ ਜਾਵੇ। ਇਸ ਦੌਰਾਨ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਰਿਲੀਜ਼ ਹੋਣ ਤੋਂ ਪਹਿਲਾਂ ਵਿਵਾਦਾਂ ’ਚ ਘਿਰ ਚੁੱਕੀ ਫ਼ਿਲਮ ‘ਸ਼ੂਟਰ’ ਉੱਤੇ ਪਾਬੰਦੀ ਲਾਉਣ ਬਾਰੇ ਉਨ੍ਹਾਂ ਦੀ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਈ ਸੀ।ਏਡੀਜੀਪੀ (ਇੰਟੈਲੀਜੈਂਸ) ਵਰਿੰਦਰ ਕੁਮਾਰ ਨੇ ਇਸ ਫ਼ਿਲਮ ‘ਸ਼ੂਟਰ’ ਉੱਤੇ ਪਾਬੰਦੀ ਲਾਉਣ ਦੀ ਸਿਫ਼ਾਰਸ਼ ਕੀਤੀ ਸੀ। ਚੇਤੇ ਰਹੇ ਕਿ ਇਸ ਫ਼ਿਲਮ ਦਾ ਟ੍ਰੇਲਰ ਬੀਤੀ 18 ਜਨਵਰੀ ਨੂੰ ਰਿਲੀਜ਼ ਹੋਇਆ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਫ਼ਿਲਮ ਕੱਟੜਪੰਥੀ ਵਿਚਾਰਧਾਰਾ ਨੂੰ ਹੱਲਾਸ਼ੇਰੀ ਦਿੰਦੀ ਹੈ।ਇਸ ਤੋਂ ਪਹਿਲਾਂ ਮੋਹਾਲੀ ਪੁਲਿਸ ਨੂੰ ਫ਼ਿਲਮ ‘ਸ਼ੂਟਰ’ ਬਾਰੇ ਸ਼ਿਕਾਇਤ ਮਿਲੀ ਸੀ ਕਿ ਇਹ ਫ਼ਿਲਮ ਗੈਂਗਸਟਰ ਸੁੱਖਾ ਕਾਹਲਵਾਂ ਦੀ ਮਹਿਮਾ ਕਰਦੀ ਹੈ। ਸੁੱਖਾ ਆਪਣੇ–ਆਪ ਨੂੰ ‘ਸ਼ਾਰਪ–ਸ਼ੂਟਰ’ ਅਖਵਾਉਂਦਾ ਸੀ ਤੇ ਉਹ ਕਥਿਤ ਤੌਰ ’ਤੇ ਕਤਲ, ਅਗ਼ਵਾ ਤੇ ਫ਼ਿਰੌਤੀਆਂ ਵਸੂਲਣ ਦੇ 20 ਤੋਂ ਵੱਧੱ ਮਾਮਲਿਆਂ ਵਿੱਚ ਸ਼ਾਮਲ ਸੀ।ਸੁੱਖਾ ਕਾਹਲਵਾਂ, ਗੈਂਗਸਟਰ ਵਿੱਕੀ ਗੌਂਡਰ ਤੇ ਉਸ ਦੇ ਸਾਥੀ 22 ਜਨਵਰੀ, 2015 ਨੂੰ ਇੱਕ ਪੁਲਿਸ ਮੁਕਾਬਲੇ ’ਚ ਮਾਰੇ ਗਏ ਸਨ। ਇਹ ਘਟਨਾ ਤਦ ਵਾਪਰੀ ਸੀ, ਜਦੋਂ ਜਲੰਧਰ ਦੀ ਅਦਾਲਤ ’ਚ ਸੁਣਵਾਈ ਤੋਂ ਬਾਅਦ ਸੁੱਖਾ ਕਾਹਲਵਾਂ ਨੂੰ ਪਟਿਆਲਾ ਦੀ ਜੇਲ੍ਹ ’ਚ ਵਾਪਸ ਲਿਆਂਦਾ ਜਾ ਰਿਹਾ ਸੀ।ਫ਼ਿਲਮ ਨਿਰਮਾਤਾ ਕੇ.ਵੀ. ਢਿਲੋਂ ਨੇ ਮੋਹਾਲੀ ਦੇ ਐੱਸਐੱਸਪੀ ਨੂੰ ਲਿਖਤੀ ਚਿੱਠੀ ਵਿੱਚ ਕਿਹਾ ਸੀ ਕਿ – ‘ਤੁਹਾਡੇ ਮੁਤਾਬਕ ਇਹ ਫ਼ਿਲਮ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਨੂੰ ਢਾਹ ਪਹੁੰਚਾ ਸਕਦੀ ਹੈ, ਇਸ ਲਈ ਮੈਂ ਇਹ ਫ਼ਿਲਮ ਪ੍ਰੋਜੈਕਟ ਬੰਦ ਕਰ ਰਿਹਾ ਹਾਂ।’ ਪਰ ਹੁਣ ਇਹ ਫ਼ਿਲਮ ‘ਸੁੱਖਾ ਕਾਹਲਵਾਂ’ ਨਾਂਅ ਦੀ ਥਾਂ ਇੱਕ ਬਦਲਵੇ ‘ਸ਼ੂਟਰ’ ਦੇ ਨਾਂਅ ਉੱਤੇ 21 ਫ਼ਰਵਰੀ, 2020 ਨੂੰ ਰਿਲੀਜ਼ ਹੋਣ ਜਾ ਰਹੀ ਸੀ।

Show More

Related Articles

Leave a Reply

Your email address will not be published. Required fields are marked *

Close