Canada

ਮੌਂਟਰੀਅਲ ਵਿਚ ਪ੍ਰਦਰਸ਼ਨਕਾਰੀਆਂ ਵੱਲੋਂ ਕਰਫਿਊ ਦੇ ਵਿਰੋਧ ਵਿਚ ਅਣਗਜਨੀ ਦੀ ਵਾਰਦਾਤ ਨੂੰ ਦਿੱਤਾ ਅੰਜ਼ਾਮ

ਮਾਂਟਰੀਅਲ  (ਦੇਸ ਪੰਜਾਬ ਟਾਈਮਜ਼)-   ਮਾਂਟਰੀਅਲ ਵਿੱਚ ਰਾਤੀਂ 8:00 ਵਜੇ ਤੋਂ ਲਾਏ ਗਏ ਕਰਫਿਊ ਦਾ ਐਤਵਾਰ ਸ਼ਾਮ ਨੂੰ ਵਿਰੋਧ ਕਰ ਰਹੇ ਕੁੱਝ ਮੁਜ਼ਾਹਰਾਕਾਰੀਆਂ ਨੇ ਓਲਡ ਮਾਂਟਰੀਅਲ ਵਿੱਚ ਕਈ ਥਾਂਵਾਂ ਉੱਤੇ ਅੱਗ ਲਗਾਈ ਤੇ ਕਈ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ। ਇਸ ਸਬੰਧ ਵਿੱਚ ਮਾਂਟਰੀਅਲ ਪੁਲਿਸ ਨੇ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸੱਭ ਤੋਂ ਪਹਿਲਾਂ ਪਲੇਸ ਜੈਕੁਅਸ ਕਾਰਟੀਅਰ ਵਿੱਚ ਭੀੜ ਇੱਕਠੀ ਹੋ ਗਈ ਤੇ ਭੀੜ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ। ਕੁੱਝ ਮੁਜ਼ਾਹਰਾਕਾਰੀਆਂ ਨੇ ਗਾਰਬੇਜ ਕੈਨਜ਼ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਤੇ ਕਈਆਂ ਨੇ ਨੇੜੇ ਮੌਜੂਦ ਸਟੋਰਜ਼ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ। ਜਲਦ ਹੀ ਰਾਇਟ ਪੁਲਿਸ ਮੌਕੇ ਉੱਤੇ ਪਹੁੰਚ ਗਈ ਤੇ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗੇ ਗਏ।ਸੋਮਵਾਰ ਨੂੰ ਮਾਂਟਰੀਅਲ ਪੁਲਿਸ ਦੇ ਕਾਂਸਟੇਬਲ ਵੈਰੌਨਿਕ ਕੌਮਟੌਇਸ ਨੇ ਦੱਸਿਆ ਕਿ ਪੁਲਿਸ ਵੱਲੋਂ ਸ਼ਰਾਰਤ ਕਰਨ, ਅਗਜ਼ਨੀ, ਪੁਲਿਸ ਅਧਿਕਾਰੀਆਂ ਦੇ ਰਾਹ ਵਿੱਚ ਰੋੜੇ ਅਟਕਾਉਣ ਤੇ ਲੁੱਟਮਾਰ ਦੇ ਇਰਾਦੇ ਨਾਲ ਤੋੜ ਭੰਨ੍ਹ ਕਰਨ ਤੇ ਸਟੋਰਜ਼ ਵਿੱਚ ਦਾਖਲ ਹੋਣ ਦੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪਬਲਿਕ ਹੈਲਥ ਮਾਪਦੰਡਾਂ ਦੀ ਉਲੰਘਣਾਂ ਕਰਨ ਵਾਲੇ ਲੋਕਾਂ ਨੂੰ ਪੁਲਿਸ ਵੱਲੋਂ 107 ਟਿਕਟਾਂ ਵੀ ਜਾਰੀ ਕੀਤੀਆਂ ਗਈਆਂ।
ਮੇਅਰ ਵੈਲੇਰੀ ਪਲੈਂਟ ਵੱਲੋਂ ਇਨ੍ਹਾਂ ਦੰਗਿਆਂ ਦੀ ਨਿਖੇਧੀ ਕੀਤੀ ਗਈ ਤੇ ਉਨ੍ਹਾਂ ਸੋਮਵਾਰ ਸਵੇਰੇ ਕੀਤੇ ਇੱਕ ਟਵੀਟ ਵਿੱਚ ਇਸ ਨੂੰ ਅਸਵੀਕਾਰਨਯੋਗ ਘਟਨਾ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਆਪਾਂ ਸਾਰੇ ਹੀ ਕੋਵਿਡ-19 ਨਾਲ ਸੰਘਰਸ਼ ਕਰਦਿਆਂ ਹੋਇਆਂ ਅੱਕ ਥੱਕ ਚੁੱਕੇ ਹਾਂ ਪਰ ਇਸ ਦਾ ਇਹ ਮਤਲਬ ਨਹੀਂ ਕਿ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਜਾਵੇ ਤੇ ਨਿਯਮਾਂ ਦੀ ਉਲੰਘਣਾ ਕੀਤੀ ਜਾਵੇ। ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਲੜਾਈ ਲੜਨੀ ਹੈ।
ਸੋਮਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਉਨ੍ਹਾਂ ਆਖਿਆ ਕਿ ਲੋਕਾਂ ਨੂੰ ਵਿਰੋਧ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਇਹ ਉਨ੍ਹਾਂ ਦਾ ਅਧਿਕਾਰ ਹੈ ਪਰ ਉਨ੍ਹਾਂ ਨੂੰ ਸਹੀ ਢੰਗ ਨਾਲ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਨੂੰ ਉਨ੍ਹਾਂ ਲੋਕਾਂ ਉੱਤੇ ਹਮਲਾ ਨਹੀਂ ਕਰਨਾ ਚਾਹੀਦਾ ਜਿਹੜੇ ਪਹਿਲਾਂ ਹੀ ਪਰੇਸ਼ਾਨ ਹਨ ਤੇ ਉਹ ਵੀ ਮਹਾਂਮਾਰੀ ਦਾ ਸਾਹਮਣਾ ਮੁਜ਼ਾਹਰਾਕਾਰੀਆਂ ਵਾਂਗ ਹੀ ਕਰ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close