International

ਸੰਸਦ ਹਮਲੇ ਦੇ ਮਾਮਲੇ ’ਚ ਟਰੰਪ ਨੇ ਮੰਗੀ ਮੁਆਫੀ

ਵਾਸ਼ਿੰਗਟਨ- ਅਮਰੀਕੀ ਸੰਸਦ ’ਤੇ ਟਰੰਪ ਹਮਾਇਤੀਆਂ ਵੱਲੋਂ ਹਮਲੇ ਨਾਲ ਰਾਸ਼ਟਰਪਤੀ ਪੂਰੀ ਤਰ੍ਹਾਂ ਘਿਰ ਗਏ ਹਨ। ਉਨ੍ਹਾਂ ’ਤੇ ਮਹਾਦੋਸ਼ ਚੱਲਣ ਦਾ ਖ਼ਤਰਾ ਮੰਡਰਾ ਰਿਹਾ ਹੈ। ਡੈਮੋਕ੍ਰੇਟ ਸੰਸਦ ਮੈਂਬਰਾਂ ਨੇ ਇਸ ਲਈ ਉਪ ਰਾਸ਼ਟਰਪਤੀ ਮਾਈਕ ਪੇਂਸ ਤੇ ਕੈਬਨਿਟ ’ਤੇ ਦਬਾਅ ਵਧਾ ਦਿੱਤਾ ਹੈ। ਅਲਟੀਮੇਟਮ ਦਿੱਤਾ ਹੈ ਕਿ ਜੇ ਉਨ੍ਹਾਂ ਨੇ ਇਸ ਪਾਸੇ ਕੁਝ ਨਾ ਕੀਤਾ ਤਾਂ ਉਹ ਇਸ ਲਈ ਕਦਮ ਚੁੱਕਣਗੇ। ਹਾਲਾਂਕਿ ਟਰੰਪ ਦੇ ਕਾਰਜਕਾਲ ’ਚ ਸਿਰਫ਼ 12 ਦਿਨ ਬਚੇ ਹਨ ਤੇ ਉਨ੍ਹਾਂ ਨੇ ਹਮਾਇਤੀਆਂ ਦੀ ਹਰਕਤ ’ਤੇ ਅਫ਼ਸੋਸ ਜ਼ਾਹਿਰ ਕਰਦਿਆਂ ਮਾਫ਼ੀ ਮੰਗੀ ਹੈ ਤੇ ਇਹ ਕਿਹਾ ਹੈ ਕਿ ਉਹ 20 ਜਨਵਰੀ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਸੱਤਾ ਤਬਦੀਲ ਕਰ ਦੇਣਗੇ। ਉਹ ਖ਼ੁਦ ਨੂੰ ਮਾਫ਼ੀ ਦੇਣ ਬਾਰੇ ਆਪਣੇ ਹਮਾਇਤੀਆਂ ਤੇ ਕਾਨੂੰਨੀ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਵੀ ਕਰ ਰਹੇ ਹਨ।
ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਕਹੇ ਜਾਣ ਵਾਲੇ ਅਮਰੀਕਾ ’ਚ ਬੁੱਧਵਾਰ ਨੂੰ ਹਜ਼ਾਰਾਂ ਟਰੰਪ ਹਮਾਇਤੀਆਂ ਨੇ ਸੰਸਦ ਕੰਪਲੈਕਸ ’ਤੇ ਹਮਲਾ ਕਰ ਦਿੱਤਾ ਸੀ। ਇਸ ਲਈ ਟਰੰਪ ਨੇ ਉਕਸਾਇਆ ਸੀ। ਕਰੀਬ ਚਾਰ ਘੰਟੇ ਚੱਲੀ ਹਿੰਸਾ ਦੌਰਾਨ ਜ਼ਬਰਦਸਤ ਭੰਨਤੋੜ ਤੇ ਗੋਲੀਬਾਰੀ ਹੋਈ ਸੀ। ਪੁਲਿਸ ਦੀ ਕਾਰਵਾਈ ’ਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਜ਼ਖਮੀ ਹੋਏ ਸਨ। ਹਮਲੇ ਦੌਰਾਨ ਸੰਸਦ ’ਚ ਬਾਇਡਨ ਦੀ ਜਿੱਤ ’ਤੇ ਮੋਹਰ ਲਗਾਉਣ ਦੀ ਕਾਰਵਾਈ ਚੱਲ ਰਹੀ ਸੀ। ਅਗਲੇ ਰਾਸ਼ਟਰਪਤੀ ਜੋਅ ਬਾਇਡਨ ਨੇ ਹਿੰਸਾ ਲਈ ਟਰੰਪ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਨ੍ਹਾਂ ਦੀਆਂ ਲੋਕਤੰਤਰ ਵਿਰੋਧੀ ਗੱਲਾਂ ਨਾਲ ਹਿੰਸਾ ਭੜਕੀ ਸੀ ਜਦਕਿ ਉਨ੍ਹਾਂ ਦੀ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਟਰੰਪ ਨੂੰ ਰਾਸ਼ਟਰਪਤੀ ਤੋਂ ਹਟਾਉਣ ’ਤੇ ਮਹਾਦੋਸ਼ ਚਲਾਉਣ ਦੀ ਮੰਗ ਕੀਤੀ ਹੈ। ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਨੇ ਕਿਹਾ ਕਿ ਟਰੰਪ ਨੂੰ ਤੁਰੰਤ ਅਹੁਦੇ ਤੋਂ ਹਟਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਉਪ ਰਾਸ਼ਟਰਪਤੀ ਮਾਈਕ ਪੇਂਸ ਤੇ ਕੈਬਨਿਟ ਤੋਂ ਮੰਗ ਕੀਤੀ ਹੈ ਕਿ ਉਹ ਸੰਵਿਧਾਨ ਦੀ 25ਵੀਂ ਸੋਧ ਜ਼ਰੀਏ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਾ ਦੇਣ ਤੇ ਜੇ ਇਸ ਤਰ੍ਹਾਂ ਨਹੀਂ ਕੀਤਾ ਗਿਆ ਤਾਂ ਸੰਸਦ ’ਚ ਮਹਾਦੋਸ਼ ਲਿਆਂਦਾ ਜਾਵੇਗਾ। ਉੱਪਰਲੇ ਸਦਨ ਸੈਨੇਟ ’ਚ ਡੈਮੋਕ੍ਰੇਟ ਆਗੂ ਚਕ ਸ਼ੁਮਰ ਨੇ ਕਿਹਾ ਕਿ ਟਰੰਪ ਖ਼ਤਰਨਾਕ ਹਨ ਤੇ ਉਨ੍ਹਾਂ ਨੂੰ ਅਹੁਦੇ ਤੋਂ ਤੁਰੰਤ ਹਟਾਏ ਜਾਣ ਦੀ ਲੋੜ ਹੈ। ਪ੍ਰਤੀਨਿਧ ਸਭਾ ਦੀ ਸਹਾਇਕ ਸਪੀਕਰ ਕੈਥਰੀਨ ਕਲਾਰਕ ਨੇ ਕਿਹਾ ਕਿ ਡੈਮੋਕ੍ਰੇਟਸ ਮਹਾਦੋਸ਼ ਲਿਆਉਣ ਦੀ ਤਿਆਰੀ ਕਰ ਰਹੇ ਹਨ। ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਉਹ ਹਰ ਹਥਿਆਰ ਦੀ ਵਰਤੋਂ ਕਰਨਗੇ। ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਵੀਡੀਓ ਜਾਰੀ ਕੀਤਾ, ਜਿਸ ਵਿਚ ਟਰੰਪ ਨੇ ਕਿਹਾ, ‘ਸਾਰੇ ਅਮਰੀਕੀਆਂ ਵਾਂਗ ਮੈਂ ਵੀ ਹਿੰਸਾ ਤੋਂ ਦੁਖੀ ਹਾਂ। ਹਿੰਸਾ ’ਚ ਸ਼ਾਮਲ ਲੋਕ ਸਾਡੇ ਦੇਸ਼ ਦੀ ਨੁਮਾਇੰਦਗੀ ਨਹੀਂ ਕਰਦੇ।’ ਇਸ ਦੌਰਾਨ ਮੀਡੀਆ ’ਚ ਇਹ ਖ਼ਬਰ ਆਈ ਕਿ ਟਰੰਪ ਖ਼ੁਦ ਨੂੰ ਮਾਫ਼ੀ ਦੇਣ ਬਾਰੇ ਆਪਣੇ ਸਹਿਯੋਗੀਆਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close