Punjab

ਪਵਿੱਤਰ ਵੇਈਂ ਵਿੱਚ ਗੰਦਾ ਪਾਣੀ ਪੈਣ ਨਾਲ ਮੱਛੀਆਂ ਮਰਨ ਲੱਗੀਆਂ, ਸਾਫ਼ ਪਾਣੀ ਬੰਦ ਕਰਨ ‘ਤੇ ਵੇਈਂ ‘ਚ ਆਕਸੀਜਨ ਘਟੀ

ਪ੍ਰਸ਼ਾਸ਼ਨ ਦੀ ਲਾਪ੍ਰਵਾਹੀ ਕਾਰਨ ਹਰ ਵਾਰ ਵਾਪਰਦੀ ਹੈ ਦੁਖਦਾਇਕ ਘਟਨਾ

ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਵਿੱਚ ਸੂਬਾ ਸਰਕਾਰ ਵੱਲੋਂ ਸਾਫ਼ ਪਾਣੀ ਬੰਦ ਕਰਨ ਕਰਕੇ ਮੱਛੀਆਂ ਮਰਨ ਲੱਗ ਪਈਆਂ ਹਨ। 17 ਮਾਰਚ ਤੋਂ ਵੇਈਂ ਵਿੱਚ ਸਾਫ਼ ਪਾਣੀ ਬੰਦ ਕੀਤੇ ਜਾਣ ਨਾਲ ਪਵਿੱਤਰ ਵੇਈਂ ਦਾ ਪਾਣੀ ਸੜਾਂਦ ਵੀ ਮਾਰਨ ਲੱਗ ਪਿਆ ਸੀ। ਗੁਰਦੁਆਰਾ ਬੇਰ ਸਾਹਿਬ ਦੇ ਨੇੜੇ ਵੇਈਂ ਵਿੱਚ ਸਭ ਤੋਂ ਵੱਧ ਮੱਛੀਆਂ ਮਰ ਰਹੀਆਂ ਹਨ। ਪੰਜਾਬ ਸਰਕਾਰ ਦੇ ਡਰੇਨਜ਼ ਵਿਭਾਗ ਦੀ ਲਾਪ੍ਰਵਾਹੀ ਦੇ ਚੱਲਦਿਆ ਹੁਣ ਤੱਕ ਪਵਿੱਤਰ ਵੇਈਂ ਵਿੱਚ ਹੁਣ ਤੱਕ ਕਈ ਵਾਰ ਮੱਛੀਆਂ ਚੁੱਕੀਆਂ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਵਿੱਤਰ ਵੇਈਂ ਵਿੱਚ ਗੰਦੇ ਪਾਣੀ ਪੈਣ ਤੋਂ ਰੋਕਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਇਆ ਹੈ। ਪਾਵਰਕੌਮ ਨੇ ਮੁਕੇਰੀਆ ਹਾਈਡਲ ਚੈਨਲ ਤੋਂ ਨਹਿਰ ਦੀ ਮੁਰੰਮਤ ਲਈ ਵੇਈਂ ਵਿੱਚ ਪੈ ਰਹੇ ਸਾਫ਼ ਪਾਣੀ ਨੂੰ 17 ਮਾਰਚ ਤੋਂ 30 ਅਪ੍ਰੈਲ ਤੱਕ ਘਟਾਉਣ ਦੇ ਲਿਖਤੀ ਹੁਕਮ ਜਾਰੀ ਕੀਤੇ ਹੋਏ ਹਨ।
ਇਸ ਪਵਿੱਤਰ ਵੇਈਂ ਦੀ ਕਾਰ ਸੇਵਾ ਕਰਵਾ ਰਹੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਵੇਈਂ ਵਿੱਚ 250 ਕਿਊਸਿਕ ਸਾਫ਼ ਪਾਣੀ ਛੱਡਣ ਬਾਰੇ ਬਕਾਇਦਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੋਇਆ ਹੈ। ਨਿਗਰਾਨ ਕਮੇਟੀ ਨੇ ਵੀ ਹਦਾਇਤਾਂ ਕੀਤੀਆਂ ਹੋਈਆਂ ਹਨ ਕਿ 250 ਕਿਊਸਿਕ ਸਾਫ਼ ਪਾਣੀ ਇਸ ਵਿੱਚ ਲਗਾਤਾਰ ਆਉਣਾ ਚਾਹੀਦਾ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕੀਸਨਅਨ ਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਤੇ ਉਹ ਮੌਕਾ ਵੀ ਦੇਖਣ ਆਏ ਸਨ। ਵੇਈਂ ਵਿੱਚ ਲਗਾਤਾਰ ਮਰ ਰਹੀਆਂ ਮੱਛੀਆਂ ਨੂੰ ਬਚਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਨ ਇੰਜੀਨੀਅਰ ਨੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਪੱਤਰ ਲਿਖਕੇ ਵੇਈਂ ਵਿੱਚ 300 ਕਿਊਸਿਕ ਪਾਣੀ ਤੁਰੰਤ ਛੱਡਣ ਲਈ ਹਦਾਇਤਾਂ ਕੀਤੀਆਂ ਹਨ।
ਸੰਤ ਸੀਚੇਵਾਲ ਨੇ ਕਿਹਾ ਕਿ  ਸਿੱਖ ਸੰਗਤਾਂ ਤਾਂ ਪਿਛਲੇ 21 ਸਾਲ ਤੋਂ ਸਿੱਖ ਧਰਮ ਦੀ ਇਸ ਧ੍ਰੋਹਰ ਨੂੰ ਬਚਾਉਣ ਵਿੱਚ ਲੱਗੀਆਂ ਹੋਈਆਂ ਹਨ ਪਰ  ਪ੍ਰਸ਼ਾਸ਼ਨ ਦੀ ਲਾਪ੍ਰਵਾਹੀ ਨਾਲ  ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਇਹ ਪਵਿੱਤਰ ਵੇਈਂ ਸਿੱਖ ਸੰਗਤਾਂ ਦੀ ਆਸਥਾ ਦਾ ਕੇਂਦਰ ਹੈ ਤੇ ਸੰਗਤਾਂ ਇਸ ਵਿੱਚ ਜਿੱਥੇ ਇਸ਼ਨਾਨ ਕਰਦੀਆਂ ਹਨ ਉਥੇ ਇਸ ਵਿੱਚੋ ਚੂਲ਼ੇ ਵੀ ਭਰਦੀਆਂ ਹਨ ਤੇ ਸ਼ਰਧਾਵਾਨ ਲੋਕ ਇਸ ਦਾ ਪਾਣੀ ਆਪਣੇ ਘਰਾਂ ਨੂੰ ਵੀ ਲੈਕੇ ਜਾਂਦੇ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਉਹ 2009 ਤੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਹਨ ਤੇ ਬਹੁਤ ਸਾਰੀਆਂ ਮੀਟਿੰਗਾਂ ਵਿੱਚ ਲਿਖਤੀ ਤੌਰ ‘ਤੇ ਪਵਿੱਤਰ ਵੇਈਂ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਦੱਸਦੇ ਰਹੇ ਹਨ ਪਰ ਅਜੇ ਵੀ ਇਸ ਵਿੱਚ ਪੈ ਰਹੇ ਗੰਦੇ ਪਾਣੀ ਨਹੀਂ ਰੋਕੇ ਗਏ ਜੋ ਸਿੱਖ ਸੰਗਤਾਂ ਦੀ ਧਾਰਮਿਕ ਆਸਥਾ ਨਾਲ ਸਿੱਧਾ ਖਿਲਵਾੜ ਹੈ। ਉਨ੍ਹਾਂ ਮੰਗ ਕੀਤੀ ਕਿ ਪਵਿੱਤਰ ਵੇਈਂ ਵਿੱਚ ਸਾਫ਼ ਪਾਣੀ ਬਿਨ੍ਹਾਂ ਦੇਰੀ ਦੇ ਛੱਡਿਆ ਜਾਵੇ ਤੇ ਵੇਈਂ ਵਿਚ ਪੈ ਰਹੇ ਗੰਦੇ ਪਾਣੀਆਂ ਦਾ ਵੀ ਪੁੱਖਤਾ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਮਰ ਰਹੇ ਜਲਚਰ ਜੀਵਾਂ ਨੂੰ ਬਚਾਇਆ ਜਾ ਸਕੇ।
Show More

Related Articles

Leave a Reply

Your email address will not be published. Required fields are marked *

Close