Canada

ਫੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਬੀ.ਸੀ. ਵਿਖੇ ਟਰੂਡੋ, ਪੋਲੀਵਰੇ ‘ਤੇ ਨੂੰ ਘੇਰਿਆ

ਫੈਡਰਲ ਐਨਡੀਪੀ ਆਗੂ ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲੰਮੇਂ ਹੱਥੀਂ ਲੈਂਦਿਆਂ ਆਖਿਆ ਕਿ ਕੈਨੇਡੀਅਨਜ਼ ਦੇ ਸੰਘਰਸ਼ ਨਾਲ ਉਨ੍ਹਾਂ ਨੂੰ ਕੋਈ ਵਾਹ ਵਾਸਤਾ ਨਹੀਂ ਰਿਹਾ। ਇਸ ਦੌਰਾਨ ਹੀ ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਬਾਰੇ ਗੱਲ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਉਹ ਸਿਰਫ ਆਮ ਲੋਕਾਂ ਦੀ ਕੇਅਰ ਕਰਨ ਦਾ ਦਿਖਾਵਾ ਕਰਦੇ ਹਨ।
ਬ੍ਰਿਟਿਸ਼ ਕੋਲੰਬੀਆ ਵਿੱਚ ਐਨਡੀਪੀ ਦੇ ਇਜਲਾਸ, ਜਿਸ ਵਿੱਚ 700 ਤੋਂ ਵੱਧ ਨੁਮਾਇੰਦਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ, ਵਿੱਚ ਜਗਮੀਤ ਸਿੰਘ ਨੇ ਆਪਣੇ ਦੋਵਾਂ ਮੁੱਖ ਸਿਆਸੀ ਵਿਰੋਧੀਆਂ ਉੱਤੇ ਜੰਮ ਕੇ ਨਜ਼ਲਾ ਝਾੜਿਆ। ਲਿਬਰਲਾਂ ਦੀ ਘੱਟ ਗਿ਼ਣਤੀ ਸਰਕਾਰ ਨਾਲ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਕਰਨ ਵਾਲੇ ਜਗਮੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਟਰੂਡੋ ਸਰਕਾਰ ਨੂੰ ਬੜਾ ਨੇੜਿਓਂ ਵੇਖਿਆ ਸਮਝਿਆ ਹੈ। ਉਨ੍ਹਾਂ ਆਖਿਆ ਕਿ ਉਹ ਕਹਿਣਾ ਨਹੀਂ ਚਾਹੁੰਦੇ ਪਰ ਆਖੇ ਬਿਨਾਂ ਰਹਿ ਵੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਇੱਕ ਐਮਪੀ ਨੇ ਇੱਥੋਂ ਤੱਕ ਆਖ ਦਿੱਤਾ ਕਿ ਲਿਬਰਲਾਂ ਨਾਲ ਰਲ ਕੇ ਕੰਮ ਕਰਨ ਦਾ ਮਤਲਬ ਹੈ ਅਜਿਹੀਆਂ ਈਲਜ਼ ਨਾਲ ਕੁਸ਼ਤੀ ਕਰਨਾ ਜਿਹੜੀਆਂ ਤੇਲ ਵਿੱਚ ਗੜੁੱਚ ਹੋਣ।
ਜਗਮੀਤ ਸਿੰਘ ਨੇ ਆਖਿਆ ਕਿ ਲਿਬਰਲ ਮੁੱਦਿਆਂ ਨਾਲ ਮੱਥਾ ਲਾ ਕੇ ਉਨ੍ਹਾਂ ਨੂੰ ਹੱਲ ਕਰਨ ਦੀ ਥਾਂ ਉਨ੍ਹਾਂ ਤੋਂ ਦੂਰ ਭੱਜਣ ਦੀ ਕੋਸਿ਼ਸ਼ ਕਰਦੇ ਰਹਿੰਦੇ ਹਨ। ਲਿਬਰਲਾਂ ਨੂੰ ਇਹੋ ਨਹੀਂ ਪਤਾ ਕਿ ਜਨਤਾ ਦੇ ਅਸਲ ਮਸਲੇ ਕੀ ਹਨ ਤੇ ਉਹ ਹਰ ਕੰਮ ਵਿੱਚ ਦੇਰ ਕਰਕੇ ਸਾਰਿਆਂ ਨੂੰ ਨਿਰਾਸ਼ ਕਰਦੇ ਹਨ। ਟਰੂਡੋ ਨੂੰ ਉਸ ਸਮੇਂ ਲੋਕਾਂ ਦੇ ਮਸਲਿਆਂ ਦਾ ਚੇਤਾ ਆਉਂਦਾ ਹੈ ਜਦੋਂ ਉਨ੍ਹਾਂ ਨੂੰ ਧੱਕੇ ਨਾਲ ਉਨ੍ਹਾਂ ਮੁੱਦਿਆਂ ਉੱਤੇ ਕੰਮ ਕਰਨ ਲਈ ਆਖਿਆ ਜਾਂਦਾ ਹੈ ਤੇ ਜਾਂ ਜਦੋਂ ਉਨ੍ਹਾਂ ਦਾ ਸਿਆਸੀ ਭਵਿੱਖ ਖਤਰੇ ਵਿੱਚ ਹੁੰਦਾ ਹੈ।
ਇਸੇ ਤਰ੍ਹਾਂ ਪੌਲੀਏਵਰ ਦੀ ਗੱਲ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਉਹ ਇਹ ਆਖਦੇ ਫਿਰ ਰਹੇ ਹਨ ਕਿ ਉਹ ਆਮ ਕੈਨੇਡੀਅਨਜ਼, ਜਿਹੜੇ ਅਫੋਰਡੇਬਿਲਿਟੀ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਦੀ ਮਦਦ ਕਰਨੀ ਚਾਹੁੰਦੇ ਹਨ ਪਰ ਕੰਜ਼ਰਵੇਟਿਵ ਅਸਲ ਵਿੱਚ ਪਬਲਿਕ ਸਰਵਿਸਿਜ਼ ਉੱਤੇ ਕੱਟ ਲਾਉਣ ਲਈ ਜਾਣੇ ਜਾਂਦੇ ਹਨ। ਪੌਲੀਏਵਰ ਦੇ ਇਹ ਸਾਰੇ ਢਕਵੰਜ ਹਨ ਤੇ ਜੇ ਉਹ ਸੱਤਾ ਉੱਤੇ ਕਾਬਜ ਹੁੰਦੇ ਹਨ ਤਾਂ ਉਹ ਲੋਕਾਂ ਦੀ ਜਿ਼ੰਦਗੀ ਹੋਰ ਵੀ ਮੁਸ਼ਕਲ ਕਰ ਦੇਣਗੇ। ਪੌਲੀਏਵਰ ਹਮੇਸ਼ਾਂ ਵਰਕਿੰਗ ਲੋਕਾਂ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਅਮੀਰ ਸੀਈਓਜ਼ ਦੀ ਗੱਲ ਕਰਦਿਆਂ ਕਦੇ ਨਹੀਂ ਸੁਣਿਆ ਗਿਆ।

Show More

Related Articles

Leave a Reply

Your email address will not be published. Required fields are marked *

Close