International

ਯੂਕ੍ਰੇਨ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਕਰਟ ਵੋਲਕਰ ਨੇ ਦਿੱਤਾ ਅਸਤੀਫ਼ਾ

ਵਾਸ਼ਿੰਗਟਨ  : ਯੂਕ੍ਰੇਨ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਕਰਟ ਵੋਲਕਰ ਨੇ ਅਸਤੀਫ਼ਾ ਦੇ ਦਿੱਤਾ ਹੈ। ਅਮਰੀਕਾ ਦੀ ਇਕ ਸੰਸਦੀ ਕਮੇਟੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਮਹਾਦੋਸ਼ ਚਲਾਉਣ ਦੀ ਜਾਂਚ ਦੇ ਮਾਮਲੇ ‘ਚ ਉਨ੍ਹਾਂ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਟਰੰਪ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਰਾਸ਼ਟਰਪਤੀ ਚੋਣਾਂ ‘ਚ ਆਪਣੇ ਸੰਭਾਵੀ ਡੈਮੋਕ੍ਰੇਟ ਵਿਰੋਧੀ ਜੋ ਬਿਡੇਨ ਨੂੰ ਬਦਨਾਮ ਕਰਨ ਲਈ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜੇਲੇਂਸਕੀ ‘ਤੇ ਦਬਾਅ ਬਣਾਇਆ ਸੀ। ਟਰੰਪ ਨੇ ਜੇਲੇਂਸਕੀ ਨਾਲ ਬੀਤੀ 25 ਜੁਲਾਈ ਨੂੰ ਫੋਨ ‘ਤੇ ਗੱਲਬਾਤ ‘ਚ ਬਿਡੇਨ ਖ਼ਿਲਾਫ਼ ਭਿ੍ਸ਼ਟਾਚਾਰ ਮਾਮਲੇ ‘ਚ ਜਾਂਚ ਸ਼ੁਰੂ ਕਰਨ ਲਈ ਦਬਾਅ ਬਣਾਇਆ ਸੀ। ਟਰੰਪ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸ ਮਾਮਲੇ ‘ਚ ਵੋਲਕਰ ਦਾ ਵੀ ਨਾਂ ਆਇਆ ਹੈ।

ਜਾਂਚ ਮਾਮਲੇ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਸੰਸਦੀ ਕਮੇਟੀ ਵੱਲੋਂ ਤਲਬ ਕੀਤੇ ਜਾਣ ‘ਤੇ ਵੋਲਕਰ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਟਰੰਪ ਮਾਮਲੇ ਦੀ ਜਾਂਚ ਕਰ ਰਹੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਇਕ ਕਮੇਟੀ ਨੇ ਵੋਲਕਰ ਨੂੰ ਵੀਰਵਾਰ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਹੇਠਲੇ ਸਦਨ ਦੀ ਸਪੀਕਰ ਨੈਂਸੀ ਪੇਲੋਸੀ ਨੇ ਬੀਤੇ ਮੰਗਲਵਾਰ ਨੂੰ ਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਲਈ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸ ਸਦਨ ‘ਚ ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਬਹੁਮਤ ‘ਚ ਹਨ। ਟਰੰਪ ‘ਤੇ ਲਗਾਏ ਗਏ ਦੋਸ਼ਾਂ ਮੁਤਾਬਕ, ਵੋਲਕਰ ਨੇ ਇਸ ਗੱਲ ਨੂੰ ਲੈ ਕੇ ਯੂੁਕ੍ਰੇਨ ਦੇ ਕਈ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ ਕਿ ਟਰੰਪ ਦੀ ਮੰਗ ਨੂੰ ਕਿਸ ਤਰ੍ਹਾਂ ਅਮਲ ‘ਚ ਲਿਆਂਦਾ ਜਾਵੇ। ਟਰੰਪ ਪ੍ਰਸ਼ਾਸਨ ਨੇ 2017 ‘ਚ ਵੋਲਕਰ ਨੂੰ ਯੂਕ੍ਰੇਨ ਮਾਮਲੇ ‘ਚ ਅਮਰੀਕੀ ਨੀਤੀ ਦਾ ਮੁਖੀ ਨਿਯੁਕਤ ਕੀਤਾ ਸੀ।

Show More

Related Articles

Leave a Reply

Your email address will not be published. Required fields are marked *

Close