Canada

ਗੈਰ-ਕਾਨੂੰਨੀ ਲਾਂਘਾ ਕਰਾਂਗੇ ਬੰਦ : ਸ਼ੀਅਰ

ਕਿਊਬਿਕ:- ਕੰਜ਼ਰਵੇਟਿਵ ਆਗੂ ਐਂਡਰੂ ਸ਼ੀਅਰ ਨੇ ਗੈਰ ਕਾਨੂੰਨੀ ਬਾਰਡਰ ਲਾਂਘਾ ਬੰਦ ਕਰਨ ਦਾ ਵਾਅਦਾ ਕੀਤਾ ਹੈ ਜਿਸ ਰਾਹੀਂ ਅਮਰੀਕਾ ਤੋਂ ਗੈਰ ਕਾਨੂੰਨੀ ਢੰਗ ਨਾਲ 60 ਹਜ਼ਾਰ ਦੇ ਕਰੀਬ ਵਿਦੇਸ਼ੀ ਕੈਨੇਡਾ ਆ ਕੇ ਰਫੂਜੀ ਕਲੇਮ ਫਾਈਲ ਕਰ ਚੁੱਕੇ ਹਨ ਅਤੇ ਹੋਰ ਆ ਰਹੇ ਹਨ। ਇਹਨਾਂ ਗੈਰ ਕਾਨੂੰਨੀਆਂ ਦੀ ਕੈਨੇਡਾ ਨੂੰ ਆਮਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ‘ਵੈਲਕਮ ਟੂ ਕੈਨੇਡਾ’ ਦੀ ਮੂਰਖਤਾ ਭਰੀ ਟਵੀਟ ਨਾਲ ਹੋਇਆ ਸੀ। ਪਹਿਲਾਂ ਅਮਰੀਕਾ ਵਿੱਚ ਰਹਿ ਰਹੇ ਗੈਰ ਕਾਨੂੰਨੀ ਕੈਨੇਡਾ ਵੱਲ ਉਲਾਰ ਹੋਏ ਸਨ ਅਤੇ ਹੁਣ ਸਾਰੀ ਦੁਨੀਆਂ ਤੋਂ ਹਿਊਮਿਨ ਸਮਗਲਰ ਅਤੇ ਏਜੰਟ ਹਜ਼ਾਰਾਂ ਲੋਕਾਂ ਨੂੰ ਅਮਰੀਕਾ ਲਿਆ ਕੇ ਉਹਨਾਂ ਨੂੰ ਕੈਨੇਡਾ ਦਾ ਬਾਰਡਰ ਟਪਾ ਰਹੇ ਹਨ।

ਇੱਕ ਪਾਸੇ ਸਮਗਲਰ ਮੋਟੀ ਕਮਾਈ ਰ ਰਹੇ ਹਨ ਅਤੇ ਦੂਜੇ ਪਾਸੇ ਇਹ ਗੈਰ ਕਾਨੂੰਨੀ ਕਨੇਡੀਅਨ ਲੋਕਾਂ ‘ਤੇ ਵੱਡਾ ਭਾਰ ਬਣਦੇ ਜਾ ਰਹੇ ਹਨ। ਟਰੂਡੋ ਸਰਕਾਰ ਇਹਨਾ ਨਾਲ ਹੋਟਲ, ਮੋਟਲ ਅਤੇ ਬੇਘਰਿਆਂ ਲਈ ਬਣੇ ਘਰ ਭਰੀ ਜਾ ਰਹੀ ਹੈ ਤੇ ਇਹਨਾਂ ਨੂੰ ਮੋਟੀ ਵੈਲਫੇਅਰ ਦੇ ਨਾਲ ਨਾਲ ਸਾਰੀਆਂ ਸਿਹਤ ਸਹੂਲਤਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ ਜਿਹਨਾਂ ਵਿੱਚ ਡੈਂਟਲ ਡਾਕਟਰੀ ਸਹੂਲਤ ਵੀ ਸ਼ਾਮਲ ਹੈ ਜੋ ਕਨੇਡੀਅਨ ਲੋਕਾਂ ਨੂੰ ਵੀ ਸਰਕਾਰੀ ਖਾਤੇ ਵਿਚੋਂ ਨਹੀਂ ਮਿਲਦੀ।

ਸ਼ੀਅਰ ਨੇ 9 ਅਕਤੂਬਰ ਦਿਨ ਬੁੱਧਵਾਰ ਕਿਬੈੱਕ ਵਿੱਚ ਅਮਰੀਕਾ ਦੇ ਬਾਰਡਰ ‘ਤੇ ਪ੍ਰੈਸ ਕਾਨਫਰੰਸ ਕਰਕੇ ਵਅਦਾ ਕੀਤਾ ਕਿ ਅਗਰ 21 ਤਰੀਕ ਨੂੰ ਉਹ ਚੋਣ ਜਿੱਤ ਜਾਂਦੇ ਹਨ ਤਾਂ ਸਰਕਾਰ ਬਣਾ ਕਿ ਇਸ ਗੈਰ ਕਾਨੂੰਨੀ ਲਾਂਘੇ ਨੂੰ ਬੰਦ ਕਰ ਦੇਣਗੇ ਤਾਂਕਿ ਕੈਨੇਡਾ ਦੇ ਇਮੀਗਰੇਸ਼ਨ ਸਿਸਟਮ ਵਿੱਚ ਲੋਕਾਂ ਦਾ ਵਿਸ਼ਵਾਸ ਬਹਾਲ ਹੋ ਸਕੇ। ਉਹਨਾਂ ਨੇ ਇਸ ਨੂੰ ‘ਫੇਅਰ ਇਮੀਗਰੇਸ਼ਨ’ ਦਾ ਨਾਮ ਦਿੱਤਾ। ਯਾਦ ਰਹੇ ਟਰੂਡੋ ਦੇ ਰਾਜ ਵਿੱਚ ਕਈ ਕਿਸਮ ਦਾ ਇਮੀਗਰੇਸ਼ਨ ਫਰਾਡ ਹੱਦਾਂ ਟੱਪ ਗਿਆ ਹੈ ਅਤੇ ਕਾਨੂੰਨੀ ਢੰਗ ਨਾਲ ਸੱਚ ਬੋਲ ਕੇ ਵੀਜ਼ਾ ਲੈਣ ਦੀ ਕੋਸ਼ਿਸ਼ ਕਰਨਾ ਘਾਟੇ ਵਾਲਾ ਸੌਦਾ ਬਣ ਗਿਆ ਹੈ। ਲੋਕ ਕਾਨੂੰਨੀ ਡੰਗ ਨਾਲ ਆਪਣੇ ਮਾਪੇ ਸੱਦਣ ਨੂੰ ਤਰਸਦੇ ਹਨ ਪਰ ਆਰਜ਼ੀ ਸਟੇਅ ਵਾਲੇ ਲੋਕ ਬਿਨਾਂ ਸਖ਼ਤ ਸ਼ਰਤਾਂ ਪੂਰੀਆਂ ਕਰਨ ਦੇ ਆਪਣੇ ਮਾਪੇ ਝੱਟ ਸੱਦ ਲੈਂਦੇ ਹਨ ਅਤੇ ਉਹਨਾਂ ਨੂੰ ਕੈਸ਼ ਤਨਖਾਹ ‘ਤੇ ਕੰਮ ਕਰਨ ਲਗਾ ਦਿੰਦੇ ਹਨ।

ਕਿਬੈੱਕ ਵਿੱਚ ਰੌਕਸਹਾਮ ਰੋਡ ਦੇ ਗੈਰ ਕਾਨੂੰਨੀ ਲਾਂਘੇ ਵਿਖੇ ਪ੍ਰੈਸ ਕਾਨਫਰੰਸ ਵਿੱਚ ਸ਼ੀਅਰ ਨੇ ਕਿਹਾ ਕਿ ਉਸ ਦੀ ਸਰਕਾਰ ਕਾਨੂੰਨ ਦੀ ਉਹ ਖਾਮੀ ਦੂਰ ਕਰ ਦੇਣਗੇ ਜਿਸ ਦੇ ਬਹਾਨੇ ਹੇਠ ਇਹਨਾਂ ਲੋਕਾਂ ਨੂੰ ਕੈਨੇਡਾ ਵੜ੍ਹਨ ਤੋਂ ਰੋਕਿਆ ਨਹੀਂ ਜਾ ਰਿਹਾ। ਸ਼ੀਅਰ ਨੇ ਕਿਹਾ ਕਿ ਅਗਰ ਸਾਰੇ ਲੋਕ ਨਿਯਮਾਂ ਦੀ ਪਾਲਣਾ ਕਰਨ ਤਾਂ ਇਹ ਸੱਭ ਵਾਸਤੇ ਅਤੇ ਦੇਸ਼ ਵਾਸਤੇ ਚੰਗਾ ਹੈ। ਸੀਬੀਸੀ ਦੀ ਰਪੋਰਟ ਮੁਤਾਬਿਕ ਇਸ ਲਾਂਗੇ ਰਾਹੀਂ ਕੈਨੇਡਾ ਆਉਣ ਵਾਲੇ ਲੋਕ ਅਮਰੀਕਾ ਵਿੱਚ ਪੁੱਜਦੇ ਸਾਰ ਹੀ ਕੈਨੇਡਾ ਵੱਲ ਆ ਜਾਂਦੇ ਹਨ ਅਤੇ ਉਹਨਾਂ ਦੇ ਨਵੇਂ ਸੂਟ ਕੇਸਾਂ ‘ਤੇ ਏਅਰ ਲਾਈਨਾਂ ਦੇ ਸਟਿਕਰ ਵੀ ਲੱਗੇ ਹੋਏ ਹੁੰਦੇ ਹਨ।

ਕੈਨੇਡਾ ਦਾ ਅਮਰੀਕਾ ਨਾਲ ‘ਸੇਫ ਥਰਡ ਕੰਟਰੀ’ ਸਮਝੌਤਾ ਹੈ ਜਿਸ ਹੇਠ ਅਮਰੀਕਾ ਲੋਕ ਕੈਨੇਡਾ ਵਿੱਚ ਆ ਕੇ ਰਫੂਜੀ ਅਪਲਾਈ ਨਹੀਂ ਕਰ ਸਕਦੇ ਅਤੇ ਕੈਨੇਡਾ ਆਏ ਲੋਕ ਅਮਰੀਕਾ ਜਾ ਕੇ ਰਫਜੀ ਅਪਲਾਈ ਨਹੀਂ ਕਰ ਸਕਦੇ।

ਯਾਂ ਕ੍ਰਿਤੀਆਂ ਦੀ ਲਿਬਰਲ ਸਰਕਾਰ ਨੂੰ ਵੀ ਅਜੇਹੀ ਹਾਲਤ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਪ੍ਰਧਾਨ ਮੰਤਰੀ ਨੇ ਡਿਪਟੀ ਪ੍ਰਧਾਨ ਮੰਤਰੀ ਜੌਹਨ ਮੈਨਲੇ ਨੂੰ ਇਹ ਰੋਕਣ ਵਾਸਤੇ ਅਮਰੀਕਾ ਭੇਜਿਆ ਸੀ। ਮੈਨਲੇ ਨੇ ਬੁਸ਼ ਦੀ ਪ੍ਰਧਾਨਗੀ ਸਮੇਂ ਅਮਰੀਕੀ ਅਧਿਕਾਰੀ ਟਿਮ ਰਿੱਜ ਨਾਲ ਗੱਲਬਾਤ ਕਰਕੇ ਇਸ ਨੂੰ ਰੋਕਿਆ ਸੀ।

ਸ਼ੀਅਰ ਨੇ ਚਿੰਤਾ ਪ੍ਰਗਟ ਕੀਤੀ ਕਿ ਇਸ ਗੈਰ ਕਾਨੂੰਨੀ ਰਸਤੇ ਕਰੀਮੀਨਲ ਅਤੇ ਸਮਾਜ ਵਿਰੋਧੀ ਅੰਸਰ ਵੀ ਕੈਨੇਡਾ ਆ ਸਕਦੇ ਹਨ। ਟਰੂਡੋ ਦੀ ਇਸ ਢਿੱਲੀ ਨੀਤੀ ਕਾਰਨ ਕਈ ਲੋਕ ਅਮਰੀਕਾ ਵਿੱਚ ਰਫੂਜੀ ਅਪਲਾਈ ਕਰਨ ਪਿੱਛੋਂ ਵੀ ਕੈਨੇਡਾ ਆ ਵੜ੍ਹਦੇ ਹਨ। ਇਸ ਨੂੰ ਰਫੂਜੀ ਸ਼ਾਪਿੰਗ ਵੀ ਆਖਦੇ ਹਨ। ਸ਼ੀਅਰ ਇਸ ਨੂੰ ਰੋਕਣ ਵਾਸਤੇ ਅਮਰੀਕਾ ਨਾਲ ‘ਸੇਫ਼ ਥਰਡ ਕੰਟਰੀ’ ਸਮਝੌਤੇ ਵਿੱਚ ਤਬਦੀਲੀ ਕਰਨਗੇ ਜਿਸ ਨਾਲ ਗੈਰ ਕਾਨੂੰਨੀ ਲਾਂਘਾ ਵੀ ਟੱਪਿਆ ਨਹੀਂ ਜਾ ਸਕੇਗਾ। ਲਿਬਰਲਾਂ ਅਤੇ ਲਿਬਰਲ ਮੀਡੀਆ ਨੇ ਇਮੀਗਰੇਸ਼ਨ ਨੀਤੀ ‘ਤੇ ਵਿਚਾਰ ਵਟਾਂਦਰਾ ਵੀ ਬੰਦ ਕੀਤਾ ਹੋਇਆ ਹੈ ਅਗਰ ਕੋਈ ਇਸ ਬਾਰੇ ਗੱਲ ਕਰਦਾ ਹੈ ਤਾਂ ਉਸ ਨੂੰ ਨਸਲਵਾਦੀ ਕਹਿ ਕੇ ਭੰਡਿਆ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਆਪਣੇ ਆਦੀਵਾਸੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਨਹੀਂ ਦੇ ਸਕੀ ਪਰ ਇਹਨਾਂ ਗੈਰ ਕਾਨੂੰਨੀਆਂ ‘ਤੇ ਬਿਲੀਅਨਜ਼ ਡਾਲਰ ਖਰਚੇ ਜਾ ਰਹੇ ਹਨ। ਕੈਨੇਡਾ ਸਰਕਾਰ ਸਿਰ $690 ਬਿਲੀਅਨ ਦੇ ਕਰੀਬ ਕਰਜ਼ਾ ਹੈ ਜੋ ਹੋਰ ਵਧਦਾ ਹੀ ਜਾ ਰਿਹਾ ਹੈ ਅਤੇ ਇਸ ਕਰਜ਼ੇ ਦਾ ਵਿਆਜ਼ ਹਰ ਸਾਲ ਹੁਣ $26.2 ਬਿਲੀਅਨ ਬਣਦਾ ਹੈ ਪਰ ਲਿਬਰਲਾਂ ਨੂੰ ਪ੍ਰਵਾਹ ਨਹੀਂ ਹੈ।

Show More

Related Articles

Leave a Reply

Your email address will not be published. Required fields are marked *

Close