Canada

ਮਹਿੰਗਾਈ ਦੇ ਮੁੱਦੇ ਉੱਤੇ ਹਾਊਸ ਵਿੱਚ ਬਹਿਸ ਕਰਵਾਉਣ ਦੀ ਕੰਜ਼ਰਵੇਟਿਵਾਂ ਦੀ ਇੱਛਾ ਪੂਰੀ ਨਹੀਂ ਹੋ ਸਕੀ

ਓਟਵਾ,- ਗਰਮੀਆਂ ਦੀਆਂ ਛੁੱਟੀਆਂ ਲਈ ਹਾਊਸ ਆਫ ਕਾਮਨਜ਼ ਦੇ ਉੱਠਣ ਤੋਂ ਪਹਿਲਾਂ ਮਹਿੰਗਾਈ ਦੇ ਮੁੱਦੇ ਉੱਤੇ ਐਮਰਜੰਸੀ ਬਹਿਸ ਕਰਵਾਉਣ ਦੀ ਚਾਹਵਾਨ ਕੰਜ਼ਰਵੇਟਿਵ ਪਾਰਟੀ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ।
ਇਸ ਬਹਿਸ ਲਈ ਹਾਊਸ ਸਪੀਕਰ ਸਾਹਮਣੇ ਬੇਨਤੀ ਕਰਨ ਤੋਂ ਬਾਅਦ ਕੰਜ਼ਰਵੇਟਿਵ ਐਮਪੀ ਤੇ ਵਿੱਤ ਅਤੇ ਹਾਊਸਿੰਗ ਇਨਫਲੇਸ਼ਨ ਕ੍ਰਿਟਿਕ ਡੈਨ ਐਲਬਸ ਆਪਣੇ ਪ੍ਰਸਤਾਵ ਬਾਰੇ ਗੱਲ ਕਰਨ ਤੇ ਇਹ ਦੱਸਣ ਲਈ ਚੇਂਬਰ ਵਿੱਚ ਮੌਜੂਦ ਨਹੀਂ ਸਨ ਕਿ ਇਸ ਦੀ ਲੋੜ ਕਿਉਂ ਹੈ। ਇਸ ਮਗਰੋਂ ਕੰਜ਼ਰਵੇਟਿਵ ਹਾਊਸ ਲੀਡਰ ਜੌਹਨ ਬ੍ਰਸਾਰਡ ਨੇ ਇਸ ਬਹਿਸ ਲਈ ਸਾਰਿਆਂ ਦੀ ਰਜ਼ਾਮੰਦੀ ਮੰਗੀ ਪਰ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ ਗਿਆ।
ਜਿ਼ਕਰਯੋਗ ਹੈ ਕਿ ਪਿਛਲੇ ਮਹੀਨੇ ਕੰਜਿ਼ਊਮਰ ਪ੍ਰਾਈਸ ਇੰਡੈਕਸ (ਸੀਪੀਆਈ) ਸਾਲਾਨਾ ਦਰ ਉੱਤੇ ਵੱਧ ਗਿਆ। ਅਜਿਹਾ ਜਨਵਰੀ 1983 ਤੋਂ ਕਦੇ ਵੇਖਣ ਨੂੰ ਨਹੀਂ ਮਿਲਿਆ।
ਬੁੱਧਵਾਰ ਨੂੰ ਕਾਕਸ ਮੀਟਿੰਗ ਤੋਂ ਪਹਿਲਾਂ ਕੰਜ਼ਰਵੇਟਿਵ ਹਾਊਸ ਲੀਡਰ ਜੌਹਨ ਬ੍ਰਸਾਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪਾਰਟੀ ਹਾਊਸ ਸਪੀਕਰ ਨੂੰ ਚਿੰਤਾ ਦੇ ਤਿੰਨ ਮੁੱਦਿਆਂ ਉੱਤੇ ਬਹਿਸ ਕਰਵਾਉਣ ਲਈ ਆਖ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਰਹਿਣ ਸਹਿਣ ਲਈ ਵਧਿਆ ਖਰਚਾ ਹੈ। ਉਨ੍ਹਾਂ ਆਖਿਆ ਕਿ ਲਿਬਰਲ ਸਰਕਾਰ ਇਸ ਤਰ੍ਹਾਂ ਦੇ ਅਹਿਮ ਮੁੱਦਿਆਂ ਨੂੰ ਛੱਡ ਕੇ ਹਾਈਬ੍ਰਿਡ ਸੈਸ਼ਨ ਕਰਵਾਉਣ ਜਾਂ ਨਾ ਕਰਵਾਉਣ ਦੀ ਗੱਲ ਕਰਕੇ ਸਾਰਿਆਂ ਦਾ ਧਿਆਨ ਭਟਕਾ ਰਹੀ ਹੈ ਜਦਕਿ ਕੰਜ਼ਰਵੇਟਿਵ ਇਸ ਤਰ੍ਹਾਂ ਦੇ ਅਹਿਮ ਮੁੱਦਿਆਂ ਉੱਤੇ ਪਾਰਲੀਆਮੈਂਟ ਵਿੱਚ ਬਹਿਸ ਕਰਵਾਉਣ ਦੀ ਮੰਗ ਕਰ ਰਹੀ ਹੈ।ਉਨ੍ਹਾਂ ਆਖਿਆ ਕਿ ਦੇਰ ਹੋਣ ਤੋਂ ਪਹਿਲਾਂ ਅਜਿਹੇ ਮੁੱਦਿਆਂ ਵੱਲ ਫੌਰੀ ਧਿਆਨ ਦੇਣ ਦੀ ਲੋੜ ਹੈ।
ਉਨ੍ਹਾਂ ਆਖਿਆ ਕਿ ਇਸ ਤੋਂ ਇਲਾਵਾ ਉਹ ਪਾਸਪੋਰਟ ਵਿੱਚ ਹੋਣ ਵਾਲੀ ਦੇਰ ਤੇ ਨੋਵਾ ਸਕੋਸ਼ੀਆ ਮਾਸ ਸ਼ੂਟਿੰਗ ਦੇ ਮਾਮਲੇ ਵਿੱਚ ਆਰਸੀਐਮਪੀ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚ ਸਿਆਸੀ ਦਖਲਅੰਦਾਜ਼ੀ ਦੇ ਮਾਮਲਿਆਂ ਉੱਤੇ ਵੀ ਬਹਿਸ ਕਰਵਾਉਣੀ ਚਾਹੁੰਦੇ ਹਨ।ਬੁੱਧਵਾਰ ਨੂੰ ਸਟੈਟੇਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਆਖਿਆ ਗਿਆ ਕਿ ਮਈ ਵਿੱਚ ਸੀਪੀਆਈ ਇੱਕ ਸਾਲ ਪਹਿਲਾਂ ਨਾਲੋਂ 7·7 ਫੀ ਸਦੀ ਵੱਧ ਗਿਆ। ਅਜਿਹਾ ਗੈਸ ਦੀਆਂ ਉੱਚੀਆਂ ਕੀਮਤਾਂ ਕਾਰਨ ਹੋਇਆ।

Show More

Related Articles

Leave a Reply

Your email address will not be published. Required fields are marked *

Close